ਵਿੱਚ ਉੱਤਰੇ ਹੋਏ ਸਨ, ਉਸ ਵੇਲੇ ਉਹਨਾਂ ਨੇ ਇੱਕ ਦਿਨ ਭਾਈ ਰੂਪੇ ਦੇ ਪਿੰਡ ਤਕੋਲਾਨੀ ਪੁੱਜ ਕੇ ਉਸ ਨੂੰ ਨਿਹਾਲ ਕੀਤਾ। ਉਸੇ ਵੇਲੇ ਉਸ ਥਾਂ ਤੋਂ ੪ ਕੋਹ ਦੇ ਫਾਸਲੇ ਤੇ ਬੜਾ ਸੋਹਣਾ ਤੇ ਸਰਸਬਜ਼ ਅਸਥਾਨ ਵੇਖ ਕੇ ਗੁਰੂ ਸਾਹਿਬ ਨੇ ਭਾਈ ਰੂਪੇ ਦੇ ਹਥੋਂ ਪਿੰਡ ਰੂਪੇ ਦੀ ਨੀਉਂ ਰਖੀ ਸੀ ਤੇ ਫਿਰ ਉਸ ਪਿੰਡ ਨੂੰ ਵਸਾਉਣ ਵਿੱਚ ਸਹਾਇਤਾ ਕਰਦੇ ਰਹੇ। ਇਸ ਕਰ ਕੇ ਇਸ ਪਿੰਡ ਦਾ ਨਾਮ ਭਾਈ ਰੂਪਾ ਪ੍ਰਸਿਧ ਹੈ। ਸ਼ਾਹ ਜਹਾਨ ਬਾਦਸ਼ਾਹ ੧੬੯੬ ਬਿਕਰਮੀ ਵਿੱਚ ਤਖ਼ਤ ਤੇ ਬੈਠਾ ਸੀ। ਇੱਕ ਪ੍ਰਚੀ ਜੋ ਮਾਮਲਾ ਦੇਣ ਵਾਲੇ ਨੂੰ ਸ਼ਾਹੀ ਦਫ਼ਤਰੋਂ ਮਿਲਿਆ ਕਰਦੀ ਹੈ, ਭਾਈ ਰੂਪੇ ਦਾ ਮਾਮਲਾ ਦਾਖਲ ਕਰਨਾ ਸਾਬਤ ਹੈ, ਇਸੇ ਕਰ ਕੇ ਭਾਈ ਸਾਹਿਬ ਦੀ ਸੰਤਾਨ ਪਾਸ ਉਸ ਪਿੰਡ ਵਿੱਚ ੨੬੮ ਹੱਲਾਂ ਦੀ ਜ਼ਮੀਨ ਮਾਫ਼ ਹੈ ਤੇ ੧੭੭ ਹਲਾਂ ਦੀ ਜਮੀਨ ਤੇ ਹਮੇਸ਼ਾਂ ਦਾ ਕਬਜ਼ਾ ਹੈ। ਮਲੂਮ ਹੁੰਦਾ ਹੈ ਕਿ ਰਾਜਾਨ ਫੂਲ ਦੀ ਹਕੂਮਤ ਕਾਇਮ ਹੋਣ ਤੇ ਇਸ ਪਿੰਡ ਤੇ ਵੀ ਉਹਨਾਂ ਦੀ ਹਕੂਮਤ ਹੋ ਗਈ ਸੀ, ਜੋ ਲਿਖਣ ਵਾਲਿਆਂ ਨੂੰ ਧੋਖਾ ਲਗਾ ਹੈ। ਸਰਦਾਰ ਰਾਮ ਸਿੰਘ* ਨੇ ਜ਼ੋਰ ਫੜ ਕੇ ਕੌਮ ਭੱਟੀ ਤੇ ਪਚਾਦਿਆਂ ਨੂੰ ਡੰਡ ਦਿੱਤਾ ਜੋ ਕਿ ਇਸ ਇਲਾਕੇ ਵਿੱਚ ਡਾਕੇ ਮਾਰਦੇ ਰਹਿੰਦੇ ਸੀ ਤੇ ਪ੍ਰਜਾ ਦਾ ਮਾਲ ਜ਼ੋਰੋ ਜ਼ੋਰੀ ਖੋਹ ਲੈਂਦੇ ਸੀ। ਇਹ ਭੱਟੀ ਰਾਜਪੂਤ ਹਿੰਦੂ ਸਨ, ਕਿੰਤੂ ਇਨ੍ਹਾਂ ਮੁਸਲਮਾਨ ਹੋ ਕੇ ਹਿੰਦੂਆਂ ਨੂੰ ਲੁੱਟਣਾ ਪੁੱਟਣਾ ਆਪਣਾ ਫਰਜ਼ ਬਣਾ ਲਿਆ ਸੀ। ਹਸਨ ਖਾਂ ਭੱਟੀ ਆਪਣੀ ਕੌਮ ਦਾ ਸਰਦਾਰ ਸੀ। ਸਰਦਾਰ ਰਾਮ ਸਿੰਘ ਨੇ ਇਸ ਨੂੰ ਝੰਡੂ ਦੇ ਪਿੰਡ ਪਾਸ ਆ ਘੇਰਿਆ। ਉਸ ਵੇਲੇ ਇਹ ਸਮਾਨੇ ਦੇ ਇਲਾਕੇ ਨੂੰ ਲੁੱਟ ਕੇ ਆ ਰਿਹਾ ਸੀ। ਭਾਰੀ ਲੜਾਈ ਹੋਈ, ਜਿਸ ਵਿੱਚ ਹਸਨ ਖਾਂ ਨੂੰ ਸ਼ਕਸਤ ਦੇ ਕੇ ਸਰਦਾਰ ਰਾਮ ਸਿੰਘ ਨੇ ਇਸ ਦੇ ਪਾਸੋਂ ਸਾਰਾ ਚੋਰੀ ਦਾ ਮਾਲ ਅਸਬਾਬ ਖੋਹ ਲਿਆ ਤੇ ਪਸ਼ੂ ਵੀ ਜਿਸ ਜਿਸ ਪਿੰਡ ਵਿੱਚੋਂ ਭੱਟੀਆਂ ਤੇ ਪਚਾਦਿਆਂ ਆਂਦੇ ਸਨ, ਸਰਦਾਰ ਰਾਮ ਸਿੰਘ ਨੇ ਓਹਨਾਂ ਹੀ ਜਗ੍ਹਾ ਤੇ ਅਪੜਾ ਦਿੱਤੇ। ਇਸ ਕਰ ਕੇ ਇਸ ਸਾਰੇ ਇਲਾਕੇ ਦੇ ਵਿੱਚ ਸਰਦਾਰ ਰਾਮ ਸਿੰਘ ਦਾ ਨਾਮ ਨੇਕੀ ਨਾਲ ਮਸ਼ਹੂਰ ਹੋ ਗਿਆ। ਫਿਰ ਸਰਦਾਰ ਰਾਮ ਸਿੰਘ ਨੇ ਆਪਣੇ ਪੁਰਾਣੇ ਦੁਸ਼ਮਨ ਈਸਾ ਖਾਂ ਨੂੰ ਇੰਜ ਹੀ ਸਜਾ ਦਿੱਤੀ ਤੇ ਓਹਦੇ ਪਾਸ ਵੀ ਲੋਕਾਂ ਦੇ ਘਰਾਂ ਦਾ ਜਿਹੜਾ ਚੋਰੀ ਦਾ ਮਾਲ ਸੀ, ਲਿਆ ਕੇ ਉਨ੍ਹਾਂ ਦੇ ਵਾਰਸਾਂ ਨੂੰ ਦੇ ਦਿੱਤਾ। ਇਸੇ ਤਰ੍ਹਾਂ ਰਾਏਕੋਟ ਦੇ ਮੁਸਲਮਾਨ ਰਈਸ ਨੂੰ ਅਚਣਚੇਤ ਜਾ ਘੇਰਿਆ ਤੇ ਓਹਦੇ ਪਾਸ ਵੀ ਜੋ ਲੋਕਾਂ ਦੇ ਘਰਾਂ ਦਾ ਜਿੰਨਾ ਧਨ ਮਾਲ ਸੀ, ਸਭ ਲੈ ਲਿਆ।
ਇਹਨੀਂ ਦਿਨੀਂ ਮੁਗਲੀਆ ਖਾਨਦਾਨ ਦੇ ਐਸ਼ਵਰਜ ਦਾ ਸੂਰਜ ਅਸਤ ਹੋ ਰਿਹਾ ਸੀ। ਸਰਦਾਰ ਰਾਮ ਸਿੰਘ ਜਿਹੇ ਪ੍ਰਾਕ੍ਰਮੀ ਦਾ ਐਸੇ ਸਮੇਂ ਚੁੱਪ ਬੈਠਣਾ ਅਸੰਭਵ ਸੀ। ਸਰਹੰਦ ਦੇ ਹਾਕਮ ਪਾਸ
------------------
*੧੭੫੩ ਬਿਕ੍ਰਮੀ ਨੂੰ ਜਦ ਗੁਰੂ ਗੋਬਿੰਦ ਸਿੰਘ ਜੀ ਦਾ ਜੰਗ ਅਜਮੇਰ ਚੰਦ ਖਲੋਰੀ ਆਦਿਕ ਪਹਾੜੀ ਰਾਜਿਆਂ ਨਾਲ ਹੋ ਰਿਹਾ ਸੀ, ਉਸ ਵੇਲੇ ਚੌਧਰੀ ਤਲੋਕ ਚੰਦ ਤੇ ਰਾਮਚੰਦ ਦੋਨੋਂ ਭਾਈ ਆਪਣੀ ਫੌਜ ਸਮੇਤ ਗੁਰੂ ਸਾਹਿਬ ਜੀ ਦੀ ਸੇਵਾ ਵਿਚ ਹਾਜ਼ਰ ਹੋਏ ਸਨ, ਇਸ ਬਾਬਤ ਹੁਕਮਨਾਮੇ ਦੀ ਨਕਲ ਹੇਠ ਦਿੰਦਾ ਹਾਂ:
ਨਕਲ ਹੁਕਮ ਨਾਮਾ-੧੦ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਸਾਹਿਬ।। ਸਤਿਗੁਰੂ ਸਹਾਏ।। ਭਾਈ ਤਿਲੋਕਾ ਭਾਈ ਰਾਮਾ, ਸੰਗਤ ਗੁਰੂ ਰੱਖੇਗਾ, ਤੁਸਾਂ ਅਸਵਾਰ ਲੈ ਕਰ ਆਉਣਾ ਹਜ਼ੂਰ ਸਾਡੇ ਜ਼ਰੂਰ ਜਮੀਅਤ ਲੈ ਕੇ ਆਉਣਾ ਤੁਸਾਂ ਉੱਪਰ ਸਾਡੀ ਖੁਸ਼ੀ ਮੇਹਰਬਾਨਗੀ ਹੈ, ਮੇਰਾ ਘਰ ਤੇਰਾ ਹੈ, ਇੱਕ ਜੋੜਾ ਭੇਜਾ ਹੈ ਰਖਾਵਨਾ ਹੈ, ਤੁਸਾਂ ਆਵਨਾਂ।। ੨ ਭਾਦਰੋ ਸੰਮਤ ੧੭੫੩ ਬਿ: ਦਸਖ਼ਤ-ਗੁਰੂ ਸਾਹਿਬ
ਇਨ੍ਹਾਂ ਦੀ ਤਰ੍ਹਾਂ ਹਰ ਪਾਸਿਓਂ ਸਿੱਖਾਂ ਦੇ ਪੁੱਜ ਜਾਣ ਤੇ ਪਹਾੜੀਏ ਨੱਸ ਗਏ ਸਨ ਤੇ ਇਹ ਗੁਰੂ ਸਾਹਿਬ ਤੋਂ ਖ਼ੁਸ਼ੀ ਤੇ ਸਰੋਪਾਓ ਲੈ ਕੇ ਆਪਣੇ-ਆਪਣੇ ਘਰ ਚਲੇ ਗਏ ਤੇ ਇਹ ਵੀ ਕਸਬਾ ਫੂਲ ਵਿੱਚ ਆ ਗਏ। ਫਿਰ ਜਦ ੧੭੬੧ ਬਿਕ੍ਰਮੀ ਨੂੰ ਸਰਹਿੰਦ ਦਾ ਸੂਬਾ ਲਸ਼ਕਰ ਲੈ ਕੇ ਗੁਰੂ ਜੀ ਦੇ ਪਿੱਛੇ ਮਾਲਵਾ ਦੇ ਇਲਾਕੇ ਵਿਚ ਪੂਜਾ ਤੇ ਮੁਕਤਸਰ ਲੜਾਈ ਹੋਈ। ਉਸ ਵੇਲੇ ਵੀ ਇਨ੍ਹਾਂ ਦੋਨਾਂ ਭਰਾਵਾਂ ਨੇ ੫੦ ਆਦਮੀ ਭੇਜੇ ਸਨ। ਜੰਗ ਮੁੱਕ ਜਾਣ ਤੇ ਜਦ ਗੁਰੂ ਸਾਹਿਬ ਜੀ ੧੭੬੨ ਬਿਕ੍ਰਮੀ ਪਿੰਡ ਤਲਵੰਡੀ ਸਾਬੋ ਦੀ ਦਮਦਮਾ ਸਾਹਿਬ ਵਿਚ ਠਹਿਰੇ। ਤਦ ਗੁਰੂ ਦੇ ਦਸਵੰਧ ਵਜੋਂ ਬਹੁਤ ਸਾਰੀ ਕਾਰ ਭੇਟ ਲੈ ਕੇ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋਏ ਤੇ ਨਜ਼ਰ ਭੇਟ ਦੇ ਕੇ ਖ਼ੁਸ਼ੀ ਪ੍ਰਾਪਤ ਕੀਤੀ। ਗੁਰੂ ਸਾਹਿਬ ਨੇ ਇਨ੍ਹਾਂ ਨੂੰ ਭਾਈ ਫਤਰ ਸਿੰਘ ਦੀ ਸੰਤਾਨ ਭਾਈ ਭਗਤੂ ਦੇ ਨਾਲ ਖੰਡੇ ਦਾ ਅੰਮ੍ਰਿਤ ਛਕਾ ਕੇ ਤਲੋਕ ਸਿੰਘ ਤੇ ਰਾਮ ਸਿੰਘ ਨਾਮ ਰਖਯਾ ਤੇ ਥਾਪੜਾ ਦੇ ਕੇ ਰਾਜ ਕਰਨ ਦੀ ਆਗਿਆ ਦਿੱਤੀ। ੧੭੬੪ ਬਿਕ੍ਰਮੀ ਨੂੰ ਗੁਰੂ ਸਾਹਿਬ ਦੇ ਹੁਕਮ ਨਾਲ ਬੰਦੇ ਨੇ ਜਦ ਇਸ ਮੁਲਕ ਵਿਚ ਆ ਕੇ ਜ਼ਾਲਮ ਮੁਸਲਮਾਨਾਂ ਨੂੰ ਸਜਾ ਦਿੱਤੀ ਤੇ ਸਮਾਨਾ, ਸਢੌਰਾ, ਸਰਹੰਦ ਆਦਿਕ ਸ਼ਹਿਰਾਂ ਨੂੰ ਬਰਬਾਦ ਕੀਤਾ, ਉਸ ਵੇਲੇ ਵੀ ਫੂਲ ਦੇ ਦੋਨੋਂ ਸਰਦਾਰ ਭਾਵੇਂ ਪ੍ਰਗਟ ਰੂਪ ਵਿਚ ਬੰਦੇ ਨਾਲ ਸ਼ਾਮਲ ਨਹੀਂ ਹੋਏ, ਕਿੰਤੂ ਉਂਜ ਹਰ ਤਰ੍ਹਾਂ ਨਾਲ ਇਸ ਦੀ ਸਹਾਇਤਾ ਕਰਦੇ ਰਹੇ।