Back ArrowLogo
Info
Profile

ਸਰਦਾਰ ਆਲਾ ਸਿੰਘ ਦਾ ਐਸ਼ਵਰਜ ਤੇ ਪ੍ਰਤਾਪ ਵਧਦਾ ਵੇਖ ਕੇ ਮਾਲਵੇ ਦੇ ਹਜ਼ਾਰਾਂ ਆਦਮੀ ਇਨ੍ਹਾਂ ਦੇ ਨਾਲ ਮਿਲ ਗਏ। ਇਨ੍ਹਾਂ ਨੇ ਉਹ ਸਾਰੇ ਪਿੰਡ ਜੋ ਨਵੇਂ ਮੁਸਲਮਾਨ ਹੋਏ ਰੰਘੜਾ ਦੇ ਜ਼ੁਲਮ ਨਾਲ ਉਜੜ ਗਏ ਸਨ, ਨਵੇਂ ਸਿਰੇ ਵਸਾਣੇ ਸ਼ੁਰੂ ਕੀਤੇ। ਦਿਆਲ ਦਾਸ ਤੇ ਮੂਲ ਚੰਦ ਜੋ ਉਸ ਸਮੇਂ ਵਿੱਚ ਗੁਰਬਾਣੀ ਦੇ ਰਸੀਏ ਫ਼ਕੀਰ ਸਨ, ਇਹਨਾਂ ਦੀ ਪ੍ਰੇਰਨਾ ਨਾਲ ਲੰਗਰ ਜਾਰੀ ਕਰ ਦਿੱਤਾ ਤੇ ਇਸ ਇਲਾਕੇ ਦੇ ਉਜੜੇ ਹੋਏ ਹਿੰਦੂਆਂ ਦੀ ਸਹਾਇਤਾ ਕਰਨੀ ਆਪਣਾ ਫਰਜ਼ ਬਣਾ ਲਿਆ ਤੇ ਪਿੰਡ ਅਬਾਦ ਕਰਨ ਲੱਗਾ। ਇਸ ਕਰ ਕੇ ਇਨ੍ਹਾਂ ਦੇ ਨਾਲ ਬਹੁਤ ਸਾਰੀ ਖਲਕਤ ਇਕੱਠੀ ਹੋ ਗਈ ਤੇ ਉਜੜੇ ਹੋਏ ਪਿੰਡਾਂ ਵਿੱਚ ਵਾਹੀ ਹੋਣ ਲਗੀ।

੭. ਬਦਲਾ ਲੈਣਾ

ਸਭ ਤੋਂ ਪਹਿਲਾਂ ਸਰਦਾਰ ਆਲਾ ਸਿੰਘ ਨੇ ਆਪਣੇ ਪਿਤਾ ਦਾ ਬਦਲਾ ਲੈਣ ਦੀ ਸਲਾਹ ਕੀਤੀ। ਸੋ ਚੈਨ ਸਿੰਘ ਦੇ ਪੁੱਤਰ ਉਗਰਸੈਨ ਆਦਿਕਾਂ ਤੇ ਜੋ ਪਿੰਡ ਗੁਮਟੀ ਵਿੱਚ ਵਿਆਹ ਤੇ ਆਏ ਸਨ, ਹਮਲਾ ਕਰ ਦਿੱਤਾ, ਜਿਸ ਵਿੱਚ ੧੮ ਆਦਮੀ ਤੇ ਚੈਨ ਸਿੰਘ ਦੇ ਦੋ ਪੁਤਰ ਬੀਰੂ ਤੇ ਕਮਾਲਾ ਮਾਰੇ ਗਏ। ਉਗਰਸੈਨ ਨੱਸ ਗਿਆ। ਸਰਦਾਰ ਆਲਾ ਸਿੰਘ ਨੇ ਉਸ ਦੇ ਨਿਵਾਸ ਅਥਾਨ ਪਿੰਡ ਸਾਨੂੰ ਸੀਮਾ ਨੂੰ ਉਜਾੜ ਕੇ ਬਰਬਾਦ ਕਰ ਦਿੱਤਾ। ਉਗਰਸੈਨ ਕਾਂਗੜੇ ਵਾਲਿਆਂ ਦੀ ਪਨਾਹ ਵਿੱਚ ਚਲਾ ਗਿਆ। ਇਸ ਲੜਾਈ ਵਿੱਚ ਜ਼ਖ਼ਮ ਸਰਦਾਰ ਆਲਾ ਸਿੰਘ ਦੇ ਚੇਹਰੇ ਤੇ ਬਰਛੀ ਦਾ ਤੇ ਇੱਕ ਪੱਟ ਤੇ ਲੱਗਾ, ਕਿੰਤੂ ਫਤਹ ਦੀ ਖ਼ੁਸ਼ੀ ਵਿੱਚ ਚੰਗਾ ਹੋਇ ਗਿਆ।

੮. ਸੰਘੇਰਾ ਦਾ ਅਧੀਨ ਹੋਣਾ

ਸੰਘੇਰਾ ਇਲਾਕਾ ਰਿਆਸਤ ਰਾਏਕੋਟ ਦਾ ਹਾਕਮ ਓਹਨੀਂ ਦਿਨੀਂ ਨਵਾਂ ਮੁਸਲਮਾਨ ਹੋਇਆ ਸੀ, ਜਿਸ ਤੋਂ ਉਸ ਨੇ ਹਿੰਦੂਆਂ ਤੇ ਬੜੇ ਅਤਿਆਚਾਰ ਕਰਨੇ ਸ਼ੁਰੂ ਕੀਤੇ ਤੇ ਜ਼ੋਰ ਦੇਣ ਲਗਾ ਕਿ ਸਾਰੇ ਹਿੰਦੂ ਮੁਸਲਮਾਨ ਹੋ ਜਾਣ। ਇਲਾਕੇ ਦੇ ਹਿੰਦੂ ਜ਼ਿਮੀਦਾਰਾਂ ਨੇ ਸਰਦਾਰ ਆਲਾ ਸਿੰਘ ਪਾਸ ਆ ਕੇ ਰਾਏਕੋਟ ਦੇ ਹਾਕਮ ਦੀ ਸ਼ਕਾਇਤ ਕੀਤੀ। ਸਰਦਾਰ ਆਲਾ ਸਿੰਘ ਨੇ ਉਸ ਥਾਂ ਥਾਣੇਦਾਰ ਸਰਦਾਰ ਗਾਹੀ ਨੂੰ ਨਿਯਤ ਕਰ ਕੇ ੫੦ ਸਵਾਰਾਂ ਦੇ ਨਾਲ ਭੇਜ ਦਿੱਤਾ। ਇਹ ਗੱਲ ਸੁਣਦਿਆਂ ਹੀ ਰਾਏਕੋਟ ਦੇ ਰਈਸ ਰਾਏ ਕਲਹਾ ਨੇ ਮੁਹੰਮਦ ਗੋਸ਼ ਨੂੰ ਬਹੁਤ ਸਾਰੀ ਫੌਜ ਦੇ ਕੇ ਭੇਜੀ ਤਾਂ ਜੋ ਸਰਦਾਰ ਆਲਾ ਸਿੰਘ ਦਾ ਥਾਣਾ ਉਠਾ ਦਿੱਤਾ ਜਾਏ। ਲੜਾਈ ਸ਼ੁਰੂ ਹੋ ਗਈ। ਸਰਦਾਰ ਆਲਾ ਸਿੰਘ ਵੀ ਫੌਜ ਲੈ ਕੇ ਅੱਪੜ ਗਿਆ। ਭਯਾਨਕ ਜੰਗ ਮਚ ਗਿਆ। ਗੋਸ਼ ਮੁਹੰਮਦ ਖ਼ਾਂ ਲੜਾਈ ਵਿੱਚ ਮਾਰਿਆ ਗਿਆ ਤੇ ਓਹਦੀ ਫ਼ੌਜ ਭੱਜ ਟੁਰੀ। ਇਸੇ ਤਰ੍ਹਾਂ ਤਿੰਨ ਵੇਰ ਟਾਕਰਾ ਹੋਇਆ। ਕਿੰਤੂ ਹਰ ਵਾਰ ਮੈਦਾਨ ਸਰਦਾਰ ਆਲਾ ਸਿੰਘ ਦੇ ਹੱਥ ਰਿਹਾ ਤੇ ਸਿੱਟਾ ਇਹ ਹੋਇਆ ਕਿ ਉਹ ਪਿੰਡ ਸਰਦਾਰ ਆਲਾ ਸਿੰਘ ਦੇ ਕਬਜ਼ੇ ਵਿੱਚ ਆ ਗਿਆ ਤੇ ਰਾਏ ਦੇ ਬਹੁਤ ਸਾਰੇ ਆਦਮੀ ਮਾਰੇ ਗਏ।

੯. ਬਰਨਾਲੇ ਦਾ ਵਸਾਣਾ

੧੭੭੫ ਬਿਕ੍ਰਮੀ ਨੂੰ ਸਰਦਾਰ ਆਲਾ ਸਿੰਘ ਨੇ ਕਸਬਾ ਪਧੌੜ ਜੋ ਪਧਰਸੈਨ ਰਾਜਾ ਨੇ ਵਸਾਇਆ ਹੋਇਆ ਸੀ, ਫ਼ਤਹ ਕਰ ਕੇ ਆਪਣੇ ਵਡੇ ਭਰਾ ਦੁਨਾ ਸਿੰਘ ਨੂੰ ਦੇ ਕੇ ਬਰਨਾਲੇ ਨੂੰ ਜੋ ਵੈਰਾਨ ਪਿਆ ਸੀ, ਵਸਾ ਕੇ ਆਪਣੀ ਰਾਜਧਾਨੀ ਬਣਾਇਆ ਤੇ ਲਾਗੇ ਦੇ ਜਿੰਨੇ ਪਿੰਡ ਸੀ, ਸਭ ਸਰਦਾਰ ਆਲਾ ਸਿੰਘ ਦੇ ਕਬਜ਼ੇ ਵਿੱਚ ਆਪਣੇ ਆਪ ਆ ਗਏ। ਇਨ੍ਹਾਂ ਹੀ ਦਿਨਾਂ ਵਿੱਚ ਸਰਦਾਰ ਆਲਾ ਸਿੰਘ ਨੇ ਆਪਣੇ ਆਪ ਨੂੰ ਚੜ੍ਹਦੀਆਂ ਕਲਾਂ ਵਿੱਚ ਵੇਖ ਕੇ ੯ ਪਿੰਡ, ਜਿਨ੍ਹਾਂ ਵਿੱਚ ਲੌਂਗੋਂਵਾਲ, ਨਮੇਲ ਤੇ ਉਭਵਾਲ ਆਦਿਕ ਸ਼ਾਮਲ ਹਨ ਤੇ ਇਹ ਮੁਸਲਮਾਨਾਂ ਦੇ ਜ਼ੁਲਮ ਤੋਂ ਉਜੜੇ ਹੋਏ ਸਨ, ਆਬਾਦ ਕੀਤੇ ਤੇ ਖ਼ਾਸ ਕਰ ਲੌਂਗੋਵਾਲ ਵਿੱਚ ਬਹੁਤ ਦਿਨ ਆਪ ਠਹਿਰਿਆ, ਜਿਸ ਦੇ ਨਿਸ਼ਾਨ ਹੁਣ ਤਕ ਓਥੇ ਮਿਲਦੇ ਹਨ।

13 / 181
Previous
Next