Back ArrowLogo
Info
Profile

ਰਾਜਾ ਆਲਾ ਸਿੰਘ ਦੀ ਰਿਹਾਈ ਦੇ ਮਾਮਲੇ ਵਿੱਚ ਰਾਏ ਪ੍ਰਤਾਪ ਸਿੰਘ ਕਾਨੂੰਗੋ ਜੋ ਸਕਨਾ ਸਨਾਮ ਜਿਸ ਦਾ ਪਿਤਾ ਬਿਸ਼ੰਬਰ ਦਾਸ ਉਸ ਵੇਲੇ ਦਿੱਲੀ ਵਿੱਚ ਦੀਵਾਨ ਸੀ, ਸਾਥੀ ਬਣਿਆ ਰਿਹਾ। ਨਵਾਬ ਅਲੀ ਮੁਹੰਮਦ ਖਾਂ ਤਾਂ ਰਾਜਾ ਆਲਾ ਸਿੰਘ ਤੇ ਹਮਲਾ ਕਰਨ ਦੀਆਂ ਤਿਆਰੀਆਂ ਵਿੱਚ ਹੀ ਰਿਹਾ। ਕਿੰਤੂ ਰਾਜਾ ਆਲਾ ਸਿੰਘ ਦੇ ਦੋਸਤ ਬਿਸ਼ੰਬਰ ਦਾਸ ਨੇ ਦਿਲੀ ਤੋਂ ਅਲੀ ਮੁਹੰਮਦ ਖਾਂ ਦੇ ਅਹੁਦੇ ਤੋਂ ਹਟਾਏ ਜਾਣ ਦਾ ਹੁਕਮ ਭਜਵਾ ਦਿੱਤਾ। ਉਹਦੀ ਜਗ੍ਹਾ ਅਬਦੁਲ ਸਮੁੰਦ ਖਾਂ ਸਰਹੰਦ ਦਾ ਸੂਬਾ ਬਣਾਇਆ ਗਿਆ। ਇਸ ਤੋਂ ਨਾਰਾਜ਼ ਹੋ ਕੇ ਨਵਾਂ ਅਲੀ ਮੁਹੰਮਦ ਖਾਂ ਸਾਰਾ ਖ਼ਜ਼ਾਨਾ ਤੇ ਫੌਜ ਲੈ ਕੇ ਵਲ ਚਲਾ ਗਿਆ ਤੇ ਉੱਥੇ ਜਾ ਕੇ ਉੱਥੋਂ ਦੇ ਸ਼ਾਹੀ ਕਰਮਚਾਰੀ ਨੂੰ ਹਟਾ ਕੇ ਆਪ ਮਾਲਕ ਬਣ ਬੈਠਾ। ਉਸ ਦੀ ਸੰਤਾਨ ਤੇ ਕਬਜ਼ੇ ਵਿੱਚ ਹੁਣ ਰਾਮਪੁਰ ਦੀ ਰਿਆਸਤ ਚਲੀ ਆਉਂਦੀ ਹੈ।

੧੬. ਪਟਿਆਲੇ ਦੀ ਬੁਨਿਆਦ

੧੮੦੩ ਬਿਕ੍ਰਮੀ ਨੂੰ ਰਾਜਾ ਆਲਾ ਸਿੰਘ ਨੇ ਕੱਚਾ ਪਟਯਾਲਾ ਤੇ ਰਾਘੋ ਮਾਜਰਾ ਦੇ ਵਿਚਕਾਰ ਬੜੀ ਹੱਛੀ ਜਗ੍ਹਾ ਵੇਖ ਕੇ ਨਿਵਾਸ ਕੀਤਾ। ਇੱਕ ਕੱਚੀ ਗੜ੍ਹੀ ਬਣਾ ਕੇ ਜੋ ਫਿਰ ਸੋਢੀ ਸਾਹਿਬਾਨ ਨੂੰ ਦਿੱਤੀ ਗਈ। ਆਪਣੇ ਸੌਹਰੇ ਗੁਰਬਖ਼ਸ਼ ਸਿੰਘ ਕਾਲੇ ਵਾਲੇ ਨੂੰ ਉੱਥੋਂ ਦਾ ਥਾਨੇਦਾਰ ਨੀਯਤ ਕਰ ਕੇ ਪੰਜ ਸੌ ਸਵਾਰ ਨਾਲ ਦੇ ਦਿਤੇ ਤੇ ਉੱਥੇ ਛੱਡ ਦਿੱਤਾ।

੧੭. ਗੈਂਡੇ ਰਾਮ ਦੀ ਭਾਂਜ ਕਿਲ੍ਹਾ ਭਵਾਨੀ ਗੜ੍ਹ ਦਾ ਬਣਨਾ

ਸ੍ਰ: ਆਲਾ ਸਿੰਘ ਨੇ ਗੈਂਡੇ ਰਾਮ ਆਦਿਕ ਭਿਖੀਵਾਲੇ: ਜੋ ਬੇਮੁਹਾਰੇ ਹੋ ਰਹੇ ਸਨ, ਉਹਨਾਂ ਨਾਲ ਲੜਾਈ ਕਰ ਕੇ ਉਹਨਾਂ ਦੇ ਇਲਾਕੇ ਤੇ ਕਬਜ਼ਾ ਕਰ ਲਿਆ ਤੇ ਸੰਮਤ ੧੮੦੮ ਬਿਕਰਮੀ ੧੭੪੯ ਈਸਵੀ ਨੂੰ ਪਿੰਡ ਢੋਡੀਆਂ (ਭਵਾਨੀਗੜ੍ਹ) ਨੂੰ ਵਸਾ ਕੇ ਉੱਥੇ ਇੱਕ ਕਿਲ੍ਹਾ ਬਣਵਾਇਆ ਅਤੇ ਫਰੀਦ ਖਾਂ ਕਾਕੜੇ ਵਾਲੇ ਨੂੰ ਜੰਗ ਵਿੱਚ ਕਤਲ ਕਰ ਕੇ (ਜ਼ੋਰਾਏ ਸਿੰਘ ਗਰੇ ਵਾਲੇ ਦੇ ਹਥੋਂ ਮਾਰਿਆ ਸੀ) ਉਹਦਾ ਸਾਰਾ ਇਲਾਕਾ ਆਪਣੇ ਕਬਜ਼ੇ ਵਿੱਚ ਕਰ ਲਿਆ। ਜਿੰਨੇ ਆਦਮੀਆਂ ਨੇ ਵਿਦਰੋਹ ਕੀਤਾ ਤੇ ਲੁੱਟਮਾਰ ਤੇ ਲੱਕ ਬੱਧਾ ਸੀ, ਸਭ ਨੂੰ ਸਜ਼ਾ ਦਿੱਤੀ।

੧੮. ਸੁਨਾਮ ਤੇ ਕਬਜ਼ਾ

ਇਨ੍ਹਾਂ ਦਿਨਾਂ ਵਿੱਚ ਰਾਜਾ ਆਲਾ ਸਿੰਘ ਜੀ ਆਮ ਤੌਰ ਤੇ ਲੌਂਗੋਵਾਲ ਦੇ ਕੱਚੇ ਕਿਲ੍ਹੇ ਵਿੱਚ ਠਹਿਰਿਆ ਕਰਦੇ ਸਨ। ਹੁਣ ਵੀ ਇਨ੍ਹਾਂ ਦੇ ਲੰਗਰ ਦੀ ਜਗ੍ਹਾ ਮੰਨੀ ਤੇ ਪੂਜੀ ਦੀ ਹੈ। ਸ਼ਹਿਰ ਸੁਨਾਮ ਦੇ ਰਈਸ ਗੌਹਰ ਰਾਜਪੂਤ ਸ਼ਹਿਰ ਸੁਨਾਮ ਦੇ ੩੨ ਪਿੰਡਾਂ ਦੇ ਮਾਲਕ ਸਨ। ਕਈ ਵੇਰ ਰਾਜਾ ਆਲਾ ਸਿੰਘ ਨਾਲ ਇਨ੍ਹਾਂ ਦੀ ਅਣਬਣ ਹੋਈ। ਉਸ ਸਮੇਂ ਵਿੱਚ ਮਖਣਾ ਪਚਾਦਾ ਕੀਮਾ ਬੋਦਲਾ ਤੇ ਪੀਰ ਮੁਹੰਮਦ ਖਾਂ ਭੱਟੀ ਹਮੇਸ਼ਾਂ ਇਲਾਕੇ ਦਾ ਦੌਰਾ ਕਰਦੇ ਰਹਿੰਦੇ ਸਨ ਤੇ ਹਿੰਦੂ ਪੁਜਾ ਵਿੱਚ ਲੁੱਟ ਮਾਰ ਕਰ ਕੇ ਓਹਨਾਂ ਨੂੰ ਮੁਸਲਮਾਨ ਬਣਾਂਦੇ ਰਹਿੰਦੇ ਸਨ। ਇੱਥੇ ਉਹ ੪੦੦੦ ਜਵਾਨ ਲੈ ਕੇ ਜਦ ਆਏ ਤੇ ਸ਼ਹਿਰ ਸੁਨਾਮ ਨੂੰ ਲੁੱਟ ਕੇ ਮੁੜੇ, ਤਦ ਸ਼ਹਿਰ ਸੁਨਾਮ ਦੇ ਮਾਲਕ ਗੋਹਰ ਰਾਜਪੂਤ ਸਾਰੇ ਗਵਾਂਢੀ ਵੱਸੋਂ ਨੂੰ ਨਾਲ ਲੈ ਕੇ ਉਹਨਾਂ ਦੇ ਪਿਛੇ ਚਲਾ ਗਿਆ ਤੇ ਖ਼ਬਰ ਪੁੱਜਣ ਤੇ ਸਰਦਾਰ ਆਲਾ ਸਿੰਘ ੫੦੦ ਸਵਾਰਾਂ ਨੂੰ ਨਾਲ ਲੈ ਕੇ ਜਾ ਪਿਆ। ਜਦ ਗੌਹਰ ਰਾਜਪੂਤਾਂ ਦੀ ਪੀਰ ਮੁਹੰਮਦ ਖਾਂ ਦੇ ਨਾਲ ਲੜਾਈ ਹੋਈ ਤਦ ਚੀਮੇਂ ਦੇ ਪਾਸ ਇੱਕ ਖੂਨਰੇਜ਼ ਜੰਗ ਸ਼ੁਰੂ ਹੋ ਗਈ। ਰਾਏ ਕਮਾਲ ਤੇ ਰਾਏ ਸੁਮਾਲ ਗੌਹਰ ਰਾਜਪੂਤਾਂ ਦੇ ਤਿੰਨ ਵੱਡੇ ਸਰਦਾਰ ਮਾਰੇ। ਜਦ ਇਹ ਇਨ੍ਹਾਂ ਦੀਆਂ ਲਾਸ਼ਾਂ ਲੈ ਕੇ ਮੁੜੇ, ਤਦ ਸਰਦਾਰ ਆਲਾ ਸਿੰਘ ਦੇ ਸਾਥੀਆਂ ਨਾਲ ਇਨ੍ਹਾਂ ਦੀ ਮੁਠਭੇੜ ਹੋ ਗਈ। ਦਰਯਾ ਸਿੰਘ ਆਦਿਕ ਸਰਦਾਰਾਂ ਨੇ ਰਾਜਪੂਤਾਂ ਦੀ ਖੂਬ ਖੁੰਬ ਠੱਪੀ, ਜਿਸ ਤੋਂ ਰਾਜਪੂਤ ਉੱਕਾ ਤਬਾਹ ਹੋ ਗਏ ਤੇ ਸੁਨਾਮ ਦੇ ੩੨ ਦੇ ੩੨ ਪਿੰਡਾਂ ਤੇ ਹੀ ਸਰਦਾਰ ਆਲਾ ਸਿੰਘ ਦਾ ਕਬਜ਼ਾ ਹੋ ਗਿਆ।

17 / 181
Previous
Next