

ਨਾਲ ਹੋਇਆ ਹੈ। ਬਾਦਸ਼ਾਹ ਨੇ ਜਹਾਨ ਖਾਂ ਸਿਪਾਹਸਾਲਾਰ ਨੂੰ ਫੌਜ ਦੇ ਕੇ ਬਰਨਾਲੇ ਤੇ ਚੜ੍ਹਾ ਦਿੱਤਾ। ਦੁਰਾਨੀਆਂ ਦੀ ਫੌਜ ਨੇ ਬਰਨਾਲੇ ਨੂੰ ਉਜਾੜ ਕੇ ਰਾਜਾ ਆਲਾ ਸਿੰਘ ਨੂੰ ਫੜ ਲਿਆ ਕਿੰਤੂ ਅਸਲ ਗੱਲ ਦੀ ਖ਼ਬਰ ਮਿਲ ਜਾਣ ਤੇ ਅਹਿਮਦ ਸ਼ਾਹ ਦੁਰਾਨੀ ਨੇ ਰਾਜਾ ਆਲਾ ਸਿੰਘ ਪਾਸੋਂ ੪ ਲੱਖ ਰੁਪਿਆ ਲੈ ਕੇ ਰਾਜਾ ਦਾ ਖ਼ਿਤਾਬ ਤੇ ਖਿਲਅਤ ਲਿਖ ਦਿੱਤੀ ਤੇ ੩ ਲੱਖ ਰੁਪਯਾ ਸਾਲਾਨਾ ਖਰਾਜ ਲੈਣ ਦਾ ਫ਼ੈਸਲਾ ਕੀਤਾ, ਜੋ ੧੮੧੯ ਨੂੰ ਰਾਜਾ ਆਲਾ ਸਿੰਘ ਨੇ ਹੁੰਡੀ ਦੀ ਰਾਹੀਂ ਕਾਬਲ ਭੇਜ ਦਿੱਤਾ, ਜਿਸ ਤੋਂ ਅਹਿਮਦ ਸ਼ਾਹ ਬੜਾ ਖ਼ੁਸ਼ ਹੋਇਆ।
ਅਹਿਮਦਸ਼ਾਹ ਸੂਬੇਦਾਰ ਸਰਹੰਦ ਦੇ ਨਾਮ ਹੁਕਮ ਜਾਰੀ ਕੀਤਾ ਕਿ ਰਾਜਾ ਆਲਾ ਸਿੰਘ ਨੂੰ ਉਹ ਸੁਤੰਤਰ ਸਮਝੇ। ਸੰਮਤ ੧੮੨੦ ਵਿੱਚ ਜਦ ਮਾਝੇ ਦੇ ਸਿੱਖਾਂ ਨੇ ਸਰਹੰਦ ਦੇ ਸੂਬੇਦਾਰ ਨੂੰ ਕਤਲ ਕਰ ਕੇ ਸਰਹੰਦ ਨੂੰ ਲੁੱਟਿਆ, ਤਦ ਉਸ ਸਮੇਂ ਰਾਜਾ ਆਲਾ ਸਿੰਘ ਵੀ ਠੀਕ ਸਮੇਂ ਸਿਰ ਸਰਹੰਦ ਅੱਪੜ ਗਿਆ। ਖਾਲਸੇ ਨੇ ਰਾਜਾ ਆਲਾ ਸਿੰਘ ਪਾਸੋਂ ਸ਼ਹੀਦੀ ਦੇਗ ਤੇ ਕੜਾਹ ਪ੍ਰਸ਼ਾਦ ਵਾਸਤੇ ਭੇਟ ਲੈ ਕੇ ਸਰਹੰਦ ਦਾ ਕਿਲ੍ਹਾ ਤੇ ਸਾਰਾ ਸ਼ਾਹੀ ਸਾਮਾਨ ਰਾਜਾ ਸਾਹਿਬ ਦੇ ਹਵਾਲੇ ਕਰ ਦਿੱਤਾ, ਜਿਸ ਨੂੰ ਲੈ ਕੇ ਇਹ ਪਟਿਆਲੇ ਆ ਗਿਆ ਤੇ ਸਰਹੰਦ ਦੇ ਬਹੁਤ ਸਾਰੇ ਉੱਜੜੇ ਹੋਏ ਲੋਕਾਂ ਨੂੰ ਸਹਾਇਤਾ ਦੇ ਕੇ ਪਟਿਆਲੇ ਵਿੱਚ ਵਸਾਇਆ। ਜੈਨ ਖਾਂ ਦਾ ਮਾਰਿਆ ਜਾਣਾ ਸੁਣ ਕੇ ਦੁਰਾਨੀ ਅਹਿਮਦ ਖਾਂ ਬੜੇ ਕ੍ਰੋਧ ਨਾਲ ਸ਼ਹਿਰ ਵਿੱਚ ਆਯਾ। ਕਿੰਤੂ ਸਰਹੰਦ ਦਾ ਪ੍ਰਬੰਧ ਨਾ ਸੰਭਾਲ ਸਕਣ ਦੇ ਕਾਰਨ ਇਸ ਇਲਾਕੇ ਦਾ ਪਟਾ ਵੀ ਲਿਖ ਕੇ ਸਰਦਾਰ ਆਲਾ ਸਿੰਘ ਨੂੰ ਦੇ ਕੇ ਵਾਪਸ ਚਲਾ ਗਿਆ।
੨੨. ਰਾਜਾ ਆਲਾ ਸਿੰਘ ਦਾ ਚਲਾਣਾ ਤੇ ਗੁਣ
ਸੰਮਤ ੧੮੨੨ ਬਿਕ੍ਰਮੀ ਮੁਤਾਬਕ ੧੨ ਅਗਸਤ ੧੭੬੫ ਦੇ ਸ਼ੁਰੂ ਵਿੱਚ ੭੦ ਵਰ੍ਹਿਆਂ ਦੀ ਆਯੂ ਵਿੱਚ ਬੁਖਾਰ ਦੀ ਬੀਮਾਰੀ ਨਾਲ ਆਲਾ ਸਿੰਘ ਚਲਾਣਾ ਕਰ ਗਏ ਤੇ ਇਨ੍ਹਾਂ ਦੀ ਜਗ੍ਹਾ ਇਹਨਾਂ ਦਾ ਪੋਤਰਾ ਅਮਰ ਸਿੰਘ ਗੱਦੀ ਤੇ ਬੈਠਾ।
ਰਾਜਾ ਆਲਾ ਸਿੰਘ ਬੜਾ ਹੀ ਧਰਮੀ ਸ਼ੁਭ ਆਚਰਨ ਤੇ ਬਹਾਦਰ ਆਦਮੀ ਸੀ। ਉਸ ਨੇ ਸਵਾਏ ਆਪਣੀ ਰਾਣੀ ਫਤੋਂ* ਦੇ ਦੂਜੀ ਤੀਵੀਂ ਵਲ ਅੱਖ ਚੁੱਕ ਕੇ ਵੀ ਨਹੀਂ ਵੇਖਿਆ ਸੀ। ਕਹਿੰਦੇ ਹਨ ਕਿ ਇੱਕ ਦਿਨ ਇਸ ਨੇ ਲੌਂਗੋਵਾਲ ਆਪਣੇ ਮਕਾਨ ਦੀ ਛੱਤ ਤੇ ਤਰਖਾਣ ਦੀ ਲੜਕੀ ਨੂੰ ਵੇਖਿਆ ਜੋ ਕਿ ਨੰਗੀ ਨਹਾ ਰਹੀ ਸੀ। ਇਹਨਾਂ ਉਹਨੂੰ ਆਪਣੀ ਲੜਕੀ ਬਣਾ ਕੇ ਬਹੁਤ ਸਾਰਾ ਧਨ ਦੇ ਕੇ ਵਿਆਹ ਦਿੱਤੀ।
ਆਲਾ ਸਿੰਘ ਦੇ ਤਿੰਨੇ ਲੜਕੇ ਉਹਦੇ ਜੀਉਂਦਿਆਂ ਹੀ ਗੁਜ਼ਰ ਗਏ। ਬੀਬੀ ਪ੍ਰਧਾਨ ਜੋ ਰਾਜਾ ਆਲਾ ਸਿੰਘ ਦੀ ਲੜਕੀ ਬਾਬਾ ਬੁੱਢਾ ਸਾਹਿਬ ਰਾਮਦਾਸ ਦੇ ਖਾਨਦਾਨ ਵਿੱਚ ਵਿਆਹੀ ਸੀ, ਸ੍ਰ: ਸ਼ਾਮ ਸਿੰਘ ਵੀ ਚਲਾਣਾ ਕਰ ਗਿਆ। ਰਾਜਾ ਆਲਾ ਸਿੰਘ ਨੇ ਬੀਬੀ ਪ੍ਰਧਾਨ ਨੂੰ ੩੦ ਹਜ਼ਾਰ ਦੀ
------------------------
*ਫਤੋ ਚੌਧਰੀ ਸਰਾਉ ਜੱਟ ਜੋ ਕਾਲਿਆਂ ਵਾਲੇ ਦਾ ਵਸਨੀਕ ਸੀ, ਉਹਦੀ ਲੜਕੀ ਸੀ। ਜਦ ਉਤਪੰਨ ਹੋਈ ਤਦ ਇਸ ਦੀ ਦਾਦੀ ਨੇ ਉਸ ਸਮੇਂ ਦੇ ਰਿਵਾਜ ਅਨੁਸਾਰ ਇਸ ਨੂੰ ਮਾਰਨ ਲਈ ਇੱਕ ਬਰਤਨ ਵਿਚ ਪਾ ਕੇ ਦਬ ਦਿੱਤਾ। ਤਿੰਨ ਦਿਨ ਪਿੱਛੋਂ ਭਾਈ ਦਿਆਲ ਦਾਸ ਜੀ ਨੇ ਇਸ ਗੱਲ ਤੋਂ ਜਾਣੂੰ ਹੋ ਇਸ ਲੜਕੀ ਨੂੰ ਕਢਵਾਇਆ ਜੋ ਬਿਲਕੁਲ ਅਰੋਗ ਨਿਕਲੀ ਤੇ ਇੱਕ ਵੱਡੇ ਖ਼ਾਨਦਾਨ ਦੀ ਮਾਂ ਹੋਈ। ਇਸ ਦੇ ਤਿੰਨ ਪੁੱਤਰ ਸਨ, ਸਾਰਿਆਂ ਤੋਂ ਵਡਾ ਸਰਦੂਲ ਸਿੰਘ ਜੋ ੧੭੭੨ ਬਿਕਰਮੀ ਨੂੰ ਉਤਪਨ ਹੋਇਆ ਤੇ ੧੭੮੪ ਬਿਕਰਮੀ ਨੂੰ ਸੂਰਜ ਮੱਲ ਭਿਖੀ ਵਾਲੇ ਦੀ ਲੜਕੀ ਨਾਲ ਵਿਆਹਿਆ ਗਿਆ, ਜਿਸ ਦੇ ਘਰ ਰਾਜਾ ਅਮਰ ਸਿੰਘ ਜਨਮਿਆ। ਦੂਜਾ ਵਿਆਹ ਇਸ ਨੇ ਆਪਣੇ ਚਾਚਾ ਦੇ ਪੁੱਤ ਭਰਾ ਜੋਧ ਸਿੰਘ ਦੀ ਵਿਧਵਾ ਨਾਲ ਕੀਤਾ, ਜਿਸ ਵਿਚੋਂ ਹਿੰਮਤ ਸਿੰਘ ਉਤਪਨ ਹੋਇਆ। ਦੂਜਾ ਲੜਕਾ ਕੰਵਰ ਲਾਲ ਸਿੰਘ ੧੭੮੦ ਬਿਕਰਮੀ ਵਿੱਚ ਉਤਪਨ ਹੋਇਆ ਤੇ ੧੭੯੭ ਨੂੰ ਚੌਧਰੀ ਸੁਜਾਨਾ ਜੋ ਪਿੰਡ ਰੋਜ਼ੀ ਵਾਲੇ ਦੇ ਵਸਨੀਕ ਦੀ ਲੜਕੀ ਨਾਲ ਵਿਆਹਿਆ ਗਿਆ ਤੇ ੧੮੦੫ ਵਿਚ ਬਿਨਾਂ ਸੰਤਾਨ ਹੋਏ ਦੇ ਮਰ ਗਿਆ।
ਤੀਜਾ ਲੜਕਾ ਭੂਮਯਾ ਸਿੰਘ ੧੭੭੮ ਬਿਕਰਮੀ ਵਿੱਚ ਉਤਪਨ ਹੋਇਆ, ਜੋ ਮਾਨਸਾਵਾਲਾਂ ਦੇ ਚੌਧਰੀ ਦੀ ਲੜਕੀ ਰੂਪ ਕੌਰ ਨਾਲ ਮੰਗਿਆ, ਜਿਸ ਦੇ ਘਰ ੧੭੯੬ ਵਿੱਚ ਰਾਜਿੰਦਰ ਕੌਰ ਲੜਕੀ ਉਤਪਨ ਹੋਈ, ਜੋ ੧੮੦੮ ਨੂੰ ਫਗਵਾੜੇ ਵਿਆਹੀ ਗਈ। ਇਸ ਦੇ ਕੇਵਲ ਇਕ ਲੜਕੀ ਹੋਣ ਤੇ ਇਹਦਾ ਪਤੀ ਗੁਜਰ ਗਿਆ। ਇਸ ਦੀ ਛੀ ਲੱਖ ਦੀ ਜਾਏਦਾਦ ਸੀ, ਜਿਸ ਤੇ ਬੀਬੀ ਰਾਜਿੰਦਰ ਕੌਰ ਦਾ ਕਬਜਾ ਰਿਹਾ। ਰਾਜਿੰਦਰ ਕੌਰ ਦੇ ਮਰਨ ਤੇ ਉਹਦੇ ਦੋਹਤੇ ਜੋਧ ਸਿੰਘ ਨੇ ਰਿਆਸਤ ਦਾ ਦਾਵਾ ਕੀਤਾ, ਕਿੰਤੂ ਰਾਜਿੰਦਰ ਕੌਰ ਦੇ ਦੇਵਰ ਨੇ ਜੋਧ ਸਿੰਘ ਨੂੰ ਗੁਜ਼ਾਰਾ ਦੇ ਕੇ ਰਿਆਸਤ ਆਪ ਸੰਭਾਲ ਲਈ।