

ਸਾਲਾਨਾ ਜਾਗੀਰ ਦੇ ਰੱਖੀ ਸੀ, ਜਿਸ ਨੂੰ ਉਹ ਬੜੇ ਚੰਗੇ ਢੰਗ ਨਾਲ ਆਯੂ ਭਰ ਬਰਨਾਲੇ ਵਿੱਚ ਰਹਿ ਕੇ ਖ਼ਰਚ ਕਰਦੀ ਰਹੀ। ਇਹ ਬੀਬੀ ਬੜੀ ਹੀ ਪਵਿਤ੍ਰ ਆਚਰਨ ਦੀ ਤੇ ਦਾਨੀ ਸੀ। ਇਸ ਨੇ ਆਪਣੀ ਜਾਗੀਰ ਦੀ ਸਾਰੀ ਰਕਮ ਸੁਖਾ ਸਿੰਘ ਨਿਰਮਲੇ ਸੰਤ ਦੇ ਹਵਾਲੇ ਕਰ ਰਖੀ ਸੀ। ਇਸ ਨੇ ਬੀਬੀ ਜੀ ਦੇ ਨਾਮ ਤੇ ਇੱਕ ਧਰਮਸ਼ਾਲਾ ਬਣਵਾ ਕੇ ਤਿੰਨ ਤਰ੍ਹਾਂ ਦਾ ਸਦਾਵਰਤ ਲਾ ਰੱਖਿਆ ਸੀ। ਇੱਕ ਗ਼ਰੀਬ ਗੁਰਬਾ ਮੁਸਾਫ਼ਿਰਾਂ ਲਈ, ਦੂਜਾ ਗੁਰਮੁਖੀ ਤੇ ਸੰਸਕ੍ਰਿਤ ਪੜ੍ਹਨ ਵਾਲੇ ਵਿਦਿਆਰਥੀਆਂ ਵਾਸਤੇ, ਤੀਜਾ ਸਾਧੂਆਂ ਵਾਸਤੇ ਜੋ ੬੦-੭੦ ਉੱਥੇ ਸਦਾ ਹੀ ਰਹਿੰਦੇ ਸਨ। ਹਮੇਸ਼ਾਂ ਕਥਾ ਹੁੰਦੀ, ਸਤਸੰਗ ਜਾਰੀ ਰਹਿੰਦਾ ਹੈ। ਬੀਬੀ, ਸਾਹਿਬ ਗੁਰਮੁਖੀ ਤੇ ਸੰਸਕ੍ਰਿਤ ਜਾਣਦੇ ਸਨ। ਇਸ ਗੁਰਦੁਆਰੇ ਨਾਲ ਹੁਣ ਤੱਕ ੬੦੦੦ ਰੁਪਯਾ ਸਾਲਾਨਾ ਦੀ ਜਾਗੀਰ ਹੈ ਤੇ ਲੰਗਰ ਹਮੇਸ਼ਾਂ ਚਲਦਾ ਰਹਿੰਦਾ ਹੈ।
ਜਿੰਨਾ ਹੀ ਏਹ ਆਪਣੀ ਬਹਾਦਰੀ ਤੇ ਦਲੇਰੀ ਦੇ ਕਾਰਨ ਪ੍ਰਸਿੱਧ ਸੀ, ਓਨਾ ਹੀ ਦਾਨੀ ਹੋਣ ਵਿੱਚ ਵੀ ਅਦੁਤੀ ਸੀ। ਇਹ ਬੜਾ ਹੀ ਸਾਦਾ ਤੇ ਫ਼ਕੀਰਾਨਾ ਲਿਬਾਸ ਵਿੱਚ ਰਿਹਾ ਕਰਦੀ ਸੀ। ਸਿੱਖ ਧਰਮ ਵਿੱਚ ਇਹਦਾ ਬੜਾ ਪੱਕਾ ਵਿਸ਼ਵਾਸ ਸੀ। ਬੜੇ ਸਹਨਸ਼ੀਲਤਾ ਤੇ ਸਿਆਣੇ ਸੀ। ਰਾਣੀ ਸਾਹਿਬ ਫਤੋ ਨੇ ਲੋਂਗੋਵਾਲ ਵਿੱਚ ਜੋ ਗੁਰੂ ਦਾ ਲੰਗਰ ਲਾ ਰਖਯਾ ਹੈ, ਉਸ ਵਿੱਚ ਉਹ ਹਰ ਇੱਕ ਸਿੱਖ ਨੂੰ ਅਧ ਪਾਉ ਘੀ ਖਿੱਚੜੀ ਵਿੱਚ ਪਾ ਕੇ ਦਿੰਦੇ ਹਨ। ਇੱਕ ਦਿਨ ਇੱਕ ਸਿੱਖ ਨੇ ਕਿਹਾ, ਇੰਨਾ ਗਰਮ ਘੀ ਮੈਂ ਕੀ ਕਰਾਂ? ਰਾਣੀ ਸਾਹਿਬ ਨੇ ਕਿਹਾ ਕਿ ਮੇਰੇ ਸਿਰ ਵਿੱਚ ਪਾ ਦੇ। ਉਸ ਨੇ ਝਟ ਉਹਦੇ ਸਿਰ ਵਿੱਚ ਪਾ ਦਿੱਤਾ। ਜਦ ਰਾਜਾ ਸਾਹਿਬ ਘਰ ਨੂੰ ਵਾਪਸ ਆਏ ਤੇ ਰਾਣੀ ਸਾਹਿਬ ਨੇ ਉਸ ਸਿੱਖ ਦੀ ਸ਼ਿਕਾਇਤ ਕੀਤੀ ਤਦ ਰਾਜਾ ਸਾਹਿਬ ਨੇ ਕਿਹਾ ਕਿ ਤੂੰ ਬੜੇ ਚੰਗੇ ਭਾਗਾਂ ਵਾਲੀ ਹੈ ਜੋ ਤੇਰੇ ਸਿਰ ਵਿੱਚ ਸਿੱਖ ਨੇ ਘਿਉ ਪਾ ਦਿੱਤਾ ਹੈ, ਨਹੀਂ ਤਾਂ ਮੁਸਲਮਾਨ ਗਰਮ ਗਰਮ ਤੇਲ ਸਿਰ ਵਿੱਚ ਪਾਂਦੇ। ਉਸ ਨੇ ਤੇਰਾ ਹੁਕਮ ਮੰਨਿਆ। ਰਾਜਾ ਸਾਹਿਬ ਦੀ ਇਹ ਗੱਲ ਸੁਣ ਕੇ ਲੋਕੀਂ ਬੜੇ ਖ਼ੁਸ਼ ਹੋ ਗਏ। ਇਹ ਮਹਾਰਾਜਾ ਸਾਹਿਬ ਸਵਾਏ ਕੱਛ ਦਸਤਾਰ ਤੇ ਭੂਰੇ ਦੀ ਗਾਤੀ ਦੇ ਹੋਰ ਕੁਝ ਨਹੀਂ ਰੱਖਦੇ ਸੀ। ਰਾਜਸੀ ਮਾਲੀ ਪ੍ਰਬੰਧ ਕਰਨ ਦੀ ਬੜੀ ਯੋਗਤਾ ਰੱਖਦੇ ਸਨ। ਕੇਵਲ ਆਪਣੇ ਬਾਹੂਬਲ ਨਾਲ ਪਟਯਾਲਾ ਰਾਜ ਜਿਸ ਦਾ ਰਕਬਾ ੬ ਹਜ਼ਾਰ ਮੀਲ ਦੇ ਕਰੀਬ ਹੈ, ਕਾਇਮ ਕਰ ਕੇ ਆਪਨੀ ਸੰਤਾਨ ਦੇ ਵਾਸਤੇ ਸੋਨਾ ਉਪਜਾਣ ਵਾਲੀ ਧਰਤੀ ਮਿਲ ਗਈ।
੨੩. ਰਾਜਾ ਅਮਰ ਸਿੰਘ ਦਾ ਗੱਦੀ ਤੇ ਬੈਠਣਾ ਤੇ ਹਿੰਮਤ ਸਿੰਘ ਦਾ ਵਿਦ੍ਰੋਹ
ਰਾਜਾ ਅਮਰ ਸਿੰਘ ਹਾੜ ਵਦੀ ੭ ਸੰਮਤ ੧੮੦੯ ਬਿਕ੍ਰਮੀ ਨੂੰ ਪੈਦਾ ਹੋਏ, ਤੇ ੧੩ ਸਾਲ ਦੀ ਆਯੂ ਵਿੱਚ ਸੰਮਤ ੧੮੨੨ ਬਿਕ੍ਰਮੀ ਨੂੰ ਆਪਣੇ ਦਾਦਾ ਦੀ ਗੱਦੀ ਤੇ ਬੈਠੇ। ਇਸ ਦਾ ਛੋਟਾ ਭਰਾ ਹਿੰਮਤ ਸਿੰਘ ਜੋ ਬੜਾ ਸਿਆਣਾ ਤੇ ਚਲਾਕ ਸੀ, ਆਕੀ ਹੋ ਕੇ ਪਟਯਾਲੇ ਤੇ ਕਬਜ਼ਾ ਕਰ ਬੈਠਾ। ਕਿੰਤੂ ਜੀਂਦ, ਕੈਥਲ ਤੇ ਨਾਭਾ ਰਿਆਸਤਾਂ ਦੀ ਮਿਲਵੀਂ ਮੱਦਦ ਦੇ ਨਾਲ ਰਾਜਾ ਅਮਰ ਸਿੰਘ ਨੇ ਹਿੰਮਤ ਸਿੰਘ ਨੂੰ ਪੱਟਯਾਲੇ ਤੋਂ ਨਸਾ ਦਿੱਤਾ ਤੇ ਹਿੰਮਤ ਸਿੰਘ ਨੇ ਇੱਥੋਂ ਨੱਸ ਕੇ ਭਵਾਨੀਗੜ੍ਹ ਦੇ ਕਿਲ੍ਹੇ ਤੇ ਜਾ ਕਬਜ਼ਾ ਕੀਤਾ। ਰਾਜਾ ਅਮਰ ਸਿੰਘ ਨੇ ਏਥੇ ਵੀ ਜਾ ਘੇਰਾ ਪਾਇਆ ਤੇ ਚਾਹੁੰਦਾ ਸੀ ਕਿ ਏਥੋਂ ਵੀ ਕੱਢ ਦਿੱਤਾ ਜਾਏ। ਕਿੰਤੂ ਰਾਣੀ ਫਤੋ ਨੇ ਦੋਹਾਂ ਭਰਾਵਾਂ ਦੀ ਸੁਲਾਹ ਕਰਾ ਦਿੱਤੀ ਤੇ ਭਵਾਨੀਗੜ੍ਹ ਦਾ ਇਲਾਕਾ ਹਿੰਮਤ ਸਿੰਘ ਦੇ ਪਾਸ ਰਹਿਣ ਦਾ ਫ਼ੈਸਲਾ ਕਰਾਇਆ।
੨੪. ਮਾਝੇ ਦੇ ਸਿੰਘਾਂ ਦਾ ਮਾਲੇਰ ਕੋਟਲੇ ਨਾਲ ਟਾਕਰਾ
ਮਾਝੇ ਦੇ ਕੁਝ ਸਿੰਘਾਂ ਨੇ ਮਹਾਰਾਜੇ ਦੇ ਇਲਾਕੇ ਤੇ ਹੱਥ ਵਧਾਇਆ, ਜਿਸ ਤੋਂ ਏਨੇ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਮੱਦਦ ਨਾਲ ਆਪਣਾ ਇਲਾਕਾ ਵਾਪਸ ਲੈ ਲਿਆ। ਰਾਜਾ ਅਮਰ ਸਿੰਘ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਤੋਂ ਅੰਮ੍ਰਿਤ ਛਕਿਆ ਸੀ। ਇਸ ਕਰ ਕੇ ਉਹ ਇਨ੍ਹਾਂ ਦੀ ਸਦਾ ਹੀ ਮਦਦ ਕਰਦਾ ਰਿਹਾ।