

ਰਾਜਾ ਅਮਰ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਨਾਲ ਲੈ ਕੇ ਮਲੇਰ ਕੋਟਲੇ ਦੇ ਪਠਾਣਾਂ ਤੇ ਚੜ੍ਹਾਈ ਕੀਤੀ। ਇਲਾਕਾ ਪਾਇਲ ਤੇ ਈਸਟਰ ਫਤਹ ਕਰ ਲਿਆ। ਇਲਾਕਾ ਈਸਟਰ ਮਹਾਰਾਜਾ ਸਾਹਿਬ ਨੇ ਆਪਣੇ ਵਲੋਂ ਸ੍ਰਦਾਰ ਜੱਸਾ ਸਿੰਘ ਨੂੰ ਭੇਟ ਵਿੱਚ ਦੇ ਦਿੱਤਾ ਤੇ ਪਾਇਲ ਵਿੱਚ ਪਟਯਾਲੇ ਦਾ ਕਬਜ਼ਾ ਰਿਹਾ। ਫਿਰ ਜਦ ੧੮੨੪ ਨੂੰ ਅਹਿਮਦ ਸ਼ਾਹ ਨੇ ਅੰਤਮ ਹਮਲਾ ਕੀਤਾ, ਤਦ ਰਾਜਾ ਅਮਰ ਸਿੰਘ ਉਸ ਨੂੰ ਪਿੰਡ ਕਰਾਹ ਬਵਾਨਾਜ ਮਿਲਿਆ ਤੇ ਛੀ ਲੱਖ ਦੇ ਕ੍ਰੀਬ ਹਰਜ਼ਾਨਾ ਦੇ ਕੇ ਬਾਦਸ਼ਾਹ ਨੂੰ ਬਹੁਤ ਖ਼ੁਸ਼ ਕੀਤਾ। ਬਾਦਸ਼ਾਹ ਨੇ ਰਾਜੇ ਨੂੰ ਤੋਹਫੇ-ਖਿਲਅਤ-ਤੇ ਰਾਜਾਏ ਰਾਜਗਾਨ ਬਹਾਦਰ* ਦਾ ਖਤਾਬ ਦਿੱਤਾ ਤੇ ਸਿੱਕਾ ਜਾਰੀ ਕਰਨ ਦੀ ਆਗਿਆ ਦੇ ਦਿੱਤੀ। ਸੋ ਉਸੇ ਯਾਦਗਾਰ ਵਿੱਚ ਪਟਿਆਲੇ ਦੇ ਸਿੱਕੇ ਤੇ ਇਹ ਗੱਲ ਲਿਖੀ ਜਾਂਦੀ ਹੈ ਕਿ:
ਹੁਕਮ ਸੁਦ ਅਜ਼ਕਾਦਰੇ ਬੇਚੂਨ ਬਾ ਐਹਮਦ ਸ਼ਾਹ
ਸਿਕਾਜ਼ਤ ਬਰ ਸੀਮੋਜ਼ਰ ਅਜ਼ਔਜੇ ਮਾਹੀ ਤਾਬ ਮਾਹ
ਤੇ ਦੂਜੇ ਪਾਸੇ ਤਖ਼ਤ ਤੇ ਬੈਠਣ ਦਾ ਸੰਨ ਤੇ ਹਰ ਵੇਲੇ ਦੇ ਰਾਜੇ ਦਾ ਨੀਯਤ ਨਿਸ਼ਾਨ ਜਿਹਾ ਕਿ ਮਹਾਰਾਜਾ ਅਮਰ ਸਿੰਘ ਦੀ ਕਲਗੀ, ਮਹਾਰਾਜਾ ਸਾਹਿਬ ਸਿੰਘ ਦੀ ਤਲਵਾਰ, ਮਹਾਰਾਜਾ ਕਰਮ ਸਿੰਘ ਦੀ ਸ਼ਮਸ਼ੇਰ, ਮਹਾਰਾਜਾ ਨਰਿੰਦਰ ਸਿੰਘ ਦਾ ਕੁੱਤਾ, ਮਹਾਰਾਜਾ ਮਹਿੰਦਰ ਸਿੰਘ ਦਾ ਪੇਸ਼ਕਬਜ਼, ਮਹਾਰਾਜਾ ਰਾਜਿੰਦਰ ਸਿੰਘ ਦੀ ਕਟਾਰ ਆਦਿਕ ਨਿਸ਼ਾਨ ਬਣੇ ਹੋਏ ਹਨ। ਇਸ ਸਮੇਂ ਮਹਾਰਾਜਾ ਅਮਰ ਸਿੰਘ ਨੇ ਜਿਹਾ ਕਿ ਦੂਜੇ ਹਿੱਸੇ ਵਿੱਚ ਦੱਸਿਆ ਜਾ ਚੁੱਕਾ ਹੈ ਕਿ ੧੫ ਹਜ਼ਾਰ ਹਿੰਦੂਆਂ ਨੂੰ ਜੋ ਬਾਦਸ਼ਾਹ ਮਥਰਾ ਦੇ ਇਲਾਕੇ ਵਿੱਚੋਂ ਕੈਦ ਕਰ ਕੇ ਲਿਆਇਆ ਸੀ, ਸਿਫਾਰਸ਼ ਕਰਨੇ ਤੇ ਤਿੰਨ ਲੱਖ ਰੁਪਯਾ ਆਪਣੇ ਪਾਸੋਂ ਦੇ ਕੇ ਛੁਡਾ ਦਿੱਤਾ ਤੇ ਹਰ ਇੱਕ ਨੂੰ ਖ਼ਰਚ ਦੇ ਕੇ ਆਪਣੇ ਘਰ ਪੁਚਾ ਦਿੱਤਾ। ਇਹੋ ਹੀ ਕਾਰਨ ਹੈ ਕਿ ਇਹ ਰਾਜਾ ਬੰਦੀਛੋੜ ਦੇ ਨਾਮ ਤੋਂ ਪ੍ਰਸਿੱਧ ਹੋ ਗਿਆ।
੨੫. ਸਰਦਾਰ ਬਘੇਲ ਸਿੰਘ ਦਾ ਪਟਿਆਲੇ ਤੇ ਹੱਲਾ
ਸੰਮਤ ੧੮੨੬ ਬਿਕ੍ਰਮੀ ਵਿੱਚ ਸਰਦਾਰ ਬਘੇਲ ਸਿੰਘ ਦੇ ਦੁਲਚਾ ਸਿੰਘ ਸ਼ਾਹਆਬਾਦੀ ਜੋ ਮਾਝੇ ਦੇ ਰਹਿਣ ਵਾਲੇ ਸਨ, ਸਰਦਾਰ ਅਮਰ ਸਿੰਘ ਨਾਲ ਕੁਝ ਅਜੋੜ ਹੋ ਜਾਣ ਤੇ ਇਨ੍ਹਾਂ ਨੇ ਇੱਕ ਭਾਰੀ ਫੌਜ ਦੇ ਨਾਲ ਪਟਿਆਲੇ ਤੇ ਚੜ੍ਹਾਈ ਕਰ ਦਿੱਤੀ। ਉਸ ਵੇਲੇ ਰਾਜਾ ਅਮਰ ਸਿੰਘ ਮੋਨਕ ਦੇ ਇਲਾਕੇ ਵਿੱਚ ਭੱਟੀ ਰਾਜਪੂਤਾਂ ਨਾਲ ਲੜ ਰਿਹਾ ਸੀ। ਇਹ ਖ਼ਬਰ ਸੁਣਦੇ ਹੀ ਉੱਥੇ ਬਖ਼ਸ਼ੀ ਭਾਨ ਸਿੰਘ, ਦਰਯਾ ਸਿੰਘ, ਜੋਧ ਸਿੰਘ ਆਦਿਕ ਸਰਦਾਰਾਂ ਨੂੰ ਕੰਵਰ ਹਿੰਮਤ ਸਿੰਘ ਦੀ ਕਮਾਨ ਵਿੱਚ ਛੱਡ ਕੇ ਆਪ ਝੱਟ ਪੱਟ ਪਟਿਆਲੇ ਵਾਪਸ ਆ ਗਿਆ ਤੇ ਆਪਣੇ ਸਾਰੇ ਮਿੱਤਰਾਂ ਨੂੰ ਇਕੱਠਾ ਕਰ ਕੇ ਮਾਨ ਸਿੰਘ, ਲਖਨਾ ਡੋਗਰਾ, ਬਖਤਾ ਸਿੰਘ, ਮੁਲਰਾਜ ਸਿੰਘ ਲੋਂਗੋਵਾਲੀਆ, ਅਲਾਵਲ ਖਾਂ ਰੋਹੇਲਾ, ਗ਼ੁਲਾਮ ਰਸੂਲ ਖਾਂ ਬੀੜ ਵਾਲਾ ਆਦਿਕਾਂ ਨੂੰ ਫੌਜ ਦੇ ਕੇ ਭੇਜਿਆ ਤੇ ਕਸਬਾ ਘੜਾਮ ਦੇ ਪਾਸ ਟਾਕਰਾ ਹੋ ਗਿਆ। ਤਿੰਨ ਦਿਨ ਤੱਕ ਦੋਹਾਂ ਪਾਸਿਆਂ ਤੋਂ ਲੜਾਈ ਹੁੰਦੀ ਰਹੀ। ਕਿੰਤੂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਵਿੱਚ ਪੈ ਕੇ ਸਰਦਾਰ ਅਮਰ ਸਿੰਘ ਤੇ ਸਰਦਾਰ ਬਘੇਲ ਸਿੰਘ ਦੀ ਆਪਸ ਵਿੱਚ ਸੁਲਾਹ ਕਰਾ ਦਿੱਤੀ। ਰਾਜਾ ਅਮਰ ਸਿੰਘ ਨੇ ਆਪਣੇ ਲੜਕੇ ਸਾਹਿਬ ਸਿੰਘ ਨੂੰ ਸਰਦਾਰ ਬਘੇਲ ਸਿੰਘ ਦੇ ਹਥੋਂ ਅੰਮ੍ਰਿਤ ਛਕਾਇਆ, ਜਿਸ ਤੋਂ ਸਰਦਾਰ ਬਘੇਲ ਸਿੰਘ ਸਰਦਾਰ ਅਮਰ ਸਿੰਘ ਦਾ ਸਦਾ ਦਾ ਸਾਥੀ ਬਣ ਗਿਆ। ਉੱਧਰ ਮੋਨਕ ਦਾ ਜੰਗ ਵੀ ਕੰਵਰ ਹਿੰਮਤ ਸਿੰਘ ਨੇ ਫਤਹਿ ਕਰ ਲਿਆ।
-----------------------
*ਰਾਜਾ ਦਾ ਖਤਾਬ ਅਹਿਮਦ ਸ਼ਾਹ ਅਬਦਾਲੀ ਨੇ ਰਾਜਾ ਆਲਾ ਸਿੰਘ ਨੂੰ ਬਰਨਾਲੇ ਦਿੱਤਾ ਸੀ ਤੇ ਨਾਲ ਹੀ ਨਗਾਰਾ ਤੇ ਸਿੱਕਾ ਚਲਾਣ ਦੇ ਅਖ਼ਤਿਆਰ ਦਿੱਤੇ ਸਨ ਤੇ ਮਹਾਰਾਜਾ ਰਾਜਗਾਨ ਸ਼ਾਹੀ ਮਰਾਤਬੇ ਸਮੇਤ ਇਸੇ ਥਾਂ ਤੇ ਰਾਜਾ ਅਮਰ ਸਿੰਘ ਸਾਹਿਬ ਬਹਾਦਰ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਦਿੱਤਾ ਸੀ।