

ਘਿਰ ਗਿਆ। ਅੰਤ ਨੂੰ ਜਦ ਉਸ ਨੇ ਕੋਈ ਕਾਮਯਾਬੀ ਦੀ ਸੂਰਤ ਨਾ ਵੇਖੀ, ਤਦ ਭਾਈ ਦੇਸੂ ਸਿੰਘ ਤੇ ਰਾਜਾ ਜੀਂਦ ਜੋ ਉਹਦੇ ਦੋਸਤ ਸਨ, ਉਹਨਾਂ ਦੀ ਰਾਹੀਂ ਸਲਾਹ ਦਾ ਸੁਨੇਹਾ ਭੇਜਿਆ। ਰਾਜਾ ਅਮਰ ਸਿੰਘ ਨੇ ਉਹਨੂੰ ਮਾਫ਼ ਕਰ ਦਿੱਤਾ, ਉਹਦੀ ਜਾਨ ਬਖ਼ਸ਼ੀ ਕਰ ਕੇ ਤਹਾਈ ਦੇ ਦਿੱਤੀ ਤੇ ਡੇਹਰਾ ਦੇ ਇਲਾਕੇ ਵਿੱਚ ਹੋਰ ਕਈ ਪਿੰਡ ਉਹਦੀ ਜਾਗੀਰ ਵਿੱਚ ਵਧਾ ਦਿੱਤੇ। ੧੮੩੧ ਬਿਕ੍ਰਮੀ ਮੁਤਾਬਕ ੧੭੭੪ ਈਸਵੀ ਨੂੰ ਹਿੰਮਤ ਸਿੰਘ ਲੌਂਗੋਵਾਲ ਦੇ ਅਸਥਾਨ ਤੇ ਚਲਾਣਾ ਕਰ ਗਿਆ। ਰਾਜਾ ਅਮਰ ਸਿੰਘ ਨੇ ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਤੇ ਉਹਦੀ ਵਿਧਵਾ ਨਾਲ ਆਪਣਾ ਆਨੰਦ ਪੜ੍ਹਾ ਲਿਆ।
੩੦. ਸਿਮਰੂ ਸਾਹਿਬ ਦਾ ਜੰਗ
ਸੰਮਤ ੧੮੩੧ ਬਿਕ੍ਰਮੀ ਨੂੰ ਸਰੋਨਾ ਵਾਲੇ ਫਰਾਂਸੀਸ ਸਮਰੂ ਸਾਹਿਬ ਦਰਬਾਰ ਦਿਲੀ ਵਲੋਂ ਰਿਆਸਤ ਜੀਂਦ ਤੇ ਜਦ ਹਮਲਾ ਕੀਤਾ, ਤਦ ਰਾਜਾ ਅਮਰ ਸਿੰਘ ਨੇ ਸਰਦਾਰ ਸੁਖਦਾਸ ਮਾਨ ਸਿੰਘ, ਬੂਟਾ ਸਿੰਘ ਆਦਿਕਾਂ ਨੂੰ ੫੦੦੦ ਸਵਾਰ ਦੇ ਕੇ ਰਾਜਾ ਗਜਪਤ ਸਿੰਘ ਵਾਲੀਏ ਜੀਂਦ ਦੀ ਸਹਾਇਤਾ ਲਈ ਭੇਜਿਆ, ਜਿਨ੍ਹਾਂ ਨੇ ਪਾਨੀਪਤ ਦੇ ਕਰੀਬ ਇੱਕ ਜਾਨ ਹੂਲਵੇਂ ਜੰਗ ਦੇ ਵਿੱਚ ਸਮਰੂ ਸਾਹਿਬ ਨੂੰ ਸ਼ਕਸਤ ਦਿੱਤੀ। ਫਿਰ ਰਾਜਾ ਅਮਰ ਸਿੰਘ ਨੇ ਨਾਹਨ ਵਾਲੇ ਰਾਜੇ ਦੀ ਪ੍ਰੇਰਨਾ ਤੋਂ ਕਸਬਾ ਸੈਫ਼ਆਬਾਦ ਨੂੰ ਫਤਹਿ ਕਰ ਕੇ ਉੱਥੋਂ ਦੇ ਗੁਲਬੇਗ ਖਾਂ ਕਿਲ੍ਹੇਦਾਰ ਦੀ ੭ ਰੁਪਯੇ ਰੋਜ਼ ਪਿਨਸ਼ਨ ਨੀਯਤ ਕਰ ਦਿੱਤੀ ਤੇ ਸੇਫ ਅਲੀ ਖਾਂ ਦੀ ਸੰਤਾਨ ਦੇ ਵਾਸਤੇ ਪਿੰਡ ਰਸੂਲ ਪੁਰ ਛੱਡ ਕੇ ਓਹਦਾ ਕੁਲ ਇਲਾਕਾ ਇੱਕ ਲੱਖ ਦਾ ਆਪਣੇ ਕਬਜ਼ੇ ਵਿੱਚ ਕਰ ਲਿਆ।
੩੧. ਹਿਸਾਰ ਦੀ ਜਿੱਤ
ਇਸੇ ਸਾਲ ਰਾਜਾ ਅਮਰ ਸਿੰਘ ਨੇ ਭੱਟੀਆਂ ਦੇ ਇਲਾਕੇ ਤੇ ਚੜ੍ਹਾਈ ਕਰ ਕੇ ਹਿਸਾਰ ਦੇ ਕਿਲ੍ਹੇ ਨੂੰ ਘੇਰ ਲਿਆ। ਦੋਹਾਂ ਧਿਰਾਂ ਵਲੋਂ ਉੱਥੇ ਸਖ਼ਤ ਲੜਾਈ ਹੋਈ। ੪੦੦ ਦੇ ਕਰੀਬ ਪਟਯਾਲੇ ਦੇ ਸਿਪਾਹੀ ਤੇ ਸਰਦਾਰ ਨਥਾ ਸਿੰਘ ਆਦਿਕ ਕਾਲੇ ਦੇ ਕੁਝ ਸਰਦਾਰ ਮਾਰੇ ਗਏ ਤੇ ੧੪੦੦ ਸਿਪਾਹੀ ਭੱਟੀਆਂ ਦਾ ਮਾਰਿਆ ਗਿਆ। ਫਤੇਹ ਰਾਜਾ ਅਮਰ ਸਿੰਘ ਦੀ ਹੋਈ ਤੇ ਉਸ ਨੇ ਇਸ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ। ਬਹੁਤ ਸਾਰਾ ਖ਼ਜ਼ਾਨਾ ਤੋਪਖਾਨਾ ਤੇ ਰਾਜ ਦਾ ਸਾਮਾਨ ਰਾਜੇ ਦੇ ਹੱਥ ਆਇਆ।
੩੨. ਜੀਂਦ ਦਾ ਜੰਗ ਰਾਣੀ ਤੇ ਸਰਸੇ ਦੀ ਫਤਹਿ
ਇਸ ਤੋਂ ਪਿੱਛੋਂ ਰਾਜਾ ਅਮਰ ਸਿੰਘ ਨੇ ਫ਼ਤਹਿਆਬਾਦ ਤੇ ਸਰਸੇ ਦੇ ਕਿਲ੍ਹੇ ਤੇ ਕਬਜ਼ਾ ਕਰ ਕੇ ਕਸਬਾ ਰਾਣੀਆਂ ਵਲ ਧਿਆਨ ਕੀਤਾ। ਇਹ ਕਿਲ੍ਹਾ ਮੁਹੰਮਦ ਅਮੀਨ ਖਾਂ ਭੱਟੀ ਦੇ ਕਬਜ਼ੇ ਵਿੱਚ ਸੀ। ਇਸੇ ਥਾਂ ਤੇ ਇਸ ਨੂੰ ਖ਼ਬਰ ਮਿਲੀ ਕਿ ਰਹੀਮ ਖਾਂ ਸੂਬੇਦਾਰ ਹਾਂਸੀ ਨੇ ਮੁਸਲਮਾਨਾਂ ਦੀ ਇੱਕ ਬੜੀ ਭਾਰੀ ਭੀੜ ਲੈ ਕੇ ਜੀਂਦ ਦਾ ਘੇਰਾ ਪਾ ਲਿਆ ਹੈ। ਸੋ ਉਸੇ ਵੇਲੇ ਉਸ ਨੇ ਦੀਵਾਨ ਨਾਨੂ ਮੱਲ ਨੂੰ ਫੌਜ ਦਾ ਇੱਕ ਦਸਤਾ ਤੋਪਖਾਨੇ ਸਮੇਤ ਦੇ ਕੇ ਰਾਜਾ ਗਜਪਤ ਸਿੰਘ ਵਾਲੀਏ ਜੀਂਦ ਦੀ ਮਦਦ ਲਈ ਰਵਾਨਾ ਕਰ ਦਿੱਤਾ। ਪਿੱਛੋਂ ਰਾਣੀਆਂ ਦੇ ਮੋਰਚੇ ਦਾ ਪ੍ਰਬੰਧ ਸੁਖਦਾਸ ਸਿੰਘ ਨੂੰ ਸੌਂਪ ਕੇ ਆਪ ਵੀ ਉਸੇ ਪਾਸੇ ਟੁਰ ਪਿਆ। ਨਾਨੂਮਲ ਨੇ ਕੈਥਲ ਆਦਿਕ ਤੇ ਫੂਲ ਦੇ ਸਾਰੇ ਰਾਜਿਆਂ ਨੂੰ ਜੋ ਜੀਂਦ ਦੀ ਮਦਦ ਲਈ ਆਏ ਹੋਏ ਸਨ, ਮਿਲ ਕੇ ਬੜਾ ਸਖ਼ਤ ਹੱਲਾ ਬੋਲ ਦਿੱਤਾ ਤੇ ਮੁਸਲਮਾਨਾਂ ਨੂੰ ਅਜਿਹੀ ਸਖ਼ਤ ਸ਼ਕਸਤ ਦਿੱਤੀ ਕਿ ਉਹ ੭ ਕੋਹ ਪਿਛੇ ਹਟ ਗਏ। ਉਹਨਾਂ ਦੇ ਬਹੁਤ ਸਾਰੇ ਘੋੜੇ ਚਾਰ ਹਾਥੀਆਂ ਦੀਆਂ ਜ਼ੰਜ਼ੀਰਾਂ ਤੇ ਬਹੁਤ ਸਾਰਾ ਅਸਬਾਬ ਦੀਵਾਨ ਨਾਨੂ ਮਲ ਦੇ ਹੱਥ ਆਇਆ। ਫਿਰ ਇਸ ਸਮੇਂ ਨੂੰ ਉਚਿਤ ਜਾਣ ਜੀਂਦ ਵਾਲੇ ਰਾਜੇ ਨੂੰ ਨਾਲ ਲੈ ਕੇ ਹਾਂਸੀ ਹਿਸਾਰ ਰੋਹਤਕ ਆਦਿਕਾਂ ਨੂੰ ਤਲਵਾਰ ਦੇ ਜ਼ੋਰ ਨਾਲ ਜਿੱਤ ਕੇ ਆਪਣੇ ਕਬਜ਼ੇ ਵਿੱਚ ਕਰ ਲਿਆ। ਪ੍ਰਗਣਾਂ ਰੋਹਾਣਾ ਤੇ ਰੋਹਤਕ ਜੀਂਦ ਦੇ ਸਪੁਰਦ ਕੀਤਾ ਤੇ ਹਾਂਸੀ ਹਿਸਾਰ ਨੂੰ ਆਪਣੇ ਮਾਲਕ ਰਾਜਾ ਅਮਰ ਸਿੰਘ ਦੇ ਕਬਜ਼ੇ ਵਿੱਚ ਕੀਤਾ।