Back ArrowLogo
Info
Profile

ਸੁਖਦਾਸ ਸਿੰਘ ਨੇ ਆਪਣੇ ਮੋਰਚੇ ਕਿਲ੍ਹੇ ਰਾਣੀਆਂ ਨੂੰ ਫਤਹਿ ਕਰ ਕੇ ਚਾਰ ਮਹੀਨੇ ਇਧਰ ਲਾ ਕੇ ਸਰਸਾ ਨੂੰ ਕਾਬੂ ਕਰ ਕੇ ਭੱਟੀਆਂ ਦੀ ਹਕੂਮਤ ਨੂੰ ਉੱਕਾ ਮਿਟਾ ਦਿੱਤਾ।

੩੩. ਭਟਨੇਰ ਤੇ ਹਮਲਾ

ਇਸ ਖ਼ੁਸ਼ਖਬਰੀ ਦੇ ਸੁਣਨ ਤੋਂ ਪਿੱਛੋਂ ਰਾਜਾ ਅਮਰ ਸਿੰਘ ਨੇ ਪਟਯਾਲੇ ਤੋਂ ਦੱਖਣ ਵਲ ਕੂਚ ਕੀਤਾ। ਸਰਸਾ ਤਕ ਦੇ ਸਾਰੇ ਇਲਾਕਿਆਂ ਵਿੱਚੋਂ ਜੋ ਉਸ ਵੇਲੇ ਉਹਦੇ ਅਧੀਨ ਸੀ, ਬਹੁਤ ਸਾਰਾ ਮਾਮਲਾ ਵਸੂਲ ਕਰ ਕੇ ਕਿਲ੍ਹਾ ਭਟਨੇਰ* ਤੇ ਹਮਲਾ ਕੀਤਾ। ਭਾਰੀ ਲੜਾਈ ਦੇ ਮਗਰੋਂ ਉੱਥੋਂ ਦੇ ਵਸਨੀਕਾਂ ਨੇ ਹਥਯਾਰ ਰੱਖ ਦਿਤੇ। ਇਸ ਕਰ ਕੇ ਇਹਨਾਂ ਨੇ ਮੁਹੰਮਦ ਅਮੀਨ ਖਾਂ ਮੁਹੰਮਦ ਹਸਨ ਖਾਂ ਪਾਸ ਕੇਵਲ ਸਤ ਪਿੰਡ ਤੇ ਕਿਲ੍ਹਾ ਭਟਨੇਰ ਜਾਗੀਰ ਵਜੋਂ ਛੱਡ ਦਿੱਤਾ।

੩੪. ਦੇਹਲੀ ਦੇ ਵਜ਼ੀਰ ਦਾ ਹੱਲਾ ਤੇ ਆਪੋ ਵਿੱਚ ਇਕਰਾਰ

ਦਿੱਲੀ ਦੀ ਬਾਦਸ਼ਾਹੀ ਦੀ ਹਾਲਤ ਚੌਖੇ ਚਿਰ ਤੋਂ ਵਿਗੜੀ ਹੋਈ ਸੀ ਤੇ ਕੇਵਲ ਨਾਮਮਾਤਰ ਰਹਿ ਗਈ ਸੀ। ਕਿੰਤੂ ਇਨ੍ਹਾਂ ਦਿਨਾਂ ਵਿੱਚ ਵਕਫ ਖਾਂ ਨਾਮ ਦਾ ਇੱਕ ਲਾਇਕ ਵਜ਼ੀਰ ਮਿਲ ਗਿਆ ਸੀ, ਇਸ ਨੇ ਚਾਹਿਆ ਕਿ ਹੱਥ ਪੈਰ ਮਾਰ ਕੇ ਉਹ ਇਲਾਕਾ ਜੋ ਰਹੀਮ ਦਾਦ ਖਾਂ ਪਾਸੋਂ ਸਿੱਖਾਂ ਨੇ ਫਤਹਿ ਕਰ ਲਿਆ ਹੋਇਆ ਹੈ, ਵਾਪਸ ਲੈ ਕੇ ਤੇ ਇਸ ਤਰ੍ਹਾਂ ਆਪਣੀ ਮਿਟਦੀ ਜਾ ਰਹੀ ਸਲਤਨਤ ਦੇ ਚਿੰਨ੍ਹ ਫਿਰ ਕਾਇਮ ਕਰ ਲਏ ਜਾਣ। ਸੋ ਇਸ ਕਰ ਕੇ ਉਸ ਨੇ ਸ਼ਾਹੀ ਫੌਜ ਨੂੰ ਨਾਲ ਲੈ ਕੇ ਕੂਚ ਕੀਤਾ। ਇਧਰੋਂ ਰਾਜਾ ਅਮਰ ਸਿੰਘ ਨੇ ਦੀਵਾਨ ਰਾਮ ਦਿਆਲ ਨਾਨੂ ਮਲ ਨੂੰ ਬਹੁਤ ਸਾਰੀ ਫੌਜ ਦੇ ਕੇ ਭੇਜਿਆ। ਭਾਵੇਂ ਆਪੋ ਵਿੱਚ ਇੱਕ ਦੋ ਟਾਕਰੇ ਹੀ ਹੋਏ, ਕਿੰਤੂ ਅੰਤ ਨੂੰ ਜ਼ਾਬਤਾ ਖਾਂ ਰੋਹੇਲਾ ਜੋ ਨਵਾਬ ਨਜੀਬਉਦੌਲਾ ਦਾ ਪੁੱਤ ਸੀ, ਦੇ ਯਤਨਾਂ ਨਾਲ ਰਾਜਾ ਅਮਰ ਸਿੰਘ ਤੇ ਦਿਲੀ ਦੇ ਵਜ਼ੀਰ ਦੇ ਵਿਚਕਾਰ ਸ਼ਰਤਾਂ ਤੇ ਇਕਰਾਰਨਾਮੇ ਹੋਣ ਤੱਕ ਹਾਲਾਤ ਆ ਗਈ। ਜੀਂਦ ਦੇ ਮੁਕਾਮ ਤੇ ਰਾਜਾ ਅਮਰ ਸਿੰਘ ਦੀ ਵਜ਼ੀਰ ਨਾਲ ਮੁਲਾਕਾਤ ਹੋਈ ਤੇ ਇਹ ਫੈਸਲਾ ਹੋਇਆ ਕਿ ਇਲਾਕਾ ਹਾਂਸੀ ਹਿਸਾਰ ਤੇ ਰੋਹਤਕ ਤੱਕ ਦਿਲੀ ਦੀ ਸਲਤਨਤ ਨੂੰ ਵਾਪਸ ਕਰ ਦਿੱਤਾ ਜਾਵੇ। ਬਾਕੀ ਫਤਹਿਅਬਾਦ ਰਾਣੀਆਂ ਤੇ ਸਰਸਾ ਅੱਗੇ ਵਾਂਗ ਪਟਯਾਲੇ ਦੇ ਵਿੱਚ ਸ਼ਾਮਲ ਰਹਿਣ: ਇਸ ਤੋਂ ਛੁਟ ਜੀਂਦ ਵਾਲਿਆਂ ਨੇ ਜਿੰਨੇ ਸ਼ਹਿਰਾਂ ਦੇ ਕਬਜ਼ੇ ਕੀਤੇ ਸਨ, ਉਹਨਾਂ ਵਿੱਚੋਂ ੭ ਇਨ੍ਹਾਂ ਨੂੰ ਮਿਲ ਗਏ।

੩੫. ਫ਼ਰੀਦਕੋਟ ਤੇ ਚੜ੍ਹਾਈ

ਸੰਮਤ ੧੮੩੫ ਬਿ. ਨੂੰ ਰਾਜਾ ਅਮਰ ਸਿੰਘ ਨੇ ਫਰੀਦਕੋਟ ਤੇ ਕੋਟਕਪੂਰੇ ਵਲ ਧਿਆਨ ਦਿੱਤਾ ਤੇ ਸ੍ਰਦਾਰ ਝੰਡੂ ਸਿੰਘ ਦੇ ਮਾਤੈਹਤ ਇੱਕ ਫੌਜ ਭੇਜੀ, ਕਿੰਤੂ ਇਸ ਇਲਾਕੇ ਦੇ ਆਕੜ ਖਾਂ ਲੋਕਾਂ ਦੇ ਜ਼ੋਰ ਨਾਲ ਇਸ ਪਾਸੇ ਕਬਜ਼ਾ ਕਰਨ ਵਿੱਚ ਕਾਮਯਾਬੀ ਨਹੀਂ ਹੋਈ।

੩੬. ਮਨੀ ਮਾਜਰੇ ਤੇ ਹਮਲਾ

੧੮੩੬ ਬਿਕ੍ਰਮੀ ਨੂੰ ਰਾਜਾ ਅਮਰ ਸਿੰਘ ਨੇ ਗ਼ਰੀਬ ਦਾਸ ਮਨੀ ਮਾਜਰੇ ਵਾਲਾ ਤੇ ਹਰੀ ਸਿੰਘ ਰਈਸ ਸਿਆਲੀਆਂ ਵੱਲ ਨਜ਼ਰ ਫ਼ੇਰੀ ਤੇ ਰੋਪੜ ਤੱਕ ਨਜ਼ਰ ਦੌੜਾਈ। ਮਨੀ ਮਾਜਰੇ ਦਾ ਸਰਦਾਰ ਅਜੇ ਆਪਣੇ ਦੋਸਤ ਨੂੰ ਸੱਦ ਵੀ ਨਹੀਂ ਸਕਿਆ ਸੀ ਕਿ ਰਾਜਾ ਅਮਰ ਸਿੰਘ ਨੇ ਉਸ ਇਲਾਕੇ ਵਿੱਚ ਅੱਪੜ ਕੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਗ਼ਰੀਬ ਦਾਸ ਨੇ ਨੱਸ ਕੇ ਕਿਲ੍ਹੇ ਵਿੱਚ ਪਨਾਹ ਲਈ ਤੇ ਤਿੰਨ ਮਹੀਨੇ ਤਕ ਬਰਾਬਰ ਅੰਦਰੋਂ ਲੜਦਾ ਰਿਹਾ। ਅੰਤ ਨੂੰ ਉਹਨੇ ਇੱਕ ਤਕੜੀ ਰਕਮ ਨਜ਼ਰਾਨੇ ਵਜੋਂ ਭੇਜ ਕੇ ਰਾਜਾ ਅਮਰ ਸਿੰਘ ਦੀ ਅਧੀਨਤਾ ਸਵੀਕਾਰ ਕੀਤੀ।

----------------------

*ਇਹ ਕਿਲ੍ਹਾ ਵੀ ਬਠਿੰਡੇ ਦੇ ਕਿਲ੍ਹੇ ਵਾਂਗ ਬੜਾ ਮਜ਼ਬੂਤ ਤੇ ਪੁਰਾਣਾ ਕਿਲ੍ਹਾ ਹੈ। ਇੱਥੇ ਸੂਰਤ ਨਾਮ ਦੀ ਇੱਕ ਨਦੀ ਵਗਦੀ ਹੈ, ਜਿਸ ਦੀ ਸ਼ਾਖ ਹੁਣ ਵੀ ਥੋੜ੍ਹੀ ਜਿਹੀ ਉਹਦੇ ਹੇਠ ਵਗਦੀ ਹੈ। ਬਠਿੰਡੇ ਦੇ ਹੇਠ ਜੋ ਅਕੜਾ ਨਾਮ ਦੀ ਨਦੀ ਵਗਦੀ ਸੀ, ਉਹ ਉੱਕਾ ਬੰਦ ਹੋ ਗਈ ਹੈ। ਕਹਿੰਦੇ ਹਨ ਬਠਿੰਡੇ ਤੇ ਭਟਨੇਰ ਦੇ ਵਿਚਕਾਰ ਇੱਕ ਸੁਰੰਗ ਸੀ, ਜਿਸ ਵਿਚ ਊਠ ਚਲਾ ਜਾਂਦਾ ਸੀ।

26 / 181
Previous
Next