Back ArrowLogo
Info
Profile

ਸਿੰਘ ਦੇ ਵੇਲੇ ਬੜੀਆਂ ਹਛੀਆਂ ਖਿਦਮਤਾਂ ਕੀਤੀਆਂ, ਮੁਲਕੀ ਤੇ ਮਾਲੀ ਦੋਨਾਂ ਮਾਮਲਿਆਂ ਵਿੱਚ ਇਹਨੂੰ ਬੜੀ ਯੋਗਤਾ ਸੀ। ਕਿੰਤੂ ਸਰ ਲੈਪਲ ਗ੍ਰਿਫਨ ਸਾਹਿਬ ਦੇ ਲਿਖੇ ਅਨੁਸਾਰ ਇਸ ਦਾ ਇੱਕ ਇਹ ਬੜਾ ਨੁਕਸ ਸੀ ਕਿ ਸਿੱਖ ਸਰਦਾਰਾਂ ਨਾਲ ਇਸ ਦੀ ਕੁਝ ਅਣਬਣ ਰਹਿੰਦੀ ਸੀ, ਜਿਸ ਦਾ ਫ਼ਲ ਇਹ ਹੋਇਆ ਕਿ ਇਸ ਦੇ ਵੀ ਕਈ ਵੈਰੀ ਹੋ ਗਏ, ਕਿਉਂਕਿ ਇਸ ਦੀ ਉੱਨਤੀ ਦਾ ਸਾਧਨ ਸਿੱਖ ਹੀ ਸਨ ਅਤੇ ਇਹਨਾਂ ਦਾ ਹੀ ਮਾਲ ਧਨ ਲੈ ਕੇ ਵਡਾ ਹੋਇਆ ਸੀ। ਸੋ ਇਹਨਾਂ ਤੋਂ ਹੀ ਬਾਗ਼ੀ ਹੋ ਗਿਆ।

੪੧. ਕਿਲ੍ਹਾ ਭਵਾਨੀਗੜ੍ਹ ਦੀ ਬਗਾਵਤ

ਸਾਹਿਬ ਸਿੰਘ ਦੇ ਗੱਦੀ ਤੇ ਬੈਠਦਿਆਂ ਹੀ ਚਾਰੇ ਪਾਸੀਂ ਵਿਦਰੋਹ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਰਾਣੀ ਦੇਸੂ ਦੇ ਭਰਾ ਮਹਾਂ ਸਿੰਘ ਨੇ ਭਵਾਨੀਗੜ੍ਹ ਦੇ ਕਿਲ੍ਹੇ ਵਿੱਚ ਬਗਾਵਤ ਕਰ ਦਿੱਤੀ। ਦੀਵਾਨ ਨਾਨੂ ਮਲ ਫੌਜ ਲੈ ਕੇ ਗਿਆ, ਤਿੰਨ ਮਹੀਨੇ ਲੜਾਈ ਹੁੰਦੀ ਰਹੀ। ਮਹਾਂ ਸਿੰਘ ਨੂੰ ਰਾਜ ਤੋਂ ਹਟਾ ਕੇ ਇੱਕ ਲਖ ਰੁਪਯਾ ਜ਼ੁਰਮਾਨਾ ਵਸੂਲ ਕੀਤਾ। ਅਜੇ ਇਸ ਝੇੜੇ ਦਾ ਚੰਗੀ ਤਰ੍ਹਾਂ ਫੈਸਲਾ ਨਹੀਂ ਹੋਇਆ ਸੀ ਕਿ ਕੋਟ ਸਮੇਰ ਵਿੱਚ ਬਖ਼ਸ਼ ਸਿੰਘ ਸਾਲੂ ਦੀ ਵਿਧਵਾ ਤੇ ਸੁ: ਸੁਖਚੈਨ ਸਿੰਘ ਬਠਿੰਡੇ ਦੇ ਰਈਸ ਦੀ ਲੜਕੀ ਰਾਜ ਕੌਰ ਨੇ ਵਿਦਰੋਹ ਕਰ ਦਿੱਤਾ। ਦੀਵਾਨ ਨਾਨੂ ਮਲ ਫੌਜ ਲੈ ਕੇ ਅੱਪੜ ਗਿਆ ਤੇ ਇਸ ਫਸਾਦ ਨੂੰ ਵੀ ਦਬਾ ਦਿੱਤਾ। ਇਸ ਤੋਂ ਪਿੱਛੋਂ ਭਿਖੀ ਵਿੱਚ ਫਸਾਦ ਹੋ ਗਿਆ, ਜੋ ਇਨ੍ਹਾਂ ਦੋਨਾਂ ਰੌਲਿਆਂ ਨਾਲੋਂ ਸਖ਼ਤ ਸੀ ਅਰਥਾਤ ਰਾਜਾ ਅਮਰ ਸਿੰਘ ਦੀ ਰਾਣੀ ਖੇਮ ਕੌਰ ਦੇ ਭਰਾ ਸੁਦਾਰ ਆਲਾ ਸਿੰਘ ਤੇ ਪਾਖਰ ਸਿੰਘ ਨੇ ਭੰਮਾ ਸਿੰਘ ਵਹਾਲੀ ਵਾਲਾ ਪਿੰਡ ਫਟਕੜੀ ਵਾਲੇ ਨੂੰ ਜੋ ਓਥੇ ਰਿਆਸਤ ਪਟਯਾਲੇ ਵਲੋਂ ਹਾਕਮ ਸੀ, ਕੱਢ ਦਿੱਤਾ ਤੇ ਆਪ ਓਥੇ ਕਬਜ਼ਾ ਕਰ ਲਿਆ।

੪੨. ਭਿਖੀ ਤੇ ਚੜ੍ਹਾਈ

ਦੀਵਾਨ ਨਾਨੂ ਮਲ ਨੇ ਫਿਰ ਫੌਜ ਦੀ ਤਯਾਰੀ ਦਾ ਹੁਕਮ ਦਿੱਤਾ। ਨਾਭਾ, ਜੀਂਦ, ਭਦੌੜ, ਮਾਲੇਰਕੋਟਲਾ ਆਦਿਕ ਜਗ੍ਹਾ ਦੀ ਫੌਜ ਲੈ ਕੇ ਰਾਣੀ ਹੁਕਮਾਂ ਦੇ ਕਮਾਨ ਵਿੱਚ ਕੂਚ ਕੀਤਾ। ਆਲਾ ਸਿੰਘ ਨੂੰ ਪਿੰਡ ਵਿੱਚ ਜਾ ਕੇ ਘੇਰ ਲਿਆ। ਆਲਾ ਸਿੰਘ ਨੇ ਲੜਾਈ ਦੀ ਤਾਕਤ ਨਾ ਰਖਣੇ ਦੇ ਕਾਰਨ ਤਲਵੰਡੀ ਦੀ ਰਾਹ ਲਈ। ਨਾਨੂ ਮਲ ਦੀ ਫੌਜ ਨੇ ਪਿੱਛਾ ਕੀਤਾ ਤੇ ਆਲਾ ਸਿੰਘ ਨੂੰ ਕੈਦ ਕਰ ਕੇ ਪਟਯਾਲੇ ਲੈ ਆਂਦਾ, ਜਿੱਥੋਂ ਕੁਝ ਸਮਾਂ ਕੈਦ ਰਹਿਣ ਦੇ ਮਗਰੋਂ ਸੋਢੀ ਹਰਨਾਮ ਸਿੰਘ ਦੀ ਸਿਫਾਰਸ਼ ਨਾਲ ਤਿੰਨ ਲਖ ਰੁਪਯਾ ਜੁਰਮਾਨਾ ਦੇ ਕੇ ਛੁਟਕਾਰਾ ਪਾਇਆ ਤੇ ਧਾਮੂ ਮਜ਼ਰਾ ਆਦਿਕ ਕੁਝ ਪਿੰਡ ਉਹਨੂੰ ਗੁਜ਼ਾਰੇ ਦੇ ਵਾਸਤੇ ਦਿੱਤੇ ਗਏ।

੪੩. ਹੋਰ ਔਕੜਾਂ

ਸੰਮਤ ੧੮੪੦ ਬਿ. ਨੂੰ ਇਸ ਮੁਲਕ ਵਿੱਚ ਬੜਾ ਦੁਰਭਿਖ ਕਾਲ ਪੈ ਗਿਆ। ਇਸ ਤਰ੍ਹਾਂ ਦਾ ਕਾਲ ਅੱਗੇ ਕਦੇ ਉੱਤਰੀ ਹਿੰਦ ਵਿੱਚ ਨਹੀਂ ਪਿਆ ਸੀ। ਇਸ ਕਾਲ ਦੇ ਕਾਰਨ ਪਟਿਆਲੇ ਰਾਜ ਨੂੰ ਬੜੀਆਂ ਕਠਨਾਈਆਂ ਆ ਪਈਆਂ। ਲੋਕੀਂ ਪਿੰਡ ਛੱਡ ਕੇ ਚਲੇ ਗਏ। ਸਾਰਾ ਮੁਲਕ ਲੁਟੇਰਿਆਂ ਤੇ ਚੋਰਾਂ ਦੇ ਨਾਲ ਭਰ ਗਿਆ। ਆਪਾਧਾਪੀ ਮਚ ਗਈ। ਮਾਮਲਾ ਵਸੂਲ ਨਹੀਂ ਹੋਇਆ, ਕਿਉਂਕਿ ਪਿਛਲੇ ਸਾਲ ਵੀ ਫਸਲ ਨਹੀਂ ਹੋਈ ਸੀ। ਜਿਸ ਰਈਸ ਵਿੱਚ ਕੁਝ ਜ਼ਰਾ ਜਿੰਨੀ ਵੀ ਹਿੰਮਤ ਸੀ, ਪਟਯਾਲਾ ਰਾਜ ਦਾ ਹੁਕਮ ਮੰਨਣ ਤੋਂ ਨਾਂਹ ਕਰ ਬੈਠਾ। ਕਿੰਤੂ ਰਾਣੀ ਹੁਕਮਾਂ ਦੀ ਸਿਆਣਪ ਤੇ ਨਾਨੂ ਮੱਲ ਦੀਵਾਨ ਦੀ ਦਲੇਰੀ ਨਾਲ ਕੰਮ ਚਲਦਾ ਗਿਆ। ਹਰ ਮੁਸ਼ਕਲ ਦਾ ਇਨ੍ਹਾਂ ਇਲਾਜ ਸੋਚਿਆ। ਹਰ ਆਉਣ ਵਾਲੇ ਖਤਰੇ ਦਾ ਹੌਸਲੇ ਨਾਲ ਟਾਕਰਾ ਕੀਤਾ। ਜੋ ਜੋ ਇਲਾਕੇ ਪਟਯਾਲਾ ਰਾਜ ਵਿੱਚੋਂ ਨਿੱਕਲਣ ਲੱਗੇ ਸਨ, ਸਾਰਿਆਂ ਨੂੰ ਆਪਣੇ ਅਧੀਨ ਰਖਣ ਦਾ ਯਤਨ ਕੀਤਾ। ਲਖਨਊ ਕੁਵਾਇਦ ਸਖਾਣ ਵਾਲੇ ਗੋਲ ਅੰਦਾਜ਼ ਬੁਲਾ ਕੇ ਫੌਜ ਨੂੰ ਸੁਧਾਰਿਆ ਤੇ ਹਰ ਰਈਸ ਨੂੰ ਆਪਣੇ ਕਾਬੂ ਵਿੱਚ ਰੱਖਣ ਦਾ ਕੋਈ ਸਮਾਂ ਹਥੋਂ ਨਹੀਂ ਜਾਣ ਦਿੱਤਾ।

29 / 181
Previous
Next