

੪੪. ਮੂਲੇ ਪੁਰ ਦਾ ਘੇਰਾ ਤੇ ਨਾਨੂੰ ਮਲ ਦਾ ਜ਼ਖ਼ਮੀ ਹੋਣਾ
ਸਰਦੂਲ ਸਿੰਘ ਮੂਲੇ ਪੁਰ ਵਾਲਾ ਰਾਣੀ ਖੇਮ ਕੌਰ ਦਾ ਸੰਬੰਧੀ ਸੀ। ਇਹ ੧੦ ਲਖ ਰੁਪਯਾ ਦੇ ਕੇ ਆਕੀ ਹੋ ਗਿਆ। ਨਾਨੂੰ ਮਲ ਨੇ ਫੌਜ ਲੈ ਕੇ ਇਸ ਤੇ ਚੜ੍ਹਾਈ ਕਰ ਦਿੱਤੀ। ੨੦ ਦਿਨ ਤਕ ਘੇਰਾ ਪਾ ਰੱਖਿਆ, ਕਿੰਤੂ ੨੧ਵੇਂ ਦਿਨ ਨਾਨੂੰ ਮਲ ਦੇ ਇੱਕ ਨੌਕਰ ਖੁਰਮ ਬੇਗ ਨੇ ਸਰਦੂਲ ਸਿੰਘ ਕੋਲੋਂ ਵੱਢੀ ਲੈ ਕੇ ਨਾਨੂੰ ਮਲ ਦੀ ਜਾਨ ਤੇ ਖਤਰਨਾਕ ਵਾਰ ਕੀਤਾ। ਭਾਵੇਂ ਨਾਨੂੰ ਮਲ ਦੇ ਸਾਥੀਆਂ ਨੇ ਖੁਰਮ ਬੇਗ ਨੂੰ ਕਤਲ ਕਰ ਦਿੱਤਾ, ਕਿੰਤੂ ਦੀਵਾਨ ਨਾਨੂੰ ਮਲ ਨੂੰ ਤਲਵਾਰ ਦਾ ਇੱਕ ਤੱਕੜਾ ਜ਼ਖ਼ਮ ਲੱਗਾ, ਇਸ ਕਰ ਕੇ ਉਹਨੂੰ ਆਨੰਦਪੁਰ ਕੇਸੂ ਦੇ ਪਿੰਡ ਵਿੱਚ ਜੋ ਉੱਥੋਂ ਲਾਗੇ ਹੀ ਸੀ ਲੈ ਗਏ।
੪੫. ਰਾਣੀ ਹੁਕਮਾਂ ਦਾ ਚਲਾਣਾ
ਕਿਹਾ ਜਾਂਦਾ ਹੈ ਕਿ ਰਾਣੀ ਹੁਕਮਾਂ ਉਸ ਵੇਲੇ ਆਪ ਵੀ ਲੜਾਈ ਵਿੱਚ ਮੌਜੂਦ ਸੀ। ਜਦ ਆਪਣੇ ਕਰਮਚਾਰੀ ਦੀਵਾਨ ਨਾਨੂੰ ਮਲ ਦੇ ਜ਼ਖ਼ਮੀ ਹੋਣ ਦੀ ਖ਼ਬਰ ਸੁਣੀ, ਤਦ ਇਹ ਬਿਰਧ ਤੀਵੀਂ ਗਸ਼ ਖਾ ਕੇ ਡਿੱਗ ਪਈ ਤੇ ਹਿਰਦੇ ਦਿਲ ਨੂੰ ਅਜਿਹਾ ਧੱਕਾ ਲਗਾ ਕਿ ਇਸ ਸੱਟ ਨਾਲ ਚਲਾਣਾ ਕਰ ਗਈ।
ਰਾਣੀ ਹੁਕਮਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਨਾਨੂੰ ਮਲ ਇੱਕ ਬੜਾ ਸਿਆਣਾ ਤੇ ਰਾਹਕਾਰ ਨੌਕਰ ਹੈ, ਜੋ ਪਟਯਾਲਾ ਰਿਆਸਤ ਨੂੰ ਕਾਇਮ ਰਖੇਗਾ। ਇਹ ਵੀ ਵਜ੍ਹਾ ਹੈ ਕਿ ਮਾਵਾਂ ਵਾਂਗ ਸਦਾ ਹੀ ਓਹਦੀ ਮਦਦ ਕਰਦੀ ਰਹੀ, ਪਰੰਤੂ ਇਸ ਸੱਟ ਤੋਂ ਚਲਾਣਾ ਕਰ ਗਈ।
ਰਾਣੀ ਹੁਕਮਾਂ ਦੇ ਚਲਾਣੇ ਤੋਂ ਦੀਵਾਨ ਨਾਨੂੰ ਮਲ ਦੇ ਹੌਸਲੇ ਵੀ ਟੁੱਟ ਗਏ। ਅੱਗੇ ਹਰ ਮਾਮਲੇ ਵਿੱਚ ਰਾਣੀ ਹੁਕਮਾਂ ਦੀ ਸਿਆਣਪ ਭਰੀ ਸਲਾਹ ਤੇ ਸਹਾਇਤਾ ਨਾਲ ਕੰਮ ਕਰ ਕੇ ਕਾਮਯਾਬ ਹੁੰਦਾ ਰਿਹਾ, ਕਿੰਤੂ ਹੁਣ ਉਹ ਨਾ ਰਹੀ।
ਰਾਣੀ ਹੁਕਮਾਂ ਦੇ ਚਲਾਣੇ ਦੀ ਖ਼ਬਰ ਤੋਂ ਨਿੱਕਲਦਿਆਂ ਹੀ ਅਜੇ ਦੀਵਾਨ ਨਾਨੂਮੱਲ ਅਰੋਗ ਵੀ ਨਹੀਂ ਹੋਇਆ ਸੀ ਕਿ ਰਾਣੀ ਖ਼ੇਮ ਕੌਰ ਦੇ ਵਹਾਲੀ ਵਾਲੇ ਸੰਬੰਧੀ ਬੀਬੀ ਪ੍ਰਧਾਨ ਤੇ ਹਮੀਰ ਸਿੰਘ ਆਦਿਕਾਂ ਨੇ ਜੋ ਅੱਗੇ ਹੀ ਇਹਦੇ ਵੈਰੀ ਬਣ ਰਹੇ ਸੀ, ਇਸ ਨੂੰ ਕੈਦ ਕਰ ਲਿਆ, ਜਿਸ ਤੋਂ ਰਿਆਸਤ ਵਿੱਚ ਫਿਰ ਗੜਬੜ ਮਚ ਗਈ।
੪੬. ਬੀਬੀ ਰੰਜੀਤ ਕੌਰ ਦੀ ਚੜ੍ਹਾਈ
ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ, ਕਿੰਤੂ ਚੰਗੇ ਭਾਗਾਂ ਨੂੰ ਬੀਬੀ ਰਾਜਿੰਦਰ ਕੌਰ ਫਗਵਾੜੇ ਵਾਲੀ ਜੋ ਰਾਜਾ ਅਮਰ ਸਿੰਘ ਦੀ ਚਾਚੇ ਦੀ ਭੈਣ ਪਟਯਾਲੇ ਦੇ ਰਾਜ ਘਰਾਨੇ ਵਿੱਚੋਂ ਇੱਕ ਬੜੀ ਹੀ ਦਲੇਰ ਤੇ ਬਹਾਦਰ ਤੀਵੀਂ ਸੀ, ਇਸ ਤਰ੍ਹਾਂ ਦੀ ਆਪਾਧਾਪੀ ਸੁਣ ਕੇ ਆਪਣੀ ਫੌਜ ਲੈ ਕੇ ਝੱਟ ਜਾ ਪੁੱਜੀ ਤੇ ਦੀਵਾਨ ਨਾਨੂੰ ਮਲ ਨੂੰ ਕੈਦ ਵਿੱਚੋਂ ਕੱਢ ਕੇ ਫਿਰ ਵਜ਼ੀਰ ਬਣਾ ਦਿੱਤਾ।
੪੭. ਧਾਰਾ ਰਾਓ ਦਾ ਬੁਲਾਣਾ
ਦੀਵਾਨ ਨਾਨੂੰ ਮਲ ਬੀਬੀ ਰਾਜਿੰਦਰ ਕੌਰ ਨਾਲ ਮਿਲ ਕੇ ਮੁਲਕ ਦਾ ਪ੍ਰਬੰਧ ਚੰਗੀ ਤਰ੍ਹਾਂ ਕਰ ਸਕਦਾ ਸੀ, ਕਿੰਤੂ ਫਿਰ ਵੀ ਇਸ ਨੇ ਧਾਰਾ ਰਾਓ ਮਰਹੱਟੇ ਨੂੰ ਜੋ ਓਹਨਾਂ ਦਿਨਾਂ ਵਿੱਚ ਦਿਲੀ ਦੇ ਲਾਗੇ ਫਿਰ ਰਿਹਾ ਸੀ ਤੇ ਸਰਦਾਰ ਬਘੇਲ ਸਿੰਘ ਦੀਵਾਨ ਸਿੰਘ ਮਤਾਬ ਸਿੰਘ ਆਦਿਕ ਓਹਦੇ ਨਾਲ ਹੀ ਸਨ, ਸਰਦਾਰ ਬਘੇਲ ਸਿੰਘ ਦੀ ਰਾਹੀਂ ੨ ਲੱਖ ਰੁਪਯਾ ਦੇਣਾ ਕਰ ਕੇ ਸੱਦਿਆ। ਜਦ ਇਹ ਫੌਜ ਲੈ ਕੇ ਕੈਥਲ ਪੁੱਜਾ, ਤਦ ਇਧਰੋਂ ਦੀਵਾਨ ਨਾਨੂ ਮਲ ਬੀਬੀ ਰਾਜਿੰਦਰ ਕੌਰ ਤੇ ਜੀਂਦ ਦਾ ਰਾਜਾ ਗਜਪਤ ਸਿੰਘ ਆਪਣੀ ਆਪਣੀ ਫੌਜ ਲੈ ਕੇ ਜਾ ਪੁਜੇ। ਧਾਰਾ ਰਾਉ ਨੇ ਇਲਾਕੇ ਦੇ ਜਿਹੜੇ ਜਿਹੜੇ ਸਰਦਾਰ ਆਕੀ ਹੋ ਗਏ ਸਨ, ਓਹਨਾਂ ਤੋਂ ਨਜ਼ਰਾਨੇ ਲਏ। ਸਾਰਿਆਂ ਨੂੰ ਕਾਬੂ ਕੀਤਾ। ਕੋਟ ਆਦਿਕ ਜਿੰਨੇ ਪਟਿਆਲੇ ਦੇ ਪਿੰਡ ਸਰਦਾਰਾਂ ਨੇ ਦਬਾ ਲਏ ਸਨ, ਸਭ ਵਾਪਸ ਲੈ ਕੇ ੮੦ ਹਜ਼ਾਰ ਰੁਪਯਾ ਮਾਮਲਾ ਵਸੂਲ ਕੀਤਾ।