

੪੮. ਬਨੌੜ ਦਾ ਮੁਹਾਸਰਾ
ਦੀਵਾਨ ਨਾਨੂੰ ਮਲ ਨੂੰ ਪਟਿਆਲੇ ਤੋਂ ਚਲਣ ਲੱਗਿਆਂ ਡਰ ਸੀ ਕਿ ਪਿੱਛੋਂ ਧਮਣ ਸਿੰਘ ਕੋਈ ਫਸਾਦ ਨਾ ਖੜਾ ਕਰ ਦੇਵੇ। ਇਸ ਕਰ ਕੇ ਇਸ ਨੂੰ ਕੈਦ ਕਰ ਦਿੱਤਾ ਸੀ, ਜਿਸ ਤੋਂ ਹੁਣ ਬਾਹਰ ਦੇ ਇਲਾਕਿਆਂ ਦੀ ਦੇਖਭਾਲ ਸ਼ੁਰੂ ਕਰ ਦਿੱਤੀ। ਪਹਿਲਾਂ ਬਨੌੜ ਦੇ ਵਲ ਗਏ। ਇਹ ਜਗ੍ਹਾ ਖ਼ੁਸ਼ਹਾਲ ਸਿੰਘ ਨੇ ਦਬਾ ਲਈ ਸੀ। ਦੋ ਘੰਟੇ ਦੀ ਲੜਾਈ ਦੇ ਮਗਰੋਂ ਖ਼ੁਸ਼ਹਾਲ ਸਿੰਘ ਸਿੱਧੇ ਰਾਹ ਆ ਗਿਆ। ਦੀਵਾਨ ਨਾਨੂ ਮਲ ਨੇ ਇੱਥੇ ਹੀ ਇਲਾਕੇ ਦੇ ਸਾਰੇ ਰਈਸਾਂ ਨਾਲ ਸਖਤੀ ਨਰਮੀ ਕਰ ਕੇ ਬਹੁਤ ਸਾਰਾ ਮਾਮਲਾ ਵਸੂਲ ਕਰ ਲਿਆ ਤੇ ਦੋ ਲਖ ਰੁਪਯਾ ਧਾਰਾਰਾਓ ਮਰਹਟੇ ਨੂੰ ਇੱਥੋਂ ਹੀ ਦੇ ਕੇ ਕਰਨਾਲ ਦੇ ਰਾਹ ਭੇਜ ਦਿੱਤਾ, ਕਿੰਤੂ ਆਪਣੇ ਇਲਾਕੇ ਦੀ ਆਕੀ ਪਰਜਾ ਨੂੰ ਸਿੱਧਾ ਕਰਨ ਲਈ ਸ੍ਰਦਾਰ ਬਘੇਲ ਸਿੰਘ ਆਦਿਕਾਂ ਨੂੰ ਨਹੀਂ ਜਾਣ ਦਿੱਤਾ।
੪੯. ਕੋਟਕਪੂਰੇ ਵਲ ਜਾਣਾ
ਮਰਹੱਟੇ ਸਰਦਾਰ ਦੇ ਮੁੜ ਜਾਣ ਤੇ ਦੀਵਾਨ ਨਾਨੂੰ ਮੱਲ ਨੇ ਸ੍ਰ: ਬਘੇਲ ਸਿੰਘ ਨੂੰ ਨਾਲ ਲੈ ਕੇ ਮੁਲਕ ਦਾ ਦੌਰਾ ਸ਼ੁਰੂ ਕੀਤਾ ਤੇ ਜਿੱਥੇ ਕੋਈ ਆਕੀ ਨਜ਼ਰੀਂ ਪਿਆ, ਉਹਨੂੰ ਸੋਧ ਦਿੱਤਾ। ਪਹਿਲਾਂ ਖੰਨਾ, ਸਰਾਏ ਦੋਰਾਹਾ ਤੇ ਸਾਹਨਵਾਲ ਆਦਿਕ ਅਸਥਾਨਾਂ ਦੇ ਆਕੀ ਜ਼ਿਮੀਂਦਾਰਾਂ ਨੂੰ ਸੋਧ ਕੇ ਉਹਨਾਂ ਤੋਂ ਜੁਰਮਾਨਾ ਤੇ ਮਾਮਲਾ ਵਸੂਲ ਕੀਤਾ। ਪਿੰਡ ਸਹਨਾਂ ਦਲੇਲ ਸਿੰਘ ਪਾਸ ਸੀ, ਉਹਦੇ ਭਰਾ ਬਾਘ ਸਿੰਘ ਨੇ ਧੱਕੇ ਨਾਲ ਖੋਹ ਲਿਆ। ਇਹਨਾਂ ਇਹ ਪਿੰਡ ਫਿਰ ਸਰਦਾਰ ਦਲੇਲ ਸਿੰਘ ਨੂੰ ਦਵਾ ਦਿੱਤਾ। ਸਿਰ ਛੁਨੀ ਮਖਲੀ ਕਮਬੜਾ ਆਦਿਕ ਦੇ ਸ੍ਰਦਾਰ: ਜੋ ਭਾਵੇਂ ਬਾਹਰੋਂ ਮੂੰਹ ਰੱਖਣੀਆਂ ਗੱਲਾਂ ਕਰਦੇ ਸਨ, ਪਰ ਅਸਲ ਬਾਗੀਆਂ ਦੇ ਨਾਲ ਮਿਲੇ ਹੋਏ ਸੀ, ਸੋਧ ਕੇ ਕੋਟ ਕਪੂਰੇ ਵਲ ਚਲੇ ਗਏ।
੫੦. ਮੌਲੂਪੁਰ ਦੇ ਕਿਲ੍ਹੇ ਤੇ ਕਬਜ਼ਾ
ਰਾਹ ਵਿੱਚ ਖ਼ਬਰ ਮਿਲੀ ਕਿ ਮੋਲੂਪੁਰ ਦੇ ਸਰਦਾਰ ਸਰਦੂਲ ਸਿੰਘ ਨੂੰ ਉਸ ਦੇ ਕਿਲ੍ਹੇਦਾਰ ਹਮੀਰ ਸਿੰਘ ਨੇ ਮਾਰ ਦਿੱਤਾ ਹੈ। ਸੋ ਦੀਵਾਨ ਨੇ ਝਟ ਉੱਥੇ ਅੱਪੜ ਕੇ ਕਿਲ੍ਹੇ ਤੇ ਆਪਣਾ ਕਬਜ਼ਾ ਕਰ ਲਿਆ। ਲੜਾਈ ਦਾ ਸਾਰਾ ਸਾਮਾਨ ਤੇ ਕਈ ਲੱਖ ਰੁਪਯਾ ਜੋ ਖ਼ਜ਼ਾਨੇ ਵਿੱਚ ਸੀ, ਇਹਦੇ ਹੱਥ ਲੱਗ ਗਿਆ।
ਫਿਰ ਉੱਥੋਂ ਕੋਟਕਪੂਰੇ ਪੁੱਜਾ। ਭਾਵੇਂ ਉੱਥੇ ਇਸ ਦੇ ਪੈਰ ਕੁਝ ਹਛੀ ਤਰ੍ਹਾਂ ਨਾ ਜੰਮੇ। ਤਦ ਵੀ ੨੦ ਹਜ਼ਾਰ ਰੁਪਯੇ ਦੇ ਕਰੀਬ ਉੱਥੋਂ ਦੇ ਰਈਸ ਤੋਂ ਨਜ਼ਰਾਨਾ ਲੈ ਕੇ ਪਿੰਡ ਢਿਲਵਾਂ ਵਿੱਚ ਜੋ ਕਪੂਰਾ ਕੋਟ ਤੋਂ ਤਿੰਨ ਮੀਲ ਦੀ ਵਿੱਥ ਤੇ ਹੈ, ਉਹਨਾਂ ਤੇ ਦਬਾਉ ਰੱਖਣ ਵਾਸਤੇ ਇੱਕ ਕਿਲ੍ਹਾ ਬਣਵਾ ਕੇ ਬੈਰਾੜਾਂ ਦੇ ਪਿੰਡ ਜੋ ਆਕੀ ਹੋ ਰਹੇ ਸਨ, ਸੋਧਦਾ ਭੱਟੀਆਂ ਦੇ ਮੁਲਕ ਤੇ ਜਾ ਪਿਆ।
੫੧. ਕੋਟਕਪੂਰਾ ਤੇ ਭੱਟੀਆਂ ਤੇ ਫ਼ਤਹਿ
ਭਟੀਆਂ ਦਾ ਇਹ ਇਲਾਕਾ ਜਿਸ ਨੂੰ ਰਾਜਾ ਅਮਰ ਸਿੰਘ ਨੇ ਕਈ ਸਾਲਾਂ ਦੇ ਯਤਨਾਂ ਮਗਰੋਂ ਫਤਹਿ ਕੀਤਾ ਸੀ, ਤਿੰਨ ਸਾਲ ਪੁੱਛ ਨਾ ਕਰਨ ਦੇ ਕਾਰਨ ਆਕੀ ਹੋ ਗਿਆ ਸੀ ਤੇ ਕਾਮਯਾਬੀ ਦੀ ਬਹੁਤ ਘੱਟ ਆਸ ਸੀ। ਕਿੰਤੂ ਦੀਵਾਨ ਨਾਨੂ ਮਲ ਤੇ ਸਰਦਾਰ ਬਘੇਲ ਸਿੰਘ ਨੇ ਇਸ ਇਲਾਕੇ ਵਿੱਚ ਪੁੱਜਦੇ ਹੀ ਅਜੇਹੀ ਧਾਂਕ ਬਿਠਾਈ ਕਿ ਸਾਰੇ ਮੁਲਕ ਵਿੱਚ ਸ਼ਾਂਤ ਵਰਤ ਗਈ। ਪਿੰਡ ਸੰਘਤਾ ਭੋਨਾ ਝੰਡਾ ਆਦਿਕ ਵਿੱਚ ਜਿੰਨਾ ਮਾਮਲਾ ਬਾਕੀ ਸੀ, ਸਭ ਵਸੂਲ ਹੋ ਗਿਆ। ਇਸ ਤਰ੍ਹਾਂ ਨਾਲ ਆਪਣੇ ਸਾਰੇ ਇਲਾਕੇ ਵਿੱਚ ਫੇਰਾ ਪਾ ਕੇ ਤੇ ਕਈ ਲਖ ਰੁਪਯਾ ਵਸੂਲ ਕਰ ਕੇ ਦੀਵਾਨ ਵਾਪਸ ਪਟਯਾਲੇ ਆ ਗਿਆ ਤੇ ਖ਼ਜ਼ਾਨਾ ਜੋ ਪਹਿਲਾਂ ਲਗਭਗ ਖ਼ਾਲੀ ਹੋ ਚੁੱਕਿਆ ਸੀ, ਫਿਰ ਭਰ ਗਿਆ ਤੇ ਸਰਦਾਰ ਬਘੇਲ ਸਿੰਘ ਨੂੰ ਵੀ ਨੀਯਤ ਰਕਮ ਦੇ ਕੇ ਟੋਰ ਦਿੱਤਾ।