ਰਿਆਸਤ ਦਾ ਵੱਡਾ ਹੋਇਆ ਹੈ ਤੇ ਗੁਰਦਿਤ ਸਿੰਘ ਰ੍ਯਾਸਤ ਨਾਭੇ ਦਾ। ਚੌਧਰੀ ਦਾ ਖਤਾਬ ਵਡਾ ਹੋਣ ਕਰ ਕੇ ਗੁਰਦਿਤ ਸਿੰਘ ਨੂੰ ਮਿਲਿਆ। ਇਸ ਦਾ ਵਿਆਹ ਪਿੰਡ ਮੋੜ ਕੇ ਸਰਦਾਰ ਸਰਦੂਲ ਸਿੰਘ ਦੀ ਲੜਕੀ ਰਾਜ ਕੌਰ ਨਾਲ ਹੋਇਆ, ਜਿਸ ਦੇ ਇੱਕ ਲੜਕਾ ਸੂਰਤੀਆ ਸਿੰਘ ੧੭੬੯ ਵਿੱਚ ਉਤਪੰਨ ਹੋਇਆ। ਚੌਧਰੀ ਗੁਰਦਿਤ ਸਿੰਘ ਦਾ ਸਰਹਿੰਦ ਦੇ ਸੂਬੇ ਨਾਲ ਬਹੁਤ ਮੇਲ ਗੇਲ ਸੀ। ਕਈ ਇੱਕ ਸਰਹਦੀ ਝਗੜੇ ਨਿਪਟਾਣ ਲਈ ਇਨ੍ਹਾਂ ਨੂੰ ਹੀ ਯੋਗ ਤੇ ਵਿਦਵਾਨ ਸਮਝ ਕੇ ਭੇਜਿਆ ਕਰਦਾ ਸੀ, ਜਿਸ ਤੋਂ ਗੁਰਦਿੱਤ ਸਿੰਘ ਨੇ ਬਹੁਤ ਜ਼ਿਆਦਾ ਪ੍ਰਸਿੱਧਤਾ ਪਾਈ। ਓਹਨਾਂ ਹੀ ਦਿਨਾਂ ਵਿੱਚ ਧਨੌਲੇ ਵਾਲੇ ਜਵੰਦੇ ਜੱਟਾਂ ਦਾ ਝਗੜਾ ਜੋ ਲਾਗੇ ਦੀ ਵਸੋਂ ਨਾਲ ਚੱਲ ਰਿਹਾ ਸੀ, ਜਿਸ ਦੇ ਵਾਸਤੇ ਹਮੇਸ਼ਾਂ ਕਟਾ ਵਢ ਹੋਂਦੀ ਰਹਿੰਦੀ ਸੀ। ਓਸ ਦੇ ਫੈਸਲਾ ਕਰਨ ਵਾਸਤੇ ਜਦ ਸੰਮਤ ੧੮੦੬ ਬਿ. ਨੂੰ ਸੂਬਾ ਸਰਹੰਦ ਨੇ ਸਰਦਾਰ ਗੁਰਦਿਤ ਸਿੰਘ ਨੂੰ ਭੇਜਿਆ ਤਦ ਇਸ ਨੇ ਇਨ੍ਹਾਂ ਨੂੰ ਬਹੁਤ ਫਾਇਦਾ ਪੁਚਾਯਾ। ਧਨੌਲੇ ਦੇ ਲਾਗੇ ਇੱਕ ਖੰਡਰ ਸੀ ਓਥੋਂ ਫ਼ੈਸਲੇ ਵਾਸਤੇ ਰਹਿਣ ਦੇ ਦਿਨਾਂ ਵਿੱਚ ਇਹ ਜਗ੍ਹਾ ਚੌਧਰੀ ਗੁਰਦਿਤ ਸਿੰਘ ਨੇ ਵਸਾਈ। ਕਹਿੰਦੇ ਹਨ ਕਿ ਇੱਥੋਂ ਇਸ ਨੂੰ ਇੱਕ ਖ਼ਜ਼ਾਨਾ ਮਿਲਿਆ। ਇਸ ਥਾਂ ਨੂੰ ਓਹਨੇ ਹੱਛਾ ਸਮਝ ਕੇ ਇੱਕ ਕੱਚੀ ਥੜੀ ਬਣਾ ਲਈ ਤੇ ਓਥੇ ਹੀ ਆਪਣੀ ਜਗ੍ਹਾ ਨਿਯਤ ਕਰ ਲਈ। ਓਸ ਵੇਲੇ ਮੁਗਲੀਆ ਸਲਤਨਤ ਦਾ ਸੂਰਜ ਅਸਤ ਹੋ ਰਿਹਾ ਸੀ। ਸਰਦਾਰ ਆਲਾ ਸਿੰਘ ਵਲੋਂ ਤੱਕ ਤੱਕ ਕੇ ਚੌਧਰੀ ਗੁਰਦਿਤ ਸਿੰਘ ਨੇ ਵੀ ਆਪਣੇ ਪਾਸ ਬਹੁਤ ਸਾਰੀ ਫੌਜ ਇਕੱਠੀ ਕਰ ਲਈ ਤੇ ਤਿੰਨ ਪਿੰਡ ਬਡੋਰ ਵਾਲੇ ਨੌ ਮੁਸਲਮ ਰਾਜਪੂਤਾਂ ਦੇ ਕੁਝ ਪਿੰਡ ਇਸ ਨੇ ਦਬਾ ਲਏ। ਫਿਰ ੧੮੦੭ ਵਿੱਚ ਜ਼ਿਮੀਂਦਾਰਾਂ ਤੋਂ ਜ਼ਮੀਨ ਲੈ ਕੇ ਕਸਬਾ ਸੰਗਰੂਰ ਜੋ ਗੈਰਆਬਾਦ ਸੀ ਤੇ ਕਾਫੀ ਮੁਦਤ ਤਕ ਰਈਸ ਨਾਭੇ ਦੇ ਕਬਜ਼ੇ ਵਿੱਚ ਰਹਿ ਚੁੱਕਾ ਸੀ, ਓਹ ਪਿੱਛੋਂ ਜੀਂਦ ਦੇ ਰਈਸ ਨੇ ਕਿਸੇ ਤਰ੍ਹਾਂ ਨਾਲ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ, ਜੋ ਹੁਣ ਵੀ ਓਹਨਾਂ ਦੇ ਪਾਸ ਹੈ।
ਸ੍ਰਦਾਰ ਗੁਰਦਿਤ ਸਿੰਘ ਨੇ ਮੁਗਲੀਆ ਖਾਨਦਾਨ ਦੇ ਐਸ਼ਵਰਜ ਦੇ ਮਿਟਣ ਸਮੇਂ ਬਹੁਤ ਸਾਰੇ ਇਲਾਕੇ ਤੇ ਕਬਜ਼ਾ ਕਰ ਕੇ ਖ਼ੁਸ਼ਹਾਲੀ ਬਣਾ ਲਈ ਸੀ, ਕਿੰਤੂ ਇਹਦੀ ਆਪਣੇ ਭਰਾ ਸੁਖਚੈਨ ਸਿੰਘ ਨਾਲ ਸਦਾ ਹੀ ਖਟਪਟੀ ਬਣੀ ਰਹਿੰਦੀ ਸੀ। ਬਲਕਿ ਦੋਹਾਂ ਵਿੱਚ ਸਿਰ ਧੜ ਦਾ ਵੈਰ ਲਗਾ ਰਹਿੰਦਾ ਸੀ, ਜਿਸ ਵਿੱਚ ਇੱਕ ਦਿਨ ਧਨੌਲੇ ਦੇ ਪਾਸ ਗੁਰਦਿੱਤ ਸਿੰਘ ਦਾ ਵਡਾ ਲੜਕਾ ਸੂਰਤਯਾ ਸਿੰਘ ਜੋ ਇੱਕ ਬੜਾ ਖੂਬਸੂਰਤ ਜਵਾਨ ਸੀ, ਜੰਬੂਰ ਦੇ ਫਟ ਜਾਣ ਦੇ ਕਾਰਨ ਫਟੜ ਹੋ ਕੇ ੧੮੦੯ ਬਿ. ਵਿੱਚ ਚਲਾਣਾ ਕਰ ਗਿਆ।
ਇਸ ਝਗੜੇ ਦਾ ਕਾਰਨ ਪਿੰਡ ਫੂਲ ਸੀ ਜੋ ਸੁਖਚੈਨ ਸਿੰਘ ਦੇ ਕਬਜ਼ੇ ਵਿੱਚ ਸੀ। ਚੌਧਰੀ ਗੁਰਦਿਤ ਸਿੰਘ ਵਡਾ ਹੋਣ ਦੇ ਕਾਰਨ ਆਪਣੇ ਆਪ ਨੂੰ ਉਹਦਾ ਵਾਰਸ ਸਮਝਦਾ ਸੀ ਤੇ ਇਸ ਕਰ ਕੇ ਇਸੇ ਸੋਚ ਵਿੱਚ ਲਗਾ ਰਹਿੰਦਾ ਸੀ। ਸੁਖਚੈਨ ਸਿੰਘ ਦੇ ਚਲਾਣੇ ਮਗਰੋਂ ਉਹਦੇ ਘਰ ਵਾਲੀ ਆਪਣੇ ਲੜਕੇ ਸਮੇਤ ਜਦ ਆਪਣੇ ਪਿਤਾ ਦੇ ਘਰ ਪਿੰਡ ਤਲਵੰਡੀ ਇੱਕ ਵਿਆਹ ਦੇ ਮੌਕੇ ਤੇ ਗਈ ਤਦ ਪਿੱਛੋਂ ਗੁਰਦਿਤ ਸਿੰਘ ਨੇ ਇਸ ਪਿੰਡ ਤੇ ਕਬਜ਼ਾ ਕਰ ਲਿਆ ਤੇ ਹੁਣ ਤਕ ਇਹ ਪਿੰਡ ਨਾਭੇ ਦੇ ਕਬਜ਼ੇ ਵਿੱਚ ਹੀ ਹੈ।
੩. ਗੁਰਦਿਤ ਸਿੰਘ ਦਾ ਚਲਾਣਾ ਤੇ ਹਮੀਰ ਸਿੰਘ ਦਾ ਗੱਦੀ ਤੇ ਬੈਠਣਾ
ਸੂਰਤੀਆ ਸਿੰਘ ਦੇ ਦੋ ਪੁਤਰ ਸਨ, ਹਮੀਰ ਸਿੰਘ ਤੇ ਕਪੂਰ ਸਿੰਘ। ਸੰਮਤ ੧੮੧੩ ਨੂੰ ਚੌਧਰੀ ਗੁਰਦਿਤ ਸਿੰਘ ਦੇ ਚਲਾਣੇ ਮਗਰੋਂ ਹਮੀਰ ਸਿੰਘ ਨੇ ਉਹਦੀ ਜਗ੍ਹਾ ਸੰਭਾਲੀ ਤੇ ਦੋਨਾਂ ਭਰਾਵਾਂ ਨੇ ਹਰ ਹਮਲੇ ਵਿੱਚ ਸ੍ਰ: ਆਲਾ ਸਿੰਘ ਦੇ ਨਾਲ ਰਹਿ ਕੇ ਬੜੀ ਤਰੱਕੀ ਕੀਤੀ। ਲਾਹੋਵਾਲ ਵਾਲੇ ਖੇੜੇ ਜ਼ਿਮੀਂਦਾਰਾਂ ਨੇ ਜਿਨ੍ਹਾਂ ਦੇ ਕਈ ਇੱਕ ਪਿੰਡ ਇਸ ਇਲਾਕੇ ਵਿੱਚ ਹਨ, ਸ੍ਰ: ਆਲਾ ਸਿੰਘ ਨੂੰ ਆਪਣੀ ਮਦਦ ਤੇ ਲਿਆ ਕੇ ਮਾਲੇਰਕੋਟਲੇ ਦੇ ਥਾਣੇਦਾਰ ਨਾਲ ਲੜਾਈ ਕਰ ਕੇ ਲਾਹੋਵਾਲ ਤੋਂ ਕੱਢ ਕੇ ਆਪਣਾ ਕਬਜ਼ਾ ਕਰ ਲਿਆ। ਸ੍ਰ: ਆਲਾ ਸਿੰਘ ਦਾ ਡੇਰਾ ਪਿੰਡ ਦੁਲਦੀ ਵਿੱਚ ਰਿਹਾ। ਇਸ ਕਰ ਕੇ ਇਹ ਪਿੰਡ ਰਿਆਸਤ ਪਟਿਆਲੇ ਦਾ ਹੈ।