੪. ਨਾਭੇ ਦੀ ਨੀਉਂ
ਲਾਹੋਵਾਲੀ ਦੀ ਫਤਹ ਦੇ ਮਗਰੋਂ ਨਾਭੀ, ਅਨ ਤੇ ਭਮਦੀ ਇਨ੍ਹਾਂ ਤਿੰਨਾਂ ਪਿੰਡਾਂ ਦੇ ਵਿਚਕਾਰ ਇੱਕ ਜਗ੍ਹਾ ਸੀ, ਉਸ ਤੇ ੧੮੧੬ ਕੱਤਕ ਸੁਦੀ ੧੬ ਨੂੰ ਕਿਲ੍ਹੇ ਦੀ ਨੀਉਂ ਰਖੀ ਤੇ ਨਾਮ ਉਹਦਾ ਨਾਭਾ ਰੱਖਿਆ ਤੇ ਉਸੇ ਨੂੰ ਆਪਣੀ ਰਾਜਧਾਨੀ ਬਣਾਇਆ। ਹੌਲੀ ਹੌਲੀ ਵੱਸੋਂ ਵਧ ਜਾਣ ਦੇ ਕਾਰਨ ਤਿੰਨ ਪਿੰਡ ਨਾਭੇ ਦੇ ਕਬਜ਼ੇ ਵਿੱਚ ਆ ਗਏ। ੧੮੨੦ ਬਿਕਰਮੀ ਨੂੰ ਜੈਨ ਖਾਂ ਹਾਕਮ ਸਰਹੰਦ ਦੇ ਕਤਲ ਸਮੇਂ ਇਹ ਦੋਨੋਂ ਬਹਾਦਰ ਭਾਈ ਖਾਲਸਾ ਫੌਜ ਦੇ ਨਾਲ ਸਨ। ਜਦ ਸਰਹੰਦ ਦੇ ਸਾਰੇ ਇਲਾਕੇ ਤੇ ਸਿੱਖਾਂ ਨੇ ਕਬਜ਼ਾ ਕਰ ਲਿਆ, ਤਦ ਇਨ੍ਹਾਂ ਵੀ ਤਲਵਾਰ ਦੇ ਜ਼ੋਰ ਨਾਲ ਪ੍ਰਗਣਾਂ ਭਾਵਸੂ, ਅਮਲੋਹ, ਵੈਰੜੂ ਆਪਣੇ ਕਬਜ਼ੇ ਵਿੱਚ ਕਰ ਲਿਆ।
੫. ਕਪੂਰ ਸਿੰਘ ਦਾ ਚਲਾਣਾ
੧੮੨੧ ਬਿ. ਨੂੰ ਸਰਦਾਰ ਕਪੂਰ ਸਿੰਘ ਨੇ ਖਨੋੜਾਂ ਤੇ ਪੱਖੋ ਦੇ ਪ੍ਰਗਣੇ ਮਾਲੇਰਕੋਟਲੇ ਦੇ ਪਠਾਣਾਂ ਨਾਲ ਲੜਾਈ ਕਰ ਕੇ ਛੁਡਾ ਲਏ ਤੇ ਆਪਣੇ ਨਾਮ ਤੇ ਪਿੰਡ ਕਪੂਰ ਗੜ੍ਹ ਵਸਾਇਆ ਤੇ ਇੱਥੇ ਹੀ ਨਿਵਾਸ ਰੱਖ ਲਿਆ। ਇਸ ਨੂੰ ਆਪਣੀ ਰਾਜਧਾਨੀ ਬਣਾਇਆ, ਕਿੰਤੂ ਉਹਦੀ ਉਮਰ ਨੇ ਸਾਥ ਨਾ ਦਿੱਤਾ ਤੇ ਉਹ ੧੮੨੩ ਨੂੰ ੨੩ ਸਾਲ ਦੀ ਆਯੂ ਵਿੱਚ ਹੀ ਚਲਾਣਾ ਕਰ ਗਿਆ।
ਉਹਦੀ ਬੇਵਾ ਰਾਜ ਕੌਰ ਜੋ ਸੁਜਾਣ ਸਿੰਘ ਮਾਨਸ਼ਾਹੀ ਦੀ ਲੜਕੀ ਸੀ, ਚੌਧਰੀ ਹਮੀਰ ਸਿੰਘ ਨੇ ਓਹਦੇ ਨਾਲ ਅਨੰਦ ਪੜ੍ਹਾ ਲਿਆ, ਜਿਸ ਤੋਂ ਉਸ ਨੇ ਭਾਈ ਕਪੂਰ ਸਿੰਘ ਦੇ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ।
੬. ਜਸਵੰਤ ਸਿੰਘ ਦਾ ਜਨਮ
ਇਸ ਰਾਜ ਕੌਰ ਦੀ ਕੁਖੋਂ ੧੮੩੩ ਬਿਕ੍ਰਮੀ ਨੂੰ ਪਿੰਡ ਬਡੋਰ ਜਿੱਥੇ ਕਿ ਇਹ ਬਹੁਤਾ ਰਿਹਾ ਕਰਦੀ ਸੀ, ਰਾਜਾ ਜਸਵੰਤ ਸਿੰਘ ਵਲੀ ਐਹਦ ਰਿਆਸਤ ਨਾਭਾ ਨੇ ਜਨਮ ਲਿਆ। ਚੌਧਰੀ ਹਮੀਰ ਸਿੰਘ ਦੀਆਂ ਤਿੰਨ ਰਾਣੀਆਂ ਹੋਰ ਸਨ। ਉਨ੍ਹਾਂ ਵਿੱਚੋਂ ਇੱਕ ਦੇਸੂ ਚੌਧਰੀ ਮੁਲਕੀ ਸਿੰਘ ਰੋੜੀ ਵਾਲਾ ਦੀ ਲੜਕੀ ਵਿੱਚੋਂ ਦੋ ਲੜਕੀਆਂ ਸਭਾ ਕੌਰ ਤੇ ਸਦਾ ਕੌਰ ਸਨ। ਬਾਕੀ ਰਾਣੀਆਂ ਦੇ ਔਲਾਦ ਨਹੀਂ ਸੀ। ਹਮੀਰ ਸਿੰਘ ਦਾ ਲੜਕਾ ਨਾਗਾਂ ਨਾਮ ਦੀ ਮੁਸਲਮਾਨੀ ਵਿੱਚੋਂ ਸੀ, ਜਿਸ ਨੂੰ ਰਾਜਾ ਜਸਵੰਤ ਸਿੰਘ ਨੇ ਆਪ ਆਪਣੀ ਬਰਾਦਰੀ ਵਿੱਚ ਮਿਲਾ ਕੇ ਮੱਖਣ ਸਿੰਘ ਓਹਦਾ ਨਾਮ ਰੱਖਿਆ ਤੇ ਓਹਦਾ ਵਿਆਹ ਵੀ ਕਰ ਦਿੱਤਾ। ਸਰਦਾਰ ਮੱਖਣ ਸਿੰਘ ਦੀ ਸੰਤਾਨ ਰਾਜਗੜ੍ਹ ਦੇ ਮਸ਼ਹੂਰ ਸਰਦਾਰ ਸਨ। ਚੌਧਰੀ ਹਮੀਰ ਸਿੰਘ ਬੜਾ ਹੀ ਸਿਆਣਾ ਮਿਲਣਸਾਰ ਤੇ ਬਹਾਦਰ ਰਾਜਾ ਸੀ। ਇਸ ਕਰ ਕੇ ਇਸ ਨੇ ਆਪਣੇ ਭਾਈ ਰਾਜਾ ਆਲਾ ਸਿੰਘ ਦੇ ਨਾਲ ਹਰ ਮੈਦਾਨ ਵਿੱਚ ਰਹਿ ਕੇ ਆਪਣੇ ਇਲਾਕੇ ਨੂੰ ਵਧਾਇਆ।
੭. ਰੋੜੀ ਦੇ ਪ੍ਰਗਣੇ ਦਾ ਲੜਨਾ
੧੮੨੯ ਨੂੰ ਚੌਧਰੀ ਹਮੀਰ ਸਿੰਘ ਨੇ ਪਟਿਆਲੇ ਫੌਜ ਦੀ ਮਦਦ ਨਾਲ ਰਹੀਮ ਦਾਦ ਖਾਂ ਹਾਂਸੀ ਦੇ ਹਾਕਮ ਨੂੰ ਜੀਂਦ ਦੇ ਮੁਕਾਮ ਤੇ ਇੱਕ ਭਾਰੀ ਸ਼ਕਸਤ ਦਿੱਤੀ। ਰਹੀਮ ਖਾਂ ਮਾਰਿਆ ਗਿਆ। ਉਸ ਦੇ ਇਲਾਕੇ ਤੇ ਫੂਲ ਦੇ ਰਾਜਿਆਂ ਨੇ ਕਬਜ਼ਾ ਕਰ ਲਿਆ ਤਦ ਇਸ ਨਵੀਂ ਫਤਹ ਵਾਲੇ ਹੋਏ ਇਲਾਕੇ ਵਿੱਚੋਂ ਰੋੜੀ ਦਾ ਇਲਾਕਾ ਜੋ ਸਰਸਾ ਦੇ ਕਰੀਬ ਹੈ, ਚੌਧਰੀ ਹਮੀਰ ਸਿੰਘ ਦੇ ਕਬਜ਼ੇ ਵਿੱਚ ਆ ਗਿਆ।
੮. ਚੌਧਰੀ ਹਮੀਰ ਸਿੰਘ ਦਾ ਕੈਦ ਹੋਣਾ, ਛੁਟਕਾਰਾ ਪਾਣਾ ਤੇ ਸੰਗਰੂਰ ਦਾ ਹੱਥੋਂ ਨਿੱਕਲਣਾ
ਇਸ ਤੋਂ ਪਿੱਛੋਂ ੧੮੩੩ ਬਿਕ੍ਰਮੀ ਨੂੰ ਚੌਧਰੀ ਹਮੀਰ ਸਿੰਘ ਦੇ ਇਕਬਾਲ ਨੇ ਥੋੜੇ ਦਿਨਾਂ ਦੇ ਵਾਸਤੇ ਪਲਟਾ ਖਾਧਾ। ਰਾਜਾ ਗਜਪਤ ਸਿੰਘ ਜੀਂਦ ਵਾਲੇ ਨੇ ਇਸ ਨੂੰ ਆਪਣੇ ਘਰ ਲਜਾ ਕੇ ਕੈਦ ਕਰ