ਲਿਆ। ਇਸ ਦਾ ਵੇਰਵੇ ਨਾਲ ਹਾਲ ਇੰਜ ਹੈ ਕਿ ਜਦ ਰਾਜਾ ਗਜਪਤ ਸਿੰਘ ਨੇ ੧੮੩੧ ਬਿਕ੍ਰਮੀ ਨੂੰ ਆਪਣੀ ਲੜਕੀ ਰਾਜ ਕੌਰ ਦੀ ਸ਼ਾਦੀ ਸਰਦਾਰ ਮਹਾਂ ਸਿੰਘ ਸ਼ੁਕਰਚਕੀਏ (ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ) ਦੇ ਨਾਲ ਪਿੰਡ ਬਡਰਖਾਂ ਵਿੱਚ ੧੮੩੧ ਨੂੰ ਕੀਤੀ ਸੀ, ਉਸ ਵੇਲੇ ਓਹਦੇ ਕੁਝ ਆਦਮੀ ਨਾਭਾ ਦੀ ਬੀੜ ਵਿੱਚ ਜੋ ਪਿੰਡ ਬਡਰਖਾਂ ਦੇ ਲਾਗੇ ਹੀ ਹੈ, ਘਾਹ ਲੈਣ ਚਲੇ ਗਏ ਸਨ। ਚੌਧਰੀ ਹਮੀਰ ਸਿੰਘ ਦੇ ਨੌਕਰ ਯਾਕੂਬ ਖ਼ਾਂ: ਜਿਸ ਨੂੰ ਕੋਬੇ ਖਾਂ ਵੀ ਕਹਿੰਦੇ ਹਨ, ਨੇ ਓਹਨਾਂ ਨੂੰ ਮਾਰ ਕੇ ਕੱਢ ਦਿੱਤਾ। ਇੱਕ ਤਾਂ ਰਾਜਾ ਜੀਂਦ ਦੇ ਦਿਲ ਵਿੱਚ ਇਸ ਗਲ ਦਾ ਰੰਜ ਸੀ। ਦੂਜਾ ਇਹਦੀ ਅਨਜਾਣ ਪੁਣੇ ਦੀ ਆਯੂ ਵਿੱਚ ਚੌਧਰੀ ਹਮੀਰ ਸਿੰਘ ਦੇ ਪਿਤਾ ਨੇ ਪਿੰਡ ਫੂਲ ਜੋ ਪਹਿਲਾਂ ਇਨ੍ਹਾਂ ਦੇ ਕਬਜ਼ੇ ਵਿੱਚ ਸੀ, ਜ਼ੋਰੋ ਜ਼ੋਰੀ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ। ਇਨ੍ਹਾਂ ਗੱਲਾਂ ਤੋਂ ਰਾਜਾ ਗਜਪਤ ਸਿੰਘ ਸਦਾ ਹੀ ਇਸ ਤਾਕ ਵਿੱਚ ਰਹਿੰਦਾ ਸੀ ਕਿ ਕੋਈ ਮੌਕਾ ਮਿਲੇ ਤਦ ਹਮੀਰ ਸਿੰਘ ਨੂੰ ਕੈਦ ਕਰ ਕੇ ਇਹ ਬਦਲਾ ਲਵਾਂ। ਸੋ ੧੮੩੨ ਬਿ. ਦੇ ਸ਼ੁਰੂ ਵਿੱਚ ਰਾਜਾ ਜੀਂਦ ਨੇ ਆਪਣੇ ਆਪ ਨੂੰ ਬੀਮਾਰ ਦੱਸ ਕੇ ਚੌਧਰੀ ਹਮੀਰ ਸਿੰਘ ਵਲ ਸੁਨੇਹਾ ਭੇਜਿਆ ਕਿ 'ਭਾਈ ਸਾਹਿਬ! ਮੈਂ ਬੀਮਾਰ ਹਾਂ, ਜੀਉਣ ਦਾ ਕੋਈ ਭਰੋਸਾ ਨਹੀਂ। ਜੇ ਕਦੀ ਦਰਸ਼ਨ ਦੇਵੋ ਤਦ ਬੜਾ ਚੰਗਾ ਹੋਵੇਗਾ, ਮੈਂ ਕਈ ਤੁਹਾਡੇ ਨਾਲ ਗੱਲਾਂ ਵੀ ਕਰਨੀਆਂ ਹਨ। ਆਪ ਦੇ ਮਿਲਨ ਨੂੰ ਬੜਾ ਦਿਲ ਕਰਦਾ ਹੈ, ਜ਼ਰੂਰ ਦਰਸ਼ਨ ਦੇਵੋ।'
ਯਾਕੂਬ ਖਾਂ ਨੇ ਚੌਧਰੀ ਹਮੀਰ ਸਿੰਘ ਨੂੰ ਕਿਹਾ ਕਿ ਜੀਂਦ ਨਾ ਜਾਓ। ਕਿੰਤੂ ਹਮੀਰ ਸਿੰਘ ਇਹ ਬੀਮਾਰੀ ਦੀ ਗਲ ਸੁਣ ਕੇ ਰਹਿ ਨਾ ਸਕਿਆ, ਉੱਠ ਕੇ ਚੱਲ ਪਿਆ ਤੇ ਆਪਣੇ ਦੀਵਾਨ ਯਾਕੂਬ ਖਾਂ ਨੂੰ ਵੀ ਨਾਲ ਲੈ ਲਿਆ। ਜਦ ਗਜਪਤ ਸਿੰਘ ਦੇ ਘਰ ਪੁੱਜਾ ਤਦ ਉਸ ਨੇ ਉਸ ਵੇਲੇ ਹਮੀਰ ਸਿੰਘ ਨੂੰ ਕੈਦ ਕਰ ਲਿਆ ਤੇ ਉਹਦੇ ਐਹਲਕਾਰ ਯਾਕੂਬ ਖਾਂ ਨੂੰ ਕਿਲ੍ਹਾ ਮਾਲੀਆ ਬਾਲਾ ਵਿੱਚ ਕੈਦ ਕਰ ਕੇ ਬੜਾ ਦੁਖ ਦੇ ਕੇ ਮਰਵਾ ਦਿੱਤਾ ਤੇ ਸੰਗਰੂਰ ਸ਼ਹਿਰ ਤੇ ਚੜ੍ਹਾਈ ਕਰ ਦਿੱਤੀ, ਜਿੱਥੇ ਚੌਧਰੀ ਹਮੀਰ ਸਿੰਘ ਦੀ ਰਾਣੀ ਦੇਸੂ ਚਾਰ ਮਹੀਨੇ ਤਕ ਬੜੀ ਬਹਾਦਰੀ ਤੇ ਜਵਾਂ ਮਰਦੀ ਨਾਲ ਇਹਦੇ ਨਾਲ ਲੜਦੀ ਰਹੀ ਤੇ ਆਪਣੀ ਬਹਾਦਰੀ ਨਾਲ ਸ਼ਹਿਰ ਤੇ ਇਸ ਦਾ ਕਬਜ਼ਾ ਨਾ ਹੋਣ ਦਿੱਤਾ। ਅੰਤ ਨੂੰ ਜਦ ਇਸ ਰਾਣੀ ਨੇ ਰਿਆਸਤ ਪਟਯਾਲੇ ਤੋਂ ਮਦਦ ਮੰਗੀ ਤਦ ਰਈਸ ਪਟ੍ਯਾਲਾ ਨੇ ਉਮਰਾ ਖਾਂ ਰਈਸ ਮਾਲੇਰਕੋਟਲਾ ਤੇ ਰਾਏ ਐਹਮਦ ਰਈਸ ਰਾਏਕੋਟ ਨੂੰ ਰਾਜਾ ਗਜਪਤ ਸਿੰਘ ਪਾਸ ਭੇਜ ਕੇ ਸਖ਼ਤ ਧਮਕੀ ਦਿੱਤੀ, ਜਿਸ ਤੋਂ ਡਰ ਕੇ ਰਾਜਾ ਗਜਪਤ ਸਿੰਘ ਨੇ ਚੌਧਰੀ ਹਮੀਰ ਸਿੰਘ ਨੂੰ ਤਾਂ ਛੱਡ ਦਿੱਤਾ, ਕਿੰਤੂ ਰਾਜਾ ਹਮੀਰ ਸਿੰਘ ਨੂੰ ਬੇਹੋਸ਼ ਕਰ ਕੇ ਸੰਗਰੂਰ ਦੇ ਬਦਲੇ ਹੋਰ ਇਲਾਕਾ ਦੇਣੇ ਕਰ ਕੇ ਫਰੇਬ ਨਾਲ ਸੰਗਰੂਰ ਲਿਖਵਾ ਲਿਆ ਤੇ ਆਪਣਾ ਕਬਜ਼ਾ ਕਰ ਲਿਆ। ਤਦ ਤੋਂ ਸੰਗਰੂਰ ਕਈ ਪਿੰਡਾਂ ਦੇ ਨਾਲ ਰਾਜਾ ਜੀਂਦ ਦੇ ਕਬਜ਼ੇ ਵਿੱਚ ਆ ਗਿਆ।
੯. ਰਾਜਾ ਹਮੀਰ ਸਿੰਘ ਦਾ ਚਲਾਣਾ ਤੇ ਜਸਵੰਤ ਸਿੰਘ ਦਾ ਗੱਦੀ ਤੇ ਬੈਠਣਾ
ਚੌਧਰੀ ਹਮੀਰ ਸਿੰਘ ਨੇ ਆਪਣੇ ਦਾਮਾਦ ਸਰਦਾਰ ਸਾਹਿਬ ਸਿੰਘ; ਜਿਸ ਦੇ ਨਾਲ ਇਸ ਦੀ ਲੜਕੀ ਸਭਾ ਕੌਰ ਦਾ ਨਾਤਾ ਹੋਇਆ ਹੋਇਆ ਸੀ, ਭਾਵਸੂ ਤੇ ਅਮਲੋਹ ਦੇ ਇਲਾਕੇ ਜੋ ਇਸ ਹਿਲਜੁਲ ਵਿੱਚ ਉਹਦੇ ਕਬਜ਼ੇ ਵਿੱਚੋਂ ਨਿੱਕਲ ਗਏ ਸਨ। ਲੜਾਈ ਕਰ ਕੇ ਫਿਰ ਆਪਣੇ ਕਬਜ਼ੇ ਵਿੱਚ ਕਰ ਲਏ। ਸੰਗਰੂਰ ਲੈਣ ਦੇ ਯਤਨ ਵਿੱਚ ਹੀ ਸੀ, ਕਿ ਮੌਤ ਦਾ ਸੱਦਾ ਆ ਗਿਆ ਤੇ ਪੋਹ ੧੮੪੦ ਬਿ. ਨੂੰ ਚਲਾਣਾ ਕਰ ਗਿਆ। ਚੌਧਰੀ ਹਮੀਰ ਸਿੰਘ ਦੀ ਗੱਦੀ ਤੇ ਉਹਦਾ ਲੜਕਾ ਰਾਜਾ ਜਸਵੰਤ ਸਿੰਘ, ਜੋ ੧੮੩੩ ਵਿੱਚ ਉਤਪਨ ਹੋਇਆ, ਦੇ ਪਿਤਾ ਦੇ ਚਲਾਣੇ ਦੇ ਸਮੇਂ ਵਿੱਚ ਅਜੇ ਬਹੁਤ ਛੋਟੀ ਆਯੂ ਦਾ ਸੀ ਗੱਦੀ ਤੇ ਬੈਠਾ, ਕਿੰਤੂ ਇਸ ਦੀ ਸੁਤੀਲੀ ਮਹਾਰਾਣੀ ਦੇਸੂ ਨੇ ਵਜ਼ੀਰੀ ਦਾ ਕੰਮ ਆਪਣੇ ਹੱਥ ਲੈ ਲਿਆ।