

ਕਿੰਤੂ ਹੁਣ ਦੀਵਾਨ ਦੀ ਬੁੱਧੀ ਤੇ ਲਾਲਚ ਦਾ ਪਰਦਾ ਪੈ ਗਿਆ। ਮਹਾਰਾਜਾ ਅਮਰ ਸਿੰਘ ਦੇ ਵੇਲੇ ਵੀ ਇਸ ਤੋਂ ੧੦ ਲਖ ਰੁਪਯਾ ਜੁਰਮਾਨਾ ਲੀਤਾ ਗਿਆ ਸੀ। ਹੁਣ ਇਸ ਨੂੰ ਪੁੱਛਣ ਵਾਲਾ ਕੋਈ ਨਹੀਂ ਸੀ, ਜਿਸ ਤੋਂ ਇਸ ਦੇ ਵਿੱਚ ਹੰਕਾਰ ਆ ਗਿਆ ਤੇ ਏਨਾ ਮੂੰਹ ਤਾਣਾ ਹੋ ਗਿਆ ਕਿ ਦਰਬਾਰ ਦੇ ਵਿੱਚ ਬੈਠ ਕੇ ਹੁੱਕਾ ਪੀਣ ਲਗ ਗਿਆ। ਸਿੰਘਾਂ ਨੂੰ ਇਹ ਗੱਲ ਬੜੀ ਅਯੋਗ ਜਾਪੀ।
ਇਸ ਨੂੰ ਕਈ ਵੇਰ ਸਮਝਾਇਆ ਗਿਆ, ਕਿੰਤੂ ਜਦ ਇਹ ਕਿਸੇ ਕੁਲੀ ਤੇ ਨਾ ਆਇਆ ਤਦ ਮਹਾਰਾਜਾ ਸਾਹਿਬ ਸਿੰਘ ਪਾਸ ਇਹਦੀ ਸ਼ਕਾਇਤ ਹੋਈ ਕਿ ਇਹ ਭਰੇ ਦਰਬਾਰ ਵਿੱਚ ਹੁੱਕਾ ਪੀਂਦਾ ਹੈ, ਸਿੱਖਾਂ ਨੂੰ ਘਿਰਣਾ ਦੀ ਨਜ਼ਰ ਨਾਲ ਵੇਖਦਾ ਹੈ, ਸਾਰੇ ਅਹੁਦਿਆਂ ਤੇ ਇਸ ਨੇ ਆਪਣੇ ਸੰਬੰਧੀ ਰਖੇ ਹੋਏ ਹਨ। ਕੇਵਲ ਇੱਕ ਮੀਰ ਮੁਨਸ਼ੀ ਦਾ ਅਹੁਦਾ ਰਾਮ ਦਿਆਲ ਪਾਸ ਹੈ, ਨਹੀਂ ਤਾਂ ਬਾਕੀ ਸਾਰੇ ਜੁਮੇਵਾਰੀ ਦੇ ਅਹੁਦੇ ਘਰ ਦਿਆਂ ਨੂੰ ਦੇ ਰਖੇ ਹਨ ਤੇ ਇਸ ਨੇ ਮਰਹੱਟਿਆਂ ਨਾਲ ਅੰਦਰ ਖਾਨੇ ਮੇਲ ਰਖ੍ਯਾ ਹੋਇਆ ਹੈ। ਇਹ ਮੋਟੇ ਮੋਟੇ ਦੂਸ਼ਨ ਸਨ ਜੋ ਦੀਵਾਨ ਨਾਨੂ ਮਲ ਤੇ ਲਗਾਏ ਗਏ। ਮਹਾਰਾਜਾ ਸਾਹਿਬ ਸਿੰਘ ਰਾਣੀ ਆਸ ਕੌਰ ਤਾਂ ਪਹਿਲਾਂ ਹੀ ਨਾਰਾਜ਼ ਸਨ, ਬੀਬੀ ਰਾਜਿੰਦਰ ਕੌਰ ਵੀ ਮਰਹੱਟਿਆਂ ਵਾਲੀ ਗੱਲ ਤੋਂ ਵਿਰੁੱਧ ਹੋ ਗਈ। ਇਸ ਤਰ੍ਹਾਂ ਨਾਲ ਪਟਿਆਲਾ ਦਰਬਾਰ ਵਿੱਚ ਇਸ ਦਾ ਕੋਈ ਸਹਾਇਕ ਨਾ ਰਿਹਾ।
੫੫. ਮਰਹੱਟਿਆਂ ਦੀ ਆਉਂਦ
ਇਨ੍ਹਾਂ ਹੀ ਦਿਨਾਂ ਵਿੱਚ ਜਦ ਮਰਹੱਟਿਆਂ ਦੇ ਪ੍ਰਸਿੱਧ ਸਰਦਾਰ ਸਿੰਘ ਅਧੋਜੀ ਨੇ ਦਿੱਲੀ ਪੁੱਜ ਕੇ ਗ਼ੁਲਾਮ ਕਾਦਰ ਰੋਹੇਲੇ ਨੂੰ (ਜਿਸ ਨੇ ਸ਼ਾਹ ਆਲਮ ਦੀਆਂ ਅੱਖਾਂ ਕਢਵਾ ਕੇ ਦਿਲੀ ਦਾ ਤਖ਼ਤ ਮਲ ਲਿਆ ਸੀ) ਕੀਤੀ ਦਾ ਫ਼ਲ ਚਖਾਇਆ ਤੇ ਸ਼ਾਹ ਆਲਮ ਨੂੰ ਫਿਰ ਗੱਦੀ ਤੇ ਬਠਾਇਆ ਤਦ ਮਰਹੱਟਿਆਂ ਦੀ ਫੌਜ ਨੇ ਰਾਣੀ ਖਾਂ ਦਾਦਾ ਜੀ ਅਤੇ ਅਲੀ ਬਹਾਦਰ ਆਦਿਕ ਸਰਦਾਰ ਦੀ ਕਮਾਨ ਵਿੱਚ ਜਮਨਾ ਪਾਰ ਇਲਾਕਾ ਵਾਪਸ ਲੈਣ ਲਈ ਥਾਨੇਸਰ ਵਲ ਕੂਚ ਕੀਤਾ। ਇਹ ਲਸ਼ਕਰ ਥਾਨੇਸਰ ਆ ਕੇ ਕੁਝ ਦਿਨ ਠਹਿਰ ਗਿਆ, ਇਸ ਕਰ ਕੇ ਇੱਥੋਂ ਤਕ ਸੁਖ ਵਰਤੀ। ਕਿੰਤੂ ਜਦ ਇੱਥੋਂ ਕੂਚ ਕਰ ਕੇ ਅਜਰਾਨੇ ਜੋ ਪਟਯਾਲੇ ਤੋਂ ੮ ਮੀਲ ਹੈ, ਮੁਕਾਮ ਕੀਤਾ, ਤਦ ਪਟਿਆਲੇ ਵਿੱਚ ਗੜਬੜ ਮੱਚ ਗਈ। ਦੀਵਾਨ ਨਾਨੂ ਮਲ ਇਹ ਸਮਝੀ ਬੈਠਾ ਸੀ ਕਿ ਮਰਹੱਟਿਆਂ ਦੀ ਫੌਜ ਖ਼ਾਲੀ ਹੱਥ ਕਦੇ ਵਾਪਸ ਨਹੀਂ ਜਾਵੇਗੀ। ਬੀਬੀ ਰਾਜਿੰਦਰ ਕੌਰ ਪਾਸ ਜਾ ਕੇ ਬੇਨਤੀ ਕੀਤੀ ਕਿ ਆਪ ਥੋੜ੍ਹੇ ਦਿਨਾਂ ਲਈ ਅਸਬਾਬ ਤੇ ਕੁਲ ਸਮਾਨ ਲੈ ਕੇ ਬਠਿੰਡਾ ਦੇ ਕਿਲ੍ਹੇ ਵਿੱਚ ਚਲੇ ਜਾਣ, ਕਿੰਤੂ ਇਹ ਇੱਕ ਬੜੀ ਬਹਾਦਰ ਤੀਵੀਂ ਸੀ। ਉਸ ਦੀ ਅੰਮ੍ਰਿਤ ਦੀ ਸ਼ਕਤੀ ਨੇ ਇਹ ਪ੍ਰਵਾਨ ਨਾ ਕੀਤਾ ਕਿ ਮਰਹੱਟਿਆਂ ਤੋਂ ਡਰ ਕੇ ਪਟਯਾਲਾ ਛੱਡ ਜਾਏ। ਇਸ ਕਰ ਕੇ ਉਸ ਨੇ ਦੀਵਾਨ ਦੀ ਬਿਨੇ ਪ੍ਰਵਾਨ ਨਾ ਕੀਤੀ ਤੇ ਕਿਹਾ ਕਿ ਤੂੰ ਵਜ਼ੀਰ ਹੈਂ, ਹਰ ਤਰ੍ਹਾਂ ਤੈਨੂੰ ਪ੍ਰਬੰਧ ਕਰਨਾ ਚਾਹੀਦਾ ਹੈ। ਦੀਵਾਨ ਨਾਨੂ ਮੱਲ ਨੂੰ ਹੁਣ ਪਤਾ ਲਗ ਚੁੱਕਾ ਸੀ ਕਿ ਬੀਬੀ ਰਾਜਿੰਦਰ ਕੌਰ ਤੇ ਮਹਾਰਾਜਾ ਸਾਹਿਬ ਸਿੰਘ ਨੂੰ ਲੋਕਾਂ ਨੇ ਉਸ ਤੋਂ ਬਦਜ਼ਨ ਕਰ ਰੱਖਿਆ ਹੈ। ਇਸ ਕਰ ਕੇ ਉਸ ਨੇ ਚਾਹਿਆ ਕਿ ਹਮੇਸ਼ਾਂ ਵਾਸਤੇ ਪਟਯਾਲਾ ਛੱਡ ਕੇ ਚਲਾ ਜਾਵੇ, ਨਹੀਂ ਤਾਂ ਇਸ ਦਾ ਨਤੀਜਾ ਇਸ ਦੇ ਵਾਸਤੇ ਚੰਗਾ ਨਹੀਂ ਨਿੱਕਲੇਗਾ। ਕੁਝ ਧਨ ਵੀ ਇਕੱਠਾ ਕਰਨਾ ਚਾਹਿਆ, ਉਹ ਆਪਣੇ ਮਾਤੈਹਤ ਸਰਦਾਰਾਂ ਨੂੰ ਨਾਲ ਲੈ ਕੇ ਮਰਹੱਟਿਆਂ ਦੇ ਲਸ਼ਕਰ ਵਿੱਚ ਚਲਾ ਗਿਆ। ਇਸ ਨੇ ਉੱਥੇ ਜਾਂਦਿਆਂ ਹੀ ਰਾਣੀ ਖਾਂ ਨਾਲ ਮਿਤਰਾਨਾ ਗੰਢ ਲਿਆ। ਹੁਣ ਜਦ ਮਰਹੱਟਿਆਂ ਨੇ ਨਾਨੂ ਮਲ ਦੀ ਰਾਹੀਂ ਪਟਿਆਲੇ ਦੇ ਰਈਸ ਤੋਂ ਨਜ਼ਰਾਨਾ ਵਸੂਲ ਕਰ ਲਿਆ, ਤਦ ਪਟਿਆਲਾ ਬਾਬਤ ਨਾਨੂ ਮੱਲ ਨੇ ਆਪ ਬੀਬੀ ਰਾਜਿੰਦਰ ਕੌਰ ਨੂੰ ਸੁਨੇਹਾ ਭੇਜਿਆ ਕਿ ਮਰਹੱਟੇ ਇੰਨਾ ਰੁਪਯਾ ਮੰਗਦੇ ਹਨ। ਉੱਤਰ ਵਿੱਚ ਰਾਜਿੰਦਰ ਕੌਰ ਨੇ ਕਹਿ ਭੇਜਿਆ ਕਿ ਰਿਆਸਤ ਦਾ ਵਜ਼ੀਰ ਤੂੰ ਹੀ ਹੈਂ, ਰੁਪਯਾ ਤੈਨੂੰ ਹੀ ਦੇਣਾ ਚਾਹੀਦਾ ਹੈ। ਇਹ ਝਗੜਾ ਨਾਨੂ ਮੱਲ ਤੇ ਰਾਜਿੰਦਰ ਕੌਰ ਦੇ ਵਿਚਕਾਰ ਚਲਦਾ ਰਿਹਾ। ਕਿੰਤੂ ਜਦ ਇਸ ਗੱਲ ਦਾ