

ਕੋਈ ਫ਼ੈਸਲਾ ਨਾ ਹੋਇਆ, ਤਦ ਰਾਜਿੰਦਰ ਕੌਰ ਨੇ ਮਰਹੱਟਾ ਸਰਦਾਰਾਂ ਨੂੰ ਕਹਿ ਭੇਜਿਆ ਕਿ ਇੱਥੋਂ ਫੌਜ ਲੈ ਕੇ ਚਲੇ ਜਾਓ, ਮੈਂ ਇਸ ਨਜ਼ਰਾਨੇ ਦਾ ਫੈਸਲਾ ਸੇਂਧਯਾ ਦੇ ਪਾਸ ਚੱਲ ਕੇ ਆਪ ਕਰ ਲੈਂਦੀ ਹਾਂ ਤੇ ਆਪ ਇੱਕ ਬੜੀ ਬਹਾਦਰ ਫੌਜ ਲੈ ਕੇ ਮਥਰਾ ਦੇ ਪਾਸੇ ਸੇਂਧਯਾ ਨਾਲ ਫ਼ੈਸਲਾ ਕਰਨ ਵਾਸਤੇ ਕੂਚ ਕੀਤਾ, ਕਿੰਤੂ ਸੈਫਅਬਾਦ ਦੇ ਕਿਲ੍ਹੇ ਤੇ ਨਾਨੂ ਮੱਲ ਦੇ ਭੜਕਾਨ ਤੇ ਮਰਹੱਟੇ ਤੇ ਸਿੱਖਾਂ ਦੇ ਵਿਚਕਾਰ ਡੂਢ ਮਹੀਨਾ ਤਕਣ ਲੜਾਈ ਹੁੰਦੀ ਰਹੀ। ਜਦ ਮਰਹੱਟਾ ਫੌਜ ਨਿਰਾਸ ਹੋ ਗਈ, ਤਦ ਕਰਨਾਲ ਵਲ ਵਾਪਸ ਚਲੀ ਗਈ।
ਜਿਸ ਵੇਲੇ ਰਾਜਿੰਦਰ ਕੌਰ ਤੇ ਨਾਨੂ ਮਲ ਦਾ ਝਗੜਾ ਨਜ਼ਰਾਨੇ ਬਾਬਤ ਚੱਲ ਰਿਹਾ ਸੀ, ਉਸ ਵੇਲੇ ਰਾਜਿੰਦਰ ਕੌਰ ਨੇ ਨਾਨੂ ਮਲ ਦੇ ਲੜਕੇ ਦੇਵੀ ਦਿੱਤਾ ਮੱਲ ਨੂੰ ਉਸ ਦੇ ਪਿਤਾ ਦੀ ਨੇਕ ਚਲਨੀ ਦੀ ਜ਼ਮਾਨਤ ਵਿੱਚ ਕੈਦ ਕਰ ਲਿਆ ਸੀ, ਜਿਸ ਦਾ ਨਤੀਜਾ ਇਹ ਹੋਇਆ ਕਿ ਦਾਦਾ ਜੀ ਮਰਹੱਟਾ ਦੀ ੩੦ ਹਜ਼ਾਰ ਫੌਜ ਲੈ ਕੇ ਪਟਿਆਲੇ ਉੱਤੇ ਨਾਨੂ ਮੱਲ ਨੇ ਚੜਾਈ ਕਰ ਦਿੱਤੀ ਤੇ ਰਾਜਿੰਦਰ ਕੌਰ ਨੂੰ ਸੁਨੇਹਾ ਭੇਜਿਆ ਕਿ ਜਦ ਤਕ ਮੇਰੇ ਲੜਕੇ ਨੂੰ ਨਾ ਛਡੋਗੇ ਮੈਂ ਰੁਪਯੇ ਦਾ ਬੰਦੋਬਸਤ ਨਹੀਂ ਕਰਾਂਗਾ। ਰਾਜਿੰਦਰ ਕੌਰ ਨੇ ਵੀ ਮਾਮਲੇ ਨੂੰ ਵਧਾਣਾ ਪਸੰਦ ਨਾ ਕੀਤਾ ਤੇ ਦੇਵੀ ਦਿੱਤਾ ਮੱਲ ਨੂੰ ਛੱਡ ਦਿੱਤਾ।
ਜਦ ਮਰਹੱਟਿਆਂ ਦੀ ਫੌਜ ਨਾਨੂ ਮਲ ਸਮੇਤ ਕਰਨਾਲ ਵਲ ਵਾਪਸ ਮੁੜੀ, ਤਦ ਪਿੱਛੋਂ ਮਹਾਰਾਜਾ ਸਾਹਿਬ ਸਿੰਘ ਨੇ ਕਈ ਕੁ ਆਦਮੀਆਂ ਨੂੰ ਫੜ ਕੇ ਕੈਦ ਕਰ ਲਿਆ। ਨਾਨੂੰ ਮਲ ਦਾ ਜਿੰਨਾ ਅਸਬਾਬ ਅਖਨੂਰ ਤੇ ਭਵਾਨੀਗੜ੍ਹ ਦੇ ਕਿਲ੍ਹੇ ਵਿੱਚ ਸੀ, ਸਾਰਾ ਜ਼ਬਤ ਕਰ ਲਿਆ। ਫਿਰ ਇੱਥੋਂ ਚੱਲ ਕੇ ਨਾਨੂੰ ਮਲ ਦੇ ਲੜਕੇ ਨੌਦਾ ਰਾਇ ਨੂੰ: ਜੋ ਬਰਨਾਲੇ ਵਿੱਚ ਤਸੀਲਦਾਰ ਸੀ, ਕੈਦ ਕਰ ਲਿਆ। ਫਿਰ ਕਿਲ੍ਹਾ ਅਕਾਲ ਗੜ੍ਹ ਤੇ ਹਮਲਾ ਕੀਤਾ, ਇੱਥੇ ਨਾਨੂੰ ਮਲ ਦਾ ਤੀਜਾ ਲੜਕਾ ਮਾਈ ਦਿੱਤਾ ਰਹਿੰਦਾ ਸੀ। ਇਸ ਦੀ ਸਲਾਹ ਲੜਾਈ ਕਰਨ ਦੀ ਸੀ, ਕਿੰਤੂ ਆਪਣੀ ਫੌਜ ਦੀ ਕਮੀ ਵੇਖ ਕੇ ਚੁੱਪ ਹੋ ਗਿਆ। ਚਾਰ ਲੱਖ ਰੁਪਯਾ ਮਹਾਰਾਜਾ ਸਾਹਿਬ ਸਿੰਘ ਨੂੰ ਇਸ ਕਿਲ੍ਹੇ ਤੋਂ ਹੱਥ ਆਇਆ। ਇਸੇ ਤਰ੍ਹਾਂ ਜਿੱਥੇ ਜਿੱਥੇ ਅਖਨੂਰ ਜਾਂ ਹੋਰ ਥਾਵਾਂ ਤੇ ਨਾਨੂ ਮਲ ਦੇ ਸੰਬੰਧੀ, ਜਾਂ ਆਂਦੇ ਹੋਏ ਆਦਮੀਆਂ ਦਾ ਪਤਾ ਲੱਗਾ, ਉਸ ਨੂੰ ਉੱਥੇ ਪੁੱਜ ਕੇ ਨੌਕਰੀ ਤੋਂ ਹਟਾ ਦਿੱਤਾ ਤੇ ਨਾਨੂ ਮਲ ਦੀ ਜਿੰਨੀ ਜਾਇਦਾਦ ਨਕਦੀ ਸਾਮਾਨ ਜਾਂ ਜ਼ਮੀਨ ਤੇ ਮਕਾਨ ਆਦਿਕ ਸੀ, ਸਭ ਜ਼ਬਤ ਕਰ ਲਏ। ਇਧਰ ਕਰਨਾਲ ਅੱਪੜ ਕੇ ਦੀਵਾਨ ਨਾਨੂ ਮੱਲ ਨੇ ਮਰਹੱਟਿਆਂ ਪਾਸੋਂ ਆਗਿਆ ਮੰਗੀ। ਅਜੇ ਇਹ ਰਾਹ ਵਿੱਚ ਹੀ ਸੀ ਕਿ ਇਸ ਨੂੰ ਮਹਾਰਾਜਾ ਸਾਹਿਬ ਸਿੰਘ ਦੀਆਂ ਇਹਨਾਂ ਗੱਲਾਂ ਦਾ ਪਤਾ ਲਗ ਗਿਆ। ਇਸ ਕਰ ਕੇ ਇਹਨੇ ਸੋਚ ਲਿਆ ਕਿ ਜੇ ਕਦੀ ਮੈਂ ਐਸ ਵੇਲੇ ਪਟਿਆਲੇ ਜਾਵਾਂ ਤਦ ਜਾਂ ਤਾਂ ਕਤਲ ਕਰ ਦੇਣਗੇ ਜਾਂ ਕੈਦ ਵਿੱਚ ਸੜਨਾ ਪਵੇਗਾ। ਇਸ ਕਰ ਕੇ ਇਸ ਨੇ ਸ਼ਾਹਅਬਾਦ ਦੇ ਰਈਸ ਕਰਮ ਸਿੰਘ ਪਾਸ ਪਨਾਹ ਲਈ। ਇਸ ਰਈਸ ਨੇ ਪਟਿਆਲੇ ਦੇ ਮਹਾਰਾਜੇ ਨਾਲ ਇਸ ਦਾ ਸਲੂਕ ਕਰਾ ਦੇਣ ਦੇ ਬੜੇ ਇਕਰਾਰ ਕੀਤੇ ਤੇ ਮਹਾਰਾਜਾ ਸਾਹਿਬ ਸਿੰਘ ਨੂੰ ਸੁਨੇਹੇ ਵੀ ਭੇਜੇ। ਦੀਵਾਨ ਨਾਨੂਮੱਲ ਨੇ ਕੁਝ ਥੋੜ੍ਹੀ ਜਿਹੀ ਫੌਜ ਇਕੱਤਰ ਕਰ ਕੇ ਅਖਨੂਰ ਤੇ ਹੱਲਾ ਕਰਨ ਦੀ ਸਲਾਹ ਕੀਤੀ। ਸਰਦਾਰ ਕਰਮ ਸਿੰਘ ਨੂੰ ਜਦ ਪਤਾ ਲੱਗਾ ਕਿ ਉਹ ਤਾਂ ਸੁਲਾਹ ਕਰਾਨੀ ਚਾਹੁੰਦਾ ਹੈ, ਕਿੰਤੂ ਨਾਨੂ ਮਲ ਉਲਟਾ ਲੜਾਈ ਦੇ ਮਨਸੂਬੇ ਪਕਾ ਰਿਹਾ ਹੈ। ਤਦ ਉਸ ਨੇ ਨਾਨੂ ਮਲ ਨੂੰ ਇਸ ਦੋ ਪਾਸੀਂ ਚਾਲ ਚਲਣ ਤੋਂ ਰੋਕਿਆ, ਜਿਸ ਤੋਂ ਨਾਨੂ ਮੱਲ ਆਪਣਾ ਪਾਜ ਉੱਘੜਦਾ ਵੇਖ ਕੇ ਇੱਥੋਂ ਨੱਸ ਕੇ ਇਲਾਕਾ ਕੈਥਲ ਵਿੱਚ ਚਲਾ ਗਿਆ।
ਇਧਰ ਮਥੁਰਾ ਪੁੱਜ ਕੇ ਰਾਜਿੰਦਰ ਕੌਰ ਨੇ ਸੇਂਧਯਾ ਨਾਲ ਨਜ਼ਰਾਨੇ ਦਾ ਫ਼ੈਸਲਾ ਕਰ ਲਿਆ ਤੇ ਦੇਵੀ ਦਿੱਤਾ ਜੋ ਨਾਨੂ ਮਲ ਦਾ ਪੁੱਤਰ ਸੀ, ਉਸ ਨੂੰ ਨਜ਼ਰਾਨੇ ਦੀ ਰਕਮ ਭੇਜਣ ਦੇ ਇਕਰਾਰ ਵਿੱਚ ਮਰਹੱਟਿਆਂ ਪਾਸ ਛੱਡ ਆਈ ਤੇ ਪਟਿਆਲੇ ਅੱਪੜ ਗਈ, ਜਿੱਥੇ ੧੭੯੧ ਈਸਵੀ ਨੂੰ ਬੀਮਾਰ ਹੋ ਕੇ ਚਲਾਣਾ ਕਰ ਗਈ।