

੫੬. ਬੀਬੀ ਰਾਜਿੰਦਰ ਕੌਰ ਦਾ ਆਚਰਣ
ਰਾਣੀ ਰਾਜਿੰਦਰ ਕੌਰ ਇੱਕ ਬੜੀ ਬਹਾਦਰ ਦਲੇਰ, ਅਕਲਮੰਦ ਤੇ ਦ੍ਰਿੜ ਪ੍ਰਤੱਗਯਾ ਵਾਲੀ ਤੀਵੀਂ ਸੀ। ਮਾਲੀ ਤੇ ਮੁਲਕੀ ਪ੍ਰਬੰਧ ਕਰਨ ਵਿੱਚ ਇੰਨੀ ਸਮਝਦਾਰ ਸੀ ਕਿ ਇੱਕ ਤਕੜੀ ਰਿਆਸਤ ਦਾ ਪ੍ਰਬੰਧ ਹਜ਼ਾਰਾਂ ਮਰਦਾਂ ਨਾਲੋਂ ਚੰਗੀ ਤਰ੍ਹਾਂ ਕਰ ਸਕਦੀ ਸੀ। ਦ੍ਰਿੜਤਾ, ਦੂਰਦਰਸ਼ਤਾ, ਦਾਨਾਈ ਤੇ ਦਲੇਰੀ ਆਦਿਕ ਜਿਨ੍ਹਾਂ ਗੁਣਾਂ ਦੇ ਹੋਣ ਤੇ ਕੇਵਲ ਮਰਦਾਂ ਨੂੰ ਹੀ ਘੁਮੰਡ ਹੁੰਦਾ ਹੈ, ਇਸ ਸੁਭਾਵ ਤੀਵੀਂ ਵਿੱਚ ਓਹ ਸਾਰੇ ਗੁਣ ਸਨ। ਇਹ ਇਸੇ ਦੀ ਜ਼ਾਤੀ ਗੁਣਾਂ ਦਾ ਫਲ ਸੀ। ਪਟਿਆਲਾ ਰਿਆਸਤ ਜਿਉਂ ਦੀ ਤਿਉਂ ਰਹਿ ਗਈ, ਨਹੀਂ ਤਾਂ ਰਾਜਾ ਅਮਰ ਸਿੰਘ ਤੋਂ ਪਿੱਛੋਂ ਜਿਸ ਖਤਰਨਾਕ ਹਾਲਤ ਵਿੱਚ ਇਹ ਰਿਆਸਤ ਪੈ ਗਈ ਸੀ ਆਸ ਨਹੀਂ ਸੀ ਕਿ ਇਹ ਰਿਆਸਤ ਕਾਇਮ ਰਹਿ ਸਕਦੀ, ਕਿੰਤੂ ਸ਼ੋਕ ਹੈ ਕਿ ਇਹ ਬਹਾਦਰ ਤੀਵੀਂ ਜੋ ਇਸਤ੍ਰੀ ਜਾਤੀ ਲਈ ਫਖਰ, ਕੌਮ ਲਈ ਇੱਜ਼ਤ ਤੇ ਮੁਲਕ ਲਈ ਪੱਤ ਦਾ ਕਾਰਨ ਹੋਈ, ਜਿਸ ਨੇ ਹਰ ਮੁਸ਼ਕਲ ਜੰਗਾਂ ਵਿੱਚ ਆਪਣੇ ਘੋੜੇ ਤੇ ਸਵਾਰ ਹੋ ਰਣ ਜਿੱਤੇ, ਹੱਥ ਤੇ ਸਿਰ ਰੱਖ ਕੇ ਪਟਯਾਲੇ ਦਰਬਾਰ ਲਈ ਫਿਰਦੀ ਰਹੀ, ਓਸ ਪਟਿਆਲਾ ਰਾਜ ਵਲੋਂ ਇਸ ਦੇ ਨਾਲ ਇਨ੍ਹਾਂ ਅੱਛਾ ਸਲੂਕ ਨਾ ਹੋਇਆ, ਜਿੰਨਾ ਕਿ ਹੋਣਾ ਚਾਹੀਦਾ ਸੀ। ਇਸ ਤੋਂ ਪਿੱਛੋਂ ਰਾਣੀ ਸਾਹਿਬ ਕੌਰ ਤੇ ਆਸ ਕੌਰ ਵੀ ਪਟਯਾਲਾ ਦਰਬਾਰ ਵਿੱਚ ਅਜਿਹੀਆਂ ਹੀ ਤੀਵੀਆਂ ਹੋਈਆਂ, ਜਿਨ੍ਹਾਂ ਨੇ ਕਿ ਬਹਾਦਰੀ ਤੇ ਸਿਆਣਪ ਦੇ ਨਾਲ ਰਾਜ ਪ੍ਰਬੰਧ ਕੀਤਾ।
੫੭. ਦੀਵਾਨ ਨਾਨੂ ਮੱਲ ਦਾ ਚਲਾਣਾ
ਦੀਵਾਨ ਨਾਨੂ ਮੱਲ ਨੇ ਜਦ ਇਹ ਵੇਖਿਆ ਕਿ ਰਾਜਿੰਦਰ ਕੌਰ ਚਲਾਣਾ ਕਰ ਗਈ ਹੈ। ਤਦ ਓਸ ਨੇ ਫਿਰ ਇੱਕ ਵੇਰ ਪਟਿਆਲੇ ਜਾਣ ਦਾ ਯਤਨ ਕੀਤਾ। ਜਦ ਕਾਮਯਾਬ ਨਾ ਹੋਇਆ ਤਦ ਮਾਲੇਰ ਕੋਟਲੇ ਦੇ ਨਵਾਬ ਨੂੰ ਇਹ ਕਹਿ ਕੇ ਕਿ ਤੇਰਾ ਅਮਕਾ ਅਮਕਾ ਪਿੰਡ ਪਟਿਯਾਲੇ ਵਾਲਿਆਂ ਦਬਾ ਰੱਖਿਆ ਹੈ, ਫੌਜ ਲੈ ਕੇ ਚੜ੍ਹਾਈ ਕਰ ਦਿੱਤੀ। ਮਾਲੇਰਕੋਟਲਾ ਦੀ ਹਰ ਵਾਰ ਦੀ ਨਾਕਾਮਯਾਬੀ ਨੇ ਦੀਵਾਨ ਨਾਨੂੰ ਮਲ ਨੂੰ ਵੀ ੧੭੯੨ ਈ. ਵਿੱਚ ਇਸ ਦੁਨੀਆਂ ਤੋਂ ਨਾਕਾਮਯਾਬ ਵਾਪਸ ਕਰ ਦਿੱਤਾ।
੫੮. ਮੀਰ ਅਲਾਹੀ ਬਖ਼ਸ਼ ਤੇ ਕੇਸਰ ਮੱਲ
ਦੀਵਾਨ ਨਾਨੂ ਮੱਲ ਦੇ ਚਲਾਣੇ ਦੇ ਮਗਰੋਂ ਰਿਆਸਤ ਪਟਿਆਲੇ ਵਿੱਚ ਮੀਰ ਅਲਾਹੀ ਬਖ਼ਸ਼ ਨੇ ਮਹਾਰਾਜਾ ਸਾਹਿਬ ਸਿੰਘ ਨੂੰ ਆਪਣੇ ਹੱਥਾਂ ਤੇ ਪਾ ਲਿਆ। ਇਹ ਸਮਾਨਾ ਦਾ ਰਹਿਣ ਵਾਲਾ ਸੀ। ਜਿਵੇਂ ਚਾਹੁੰਦਾ ਮਹਾਰਾਜਾ ਪਾਸੋਂ ਕਰਾਂਦਾ ਸੀ। ਇਸ ਦੀਆਂ ਆਦਤਾਂ ਤੋਂ ਤੰਗ ਆ ਕੇ ਸਰਦਾਰ ਦਿਆਲ ਸਿੰਘ ਅਰੋੜਾ ਤੇ ਸੁੱਖਾ ਸਿੰਘ ਢਿਲੋਂ ਨੇ ਅਲਾਹੀ ਬਖ਼ਸ਼ ਨੂੰ ਦਰਬਾਰ ਵਿੱਚ ਕਤਲ ਕਰ ਦਿੱਤਾ। ਇਸ ਤੋਂ ਪਿੱਛੋਂ ੧੮੫੦ ਬਿਕ੍ਰਮੀ ਵਿੱਚ ਸਰਦਾਰ ਅਲਵੇਲ ਸਿੰਘ ਰਿਆਸਤ ਦੇ ਵਜ਼ੀਰ ਬਣੇ ਤੇ ਰਾਮ ਦਿਆਲ ਮੁਨਸ਼ੀਗਰੀ ਦੇ ਅਹੁਦੇ ਤੋਂ ਦੀਵਾਨ ਨੀਯਤ ਹੋਇਆ। ਕਿੰਤੂ ਮਹਾਰਾਜ ਸਾਹਿਬ ਸਿੰਘ ਨੂੰ ਇਸ ਗੱਲ ਦਾ ਹਰ ਵੇਲੇ ਸੁਬਾ ਰਹਿੰਦਾ ਸੀ ਕਿ ਕਿਤੇ ਇਹ ਮੇਰੇ ਨਾਲ ਧੋਖਾ ਕਰ ਕੇ ਮੇਰੇ ਲੜਕੇ ਨੂੰ ਗੱਦੀ ਤੇ ਬਿਠਾ ਕੇ ਮੈਨੂੰ ਤਖ਼ਤੋਂ ਨਾ ਉਠਾ ਦੇਣ।
੫੯. ਬੀਬੀ ਸਾਹਿਬ ਕੌਰ ਦਾ ਵਜ਼ੀਰ ਹੋਣਾ
ਮਹਾਰਾਜਾ ਸਾਹਿਬ ਸਿੰਘ ਨੇ ਆਪਣੀ ਭੈਣ ਬੀਬੀ ਸਾਹਿਬ ਕੌਰ ਨੂੰ, ਜੋ ਬੀਬੀ ਰਾਜਿੰਦਰ ਕੌਰ ਵਾਂਗ ਬੜੀ ਬਹਾਦਰ ਤੇ ਅਕਲਮੰਦ ਸੀ, ਫਤਹਿਗੜ੍ਹ (ਉਸ ਦੇ ਸਾਹੁਰੇ ਪਿੰਡ) ਤੋਂ ਪਟਿਆਲੇ ਸੱਦ ਕੇ ਰਿਆਸਤ ਦਾ ਸਾਰਾ ਪ੍ਰਬੰਧ ਉਸ ਦੇ ਹਵਾਲੇ ਕਰ ਦਿੱਤਾ। ਸਾਹਿਬ ਕੌਰ ਨੇ ਪਟਿਆਲੇ ਅੱਪੜਦਿਆਂ ਹੀ ਰਿਆਸਤ ਦਾ ਪ੍ਰਬੰਧ ਆਪਣੇ ਹੱਥ ਵਿੱਚ ਲੈ ਲਿਆ। ਸਰਦਾਰ ਤਾਰਾ ਸਿੰਘ ਨੇ ਆਪਣੀ ਸਹਾਇਤਾ ਤੇ ਨਾਨੂ ਮਲ ਦੇ ਭਤੀਜੇ ਦੀਵਾਨ ਸਿੰਘ ਨੂੰ ਦੀਵਾਨ ਦੇ ਅਹੁਦੇ ਤੇ