

ਨੀਯਤ ਕਰ ਦਿੱਤਾ ਕਿੰਤੂ ਜਦ ਇਸ ਪਾਸੋਂ ਇਹ ਕੰਮ ਚੰਗੀ ਤਰ੍ਹਾਂ ਨਾ ਚਲਿਆ ਤਦ ਮਹਾਰਾਜਾ ਸਾਹਿਬ ਸਿੰਘ ਨੇ ਰਾਮ ਦਿਆਲ ਸਾਹਿਬ ਦੇ ਨਿੱਕੇ ਭਰਾ ਗੁਰਦਿਆਲ ਸਾਹਿਬ ਨੂੰ ਦੀਵਾਨੀ ਦਾ ਕੰਮ ਸੌਂਪ ਦਿੱਤਾ।
ਉਨ੍ਹਾਂ ਦਿਨਾਂ ਵਿੱਚ ਘਨੀਆਬਾਜਾ ਦੇ ਜ਼ਿਮੀਂਦਾਰਾਂ ਨੇ ਸ੍ਰ: ਚੂਹੜ ਸਿੰਘ ਭਦੌੜੀਆ ਤੇ ਉਸ ਦੇ ਭਰਾ ਦਲ ਸਿੰਘ ਨੂੰ ਆਪਣੇ ਪਿੰਡ ਧੋਖੇ ਨਾਲ ਸੱਦਿਆ ਤੇ ਇੱਕ ਬੁਰਜ ਤੇ ਲੈ ਜਾ ਕੇ ਚਾਰੇ ਪਾਸੀਂ ਲੱਕੜੀ ਰੱਖ ਅੱਗ ਲਾ ਕੇ ਸਾੜ ਸੁੱਟਿਆ। ਇਹ ਖ਼ਬਰ ਸੁਣ ਦੇ ਮਹਾਰਾਜਾ ਪਟਿਆਲਾ ਨੇ ਤਿੰਨ ਹਜ਼ਾਰ ਸਵਾਰ ਲੈ ਕੇ ਬਰਨਾਲੇ ਤੇ ਕੂਚ ਕੀਤਾ ਤੇ ੧੮੪੯ ਫੱਗਣ ਵਿੱਚ ਓਥੇ ਪੁੱਜ ਕੇ ੧੦੦ ਆਦਮੀ ਜਿਨ੍ਹਾਂ ਦੀ ਇਹ ਸ਼ਰਾਰਤ ਦਾ ਕੰਮ ਸੀ, ਤਲਵਾਰ ਨਾਲ ਕਤਲ ਕਰ ਦਿੱਤਾ ਤੇ ਪਿੰਡ ਘਨੀ ਆਬਾਜਾ ਨੂੰ ਅੱਗ ਲਾ ਦਿੱਤੀ। ਫਿਰ ਓਥੋਂ ਮਹਾਰਾਜੇ ਨੇ ਭਦੌੜ ਪੁੱਜ ਕੇ ਚੂਹੜ ਸਿੰਘ ਦੇ ਪੁੱਤਰ ਦੀਪ ਸਿੰਘ ਤੇ ਬੀਰ ਸਿੰਘ ਨੂੰ ਸਿਰੋਪਾ ਦੇ ਕੇ ਓਹਨਾਂ ਦੇ ਪਿਤਾ ਦੀ ਜਗ੍ਹਾ ਤੇ ਬਿਠਾ ਦਿੱਤਾ ਤੇ ਸਰਦਾਰ ਅਲਬੇਲ ਸਿੰਘ ਨੂੰ ਕੁਝ ਫੌਜ ਦੇ ਕੇ ਇਲਾਕਾ ਬੋਹੀਆ ਵਿੱਚ ਜਿੱਥੋਂ ਦੇ ਜ਼ਿਮੀਂਦਾਰ ਕੁਝ ਬਾਗ਼ੀ ਹੋ ਗਏ ਸਨ, ਭੇਜਿਆ ਤੇ ਆਪ ਮਹਾਰਾਜਾ ਸਾਹਿਬ ਸੋਢੀ ਕਰਮ ਸਿੰਘ ਮਾਛੀਵਾੜੇ ਵਾਲੇ ਤੇ ਸਰਦਾਰ ਚੜ੍ਹਤ ਸਿੰਘ ਆਦਿਕਾਂ ਨੂੰ ਅਧੀਨ ਬਣਾ ਕੇ ਵਾਪਸ ਪਟਿਆਲੇ ਚਲਾ ਆਇਆ। ਉਧਰ ਸਰਦਾਰ ਅਲਬੇਲ ਸਿੰਘ ਵੀ ਤਿੰਨ ਮਹੀਨੇ ਲੜਾਈਆਂ ਕਰ ਕੇ ਬੋਹੀਆ ਦੇ ਇਲਾਕੇ ਸੋਧ ਤਿੰਨ ਸਾਲ ਦਾ ਮਾਮਲਾ ਵਸੂਲ ਕਰ ਕੇ ਚਲਾ ਆਇਆ।
ਇਸ ਸਮੇਂ ਖ਼ਬਰ ਆਈ ਕਿ ਸ੍ਰਦਾਰ ਜੈਮਲ ਸਿੰਘ ਘਨੀਆ ਨੂੰ ਓਸ ਦੇ ਚਾਚੇ ਦੇ ਲੜਕੇ ਭਾਈ ਫਤਹਿ ਸਿੰਘ ਨੇ ਕੈਦ ਕਰ ਲਿਆ ਹੈ। ਇਹ ਗੱਲ ਸੁਣਦੇ ਹੀ ਬੀਬੀ ਸਾਹਿਬ ਕੌਰ ਨੇ ਆਪਣੇ ਪਤੀ ਨੂੰ ਛੁਡਾਣ ਵਾਸਤੇ ਇੱਕ ਤਕੜੀ ਫੌਜ ਲੈ ਕੇ ਸਰਦਾਰ ਜੋਧ ਸਿੰਘ ਸਮੇਤ ਉਸ ਪਾਸੇ ਚੜ੍ਹਾਈ ਕਰ ਦਿੱਤੀ ਤੇ ਥੋੜ੍ਹੇ ਹੀ ਦਿਨਾਂ ਦੇ ਜੰਗ ਨਾਲ ਫਤਹਿ ਪਾ ਕੇ ਓਧਰ ਦਾ ਸਾਰਾ ਪ੍ਰਬੰਧ ਕਰ ਕੇ ਆਪਣੇ ਪਤੀ ਨੂੰ ਛੁਡਾ ਕੇ ਪਟਿਆਲੇ ਆ ਗਈ।
੬੦. ਸਾਹਿਬ ਕੌਰ ਦੀ ਮਰਹੱਟਿਆਂ ਨਾਲ ਜੰਗ ਤੇ ਫਤਹਿ
ਸੰਮਤ ੧੮੫੧ ਨੂੰ ਲਛਮੀ ਰਾਓ ਤੇ ਵਾਂਟਾ ਰਾਓ ਮਰਹੱਟਿਆਂ ਨੇ ਫਿਰ ਇਸ ਮੁਲਕ ਤੇ ਚੜ੍ਹਾਈ ਕੀਤੀ ਤੇ ਸਾਰੇ ਨਿਕੇ ਨਿਕੇ ਰਈਸਾਂ ਨੇ ਉਹਨਾਂ ਦੀ ਅਧੀਨਤਾ ਸ੍ਵੀਕਾਰ ਕਰ ਲਈ। ਐਥੋਂ ਤੱਕ ਕਿ ਜੀਂਦ ਤੇ ਕੈਥਲ ਆਦਿਕ ਰਿਆਸਤਾਂ ਜੋ ਵਡੀਆਂ ਰਿਆਸਤਾਂ ਗਿਣੀਆਂ ਜਾਂਦੀਆਂ ਸਨ, ਉਹਨਾਂ ਦੇ ਵਜ਼ੀਰਾਂ ਨੇ ਵੀ ਆਪਣੀ ਖੈਰ ਖਾਹੀ ਦੇ ਸੁਣੇਹੇ ਭੇਜ ਦਿਤੇ। ਕਿੰਤੂ ਬੀਬੀ ਸਾਹਿਬ ਕੌਰ ਨੇ; ਜੋ ਬਹਾਦਰੀ, ਦਲੇਰੀ ਤੇ ਸਿਆਣਪ ਵਿੱਚ ਆਪਣੇ ਜਿਹੀ ਆਪ ਹੀ ਸੀ, ਸਰਦਾਰ ਬੈਹਂਗਾ ਸਿੰਘ ਥਾਨੇਸਰ ਜੋਧ ਸਿੰਘ ਕਲਸੀਆ ਦੀਪ ਸਿੰਘ ਬੀਰ ਸਿੰਘ ਭਦੌੜੀਆ ਤੇ ਤਾਰਾ ਸਿੰਘ ਗੈਬਾ ਆਦਿਕ ਸਰਦਾਰਾਂ ਨੂੰ ਨਾਲ ਲੈ ਕੇ ਮਰਹੱਟਿਆਂ ਦੇ ਟਾਕਰੇ ਲਈ ਕੂਚ ਕੀਤਾ। ਅੰਬਾਲੇ ਤੋਂ ਕੁਝ ਮੀਲਾਂ ਦੀ ਵਿੱਥ ਤੇ ਮਰਦਾਨ ਪੂਰੇ ਦੋਨੋਂ ਫੌਜਾਂ ਆਹਮੋ ਸਾਮ੍ਹਣੇ ਹੋ ਗਈਆਂ। ਲੜਾਈ ਸ਼ੁਰੂ ਹੋ ਗਈ, ਮਰਹੱਟਿਆਂ ਦੀ ਫੌਜ ਕੁਵਾਇਦ ਜਾਣਦੀ ਤੇ ਸਾਹਿਬ ਕੌਰ ਦੀ ਫੌਜ ਨਾਲੋਂ ਗਿਣਤੀ ਵਿੱਚ ਵੀ ਚੋਣੀ ਸੀ, ਇਸ ਕਰ ਕੇ ਸੰਭਵ ਸੀ ਕਿ ਪਟਯਾਲੇ ਦੀ ਫੌਜ ਹਾਰ ਜਾਏ, ਕਿੰਤੂ ਇਸ ਸਮੇਂ ਬਹਾਦਰ ਸੈਨਾਪਤੀ ਸਾਹਿਬ ਕੌਰ ਨੇ ਰੱਥ ਵਿਚੋਂ ਨਿੱਕਲ ਕੇ ਮਰਦਾਨਾ ਕਪੜੇ ਪਾ ਕੇ ਫੌਜ ਨੂੰ ਲਲਕਾਰ ਕੇ ਕਿਹਾ, "ਐ ਬਹਾਦਰੋ! ਮਰਦਾਂ ਦਾ ਪਿੱਛੇ ਹਟਣਾ ਨਹੀਂ, ਕੀ ਤੁਹਾਡੀ ਇੱਜ਼ਤ ਬਹਾਦਰੀ ਤੇ ਜਵਾਂ ਮਰਦੀ ਇਸ ਗੱਲ ਦੀ ਆਗਿਆ ਦੇਵੇਗੀ ਕਿ ਤੁਹਾਡੇ ਮਹਾਰਾਜੇ ਦੀ ਭੈਣ ਵੈਰੀਆਂ ਦੇ ਹੱਥ ਵਿੱਚ ਆ ਜਾਏ ਤੇ ਤੁਸੀਂ ਆਪਣੀਆਂ ਜਾਨਾਂ ਬਚਾ ਕੇ ਖ਼ੁਸ਼ੀ ਖ਼ੁਸ਼ੀ ਆਪਣੇ ਘਰੀਂ ਚਲੇ ਜਾਓ? ਜੇ ਤੁਹਾਡੀ ਇਹ ਹੀ ਮਨਸ਼ਾ ਹੈ, ਤਦ ਸੁਖ! ਚਲੇ ਜਾਓ, ਮੇਰੇ ਕੁਝ ਵਸ ਨਹੀਂ। ਕਿੰਤੂ ਜਦ ਤਕ ਮੇਰੀ ਜਾਨ ਵਿੱਚ ਜਾਨ ਹੈ, ਪਿਛੇ ਕਦਮ ਨਹੀਂ ਰਖਾਂਗੀ। ਲੜ ਕੇ ਇਸੇ ਮੈਦਾਨ ਵਿੱਚ ਰਹਿ ਜਾਵਾਂਗੀ। ਬਹਾਦਰੋ! ਕੀ ਤੁਹਾਡੇ ਵਿੱਚ ਮੈਂ ਤੀਵੀਂ ਜਿੰਨਾ ਹੌਸਲਾ ਨਹੀਂ? ਠੈਹਰੋ! ਠੈਹਰੋ! ਵੇਖੋ ਖਾਂ, ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੀ