

ਸਹਾਇਤਾ ਕਿਕੁਣ ਕਰਦੇ ਹਨ! ਹੌਸਲਾ ਨਾ ਛਡੋ! ਮਰਦ ਬਣੋ! ਲੜਾਈ ਦੇ ਮੈਦਾਨ ਵਿੱਚ ਸਿਰ ਦੇਣਾ ਤੁਸਾਂ ਦਾ ਹੀ ਕੰਮ ਹੈ, ਨਾ ਕਿ ਮੈਂ ਤੀਵੀਂ ਦਾ !"
ਸਾਹਿਬ ਕੌਰ ਦੀ ਇਸ ਬਹਾਦਰੀ ਤੇ ਜਵਾਂਮਰਦੀ ਦੇ ਵਾਕਾਂ ਨੇ ਉਹਦੀ ਫੌਜ ਦਾ ਹੌਸਲਾ ਹੋਰ ਵੀ ਵਧਾ ਦਿੱਤਾ। ਉਹਨਾਂ ਦੇ ਉੱਖੜੇ ਹੋਏ ਪੈਰ ਫਿਰ ਜੰਮ ਗਏ। ਸਾਰਾ ਦਿਨ ਬਰਾਬਰ ਜਾਨਾਂ ਤੋੜ ਤੋੜ ਕੇ ਲੜਦੇ ਰਹੇ। ਅੰਤ ਨੂੰ ਜਦ ਰਾਤ ਹੋ ਗਈ ਤੇ ਦੋਨਾਂ ਪਾਸਿਆਂ ਦੇ ਲਸ਼ਕਰ ਲੜਾਈ ਵਿੱਚ ਉੱਤਰੇ ਤਦ ਸਿੱਖ ਰਈਸਾਂ ਨੇ ਮਿਲ ਕੇ ਸਾਹਿਬ ਕੌਰ ਨੂੰ ਕਿਹਾ ਕਿ ਹੁਣ ਸਮਾਂ ਬਹੁਤ ਚੰਗਾ ਹੈ, ਤੁਸੀਂ ਪਟਿਆਲੇ ਵਾਪਸ ਚਲੇ ਜਾਉ, ਕਿਉਂਕਿ ਸਾਡੀ ਫੌਜ ਬਹੁਤ ਮਾਰੀ ਜਾ ਚੁੱਕੀ ਹੈ ਤੇ ਕਲ ਸਾਡੀ ਸੈਨਾ ਨੂੰ ਜ਼ਰੂਰ ਭਾਜੜ ਪੈ ਜਾਏਗੀ, ਕਿੰਤੂ ਬੀਬੀ ਸਾਹਿਬ ਕੌਰ ਨੇ ਪਟਯਾਲੇ ਵਾਪਸ ਜਾਣ ਤੋਂ ਇਨਕਾਰ ਹੀ ਨਹੀਂ ਕੀਤਾ, ਸਗੋਂ ਉਹਨਾਂ ਦੇ ਸਾਹਮਣੇ ਇਹ ਤਜਵੀਜ਼ ਪੇਸ਼ ਕੀਤੀ ਕਿ ਹਿੰਮਤ ਨਾ ਹਾਰੋ। ਹੁਣ ਰਾਤ ਵੇਲਾ ਹੈ, ਐਸ ਵੇਲੇ ਮਰਹੱਟਿਆਂ ਦੀ ਫੌਜ ਦਿਨ ਭਰ ਦੀ ਥਕੀ ਹੋਈ ਸੁੱਤੀ ਪਈ ਹੋਵੇਗੀ। ਰਾਤ ਨੂੰ ਹੀ ਉਹਨਾਂ ਤੇ ਛਾਪਾ ਮਾਰੋ, ਜ਼ਰੂਰ ਫਤਹਿ ਹੋਵੇਗੀ। ਇਸ ਗੱਲ ਨੂੰ ਸਾਰੇ ਸਰਦਾਰਾਂ ਤੇ ਫੌਜ ਨੇ ਮੰਨ ਲਿਆ। ਬੀਬੀ ਸਾਹਿਬ ਕੌਰ ਨੇ ਆਪਣੀ ਫੌਜ ਤੋਂ ਰਾਤ ਨੂੰ ਚੁੱਪ ਚਾਪ ਮਰਹੱਟਿਆਂ ਤੇ ਹਮਲਾ ਕਰਾ ਦਿੱਤਾ। ਇਸ ਹਮਲੇ ਵਿੱਚ ਸਿੱਖਾਂ ਦੀ ਫੌਜ ਕਾਮਯਾਬ ਹੋਈ। ਮਰਹੱਟਿਆਂ ਦਾ ਹਦੋਂ ਵਧ ਕੇ ਨੁਕਸਾਨ ਹੋਇਆ। ਮਰਹੱਟੇ ਨੱਸ ਕੇ ਕਰਨਾਲ ਵੱਲ ਚਲੇ ਗਏ ਤੇ ਬੀਬੀ ਸਾਹਿਬ ਕੌਰ ਫਤਹਿ ਦਾ ਡੰਕਾ ਵਜਾਂਦੀ ਹੋਈ ਖ਼ੁਸ਼ੀ ਖ਼ੁਸ਼ੀ ਪਟਯਾਲੇ ਵਾਪਸ ਚਲੀ ਆਈ।
੬੧. ਮਲੇਰ ਕੋਟਲੇ ਤੇ ਹੱਲਾ
ਸੰਮਤ ੧੮੫੧ ਬਿਕ੍ਰਮੀ ਨੂੰ ਸਾਹਿਬ ਸਿੰਘ ਬੇਦੀ ਊਨਾਂ ਵਾਲਿਆ ਨੇ ਮਲੇਰ ਕੋਟਲੇ ਵਾਲਿਆਂ ਤੇ ਗਊ ਹੱਤਯਾ ਕਰਨ ਦਾ ਅਪਰਾਧ ਲਾ ਕੇ ਚੜ੍ਹਾਈ ਕਰ ਦਿੱਤੀ ਤੇ ਇਸ ਨੂੰ ਮਜ਼ਹਬੀ ਜੰਗ ਦੱਸ ਕੇ ਪਿੰਡਾਂ ਦੇ ਹੋਰ ਬਹੁਤ ਸਾਰੇ ਸਿੰਘ ਸਰਦਾਰ ਨਾਲ ਮਿਲਾ ਲਏ। ਅਤਾਉਲਾ ਖਾਂ ਨੇ ਵੀ ਆਪਣੇ ਚਾਰ ਭਤੀਜੇ ਵਜ਼ੀਰ ਖਾਂ, ਫਤਹਿ ਖਾਂ, ਦਲੇਰ ਖਾਂ ਤੇ ਹਿੰਮਤ ਖਾਂ ਨੂੰ ਨਾਲ ਲੈ ਕੇ ਮੁਕਾਬਲਾ ਕੀਤਾ, ਕਿੰਤੂ ਭਾਂਜ ਖਾ ਕੇ ਨੱਸ ਗਿਆ। ਬੇਦੀ ਸਾਹਿਬ ਸਿੰਘ ਨੇ ਪਿੱਛਾ ਕਰ ਕੇ ਕੋਟਲੇ ਨੂੰ ਜਾ ਘੇਰਿਆ। ਅਤਾਉਲਾ ਖਾਂ ਨੇ ਰਾਜਾ ਸਾਹਿਬ ਸਿੰਘ ਪਟਿਆਲੇ ਵਾਲੇ ਤੋਂ ਸਹਾਇਤਾ ਮੰਗੀ ਜੋ ਮਿਲ ਗਈ, ਕਿੰਤੂ ਬੇਦੀ ਸਾਹਿਬ ਸਿੰਘ ਸਿੱਖਾਂ ਵਿੱਚ ਬੜਾ ਕਰਨੀ ਵਾਲਾ ਸਮਝਿਆ ਜਾਂਦਾ ਸੀ, ਇਸ ਕਰ ਕੇ ਸਪਾਹ ਉਹਦੇ ਨਾਲ ਲੜਨਾ ਨਹੀਂ ਚਾਹੁੰਦੇ ਸੀ: ਅੰਤ ਨੂੰ ਮਾਮਲਾ ਇੰਜ ਨਿਪਟਿਆ ਕਿ ਰਾਜਾ ਸਾਹਿਬ ਸਿੰਘ ਨੇ ਬੇਦੀ ਸਾਹਿਬ ਸਿੰਘ ਨੂੰ ਕੁਝ ਰਕਮ ਮਾਲੇਰ ਕੋਟਲੇ ਵਾਲੇ ਪਾਸੋਂ ਦਵਾ ਕੇ ਵਾਪਸ ਕਰ ਦਿੱਤਾ।
੬੨. ਨਾਹਨ ਦੀ ਸਹਾਇਤਾ
ਇਨ੍ਹਾਂ ਹੀ ਦਿਨਾਂ ਵਿੱਚ ਨਾਹਨ ਦੇ ਰਾਜਾ ਪ੍ਰਕਾਸ਼ ਰਾਓ ਨੇ ਬੀਬੀ ਸਾਹਿਬ ਕੌਰ ਪਾਸ ਦਰਖ਼ਾਸਤ ਕੀਤੀ, ਜਿਸ ਤੋਂ ਬੀਬੀ ਸਾਹਿਬ ਕੌਰ ਆਪਣੀ ਫੌਜ ਲੈ ਕੇ ਸਰਦਾਰ ਚੈਨ ਸਿੰਘ ਸਮੇਤ ਮੋਜੀਰਾਮ ਪਹਾੜ ਸਿੰਹ ਦੀ ਸੋਧ ਵਾਸਤੇ ਚਲੀ ਗਈ, ਜਿਨ੍ਹਾਂ ਨੇ ਕਿ ਨਾਹਨ ਦੀ ਰਿਆਸਤ ਵਿੱਚ ਉਤਪਾਤ ਕਰ ਰਖਯਾ ਸੀ। ਰਾਜਾ ਨਾਹਨ ਨੂੰ ਮਦਦ ਦੇ ਕੇ ਓਸ ਦਾ ਰਾਜ ਪ੍ਰਬੰਧ ਬਿਲਕੁਲ ਠੀਕ ਠਾਕ ਕਰ ਦਿੱਤਾ ਤੇ ਚਾਰ ਮਹੀਨੇ ਮਗਰੋਂ ਬਹੁਤ ਸਾਰੇ ਤੋਹਫੇ ਤੇ ਨਜ਼ਰਾਨੇ ਤੇ ਇੱਕ ਹਥਣੀ ਲੈ ਕੇ ਪਟਿਆਲੇ ਵਾਪਸ ਆਈ। ਫਿਰ ੧੮੫੪ ਬਿ. ਨੂੰ ਸਾਹਿਬ ਸਿੰਘ ਬੇਦੀ ਨੇ ਬਹੁਤ ਸਾਰੇ ਸਿੱਖ ਸਰਦਾਰਾਂ ਨੂੰ ਨਾਲ ਲੈ ਕੇ ਰਾਏਕੋਟ ਵਾਲੇ ਰਈਸ ਤੇ ਵੀ ਗਊ ਹੱਤਯਾ ਦਾ ਇਲਜ਼ਾਮ ਲਾ ਕੇ ਚੜ੍ਹਾਈ ਕਰ ਦਿੱਤੀ। ਓਥੋਂ ਦਾ ਰਈਸ ਰਾਏ ਅਲਯਾਮ ਜੋ ਕੇਵਲ ੧੫ ਸਾਲ ਦੀ ਆਯੂ ਦਾ ਸੀ, ਭਾਂਜ ਖਾ ਕੇ ਨੱਸ ਗਿਆ। ਓਹਦਾ ਵਜ਼ੀਰ ਰੋਸ਼ਨ ਖਾਂ ਜੋਧਾ ਦੇ ਮੁਕਾਮ ਤੇ ਬੜੀ ਹਿੰਮਤ ਨਾਲ ਲੜਦਾ ਹੋਇਆ ਗੋਲੀ ਨਾਲ ਮਾਰਿਆ ਗਿਆ। ਬੇਦੀ ਸਾਹਿਬ ਸਿੰਘ ਨੇ ਕਸਬਾ ਰਾਏਕੋਟ ਤੇ ਜਗਰਾਓਂ ਦੇ ਇਲਾਕੇ ਤੇ ਕੁਝ ਹੋਰ ਪਿੰਡਾਂ ਤੇ ਕਬਜ਼ਾ ਕਰ ਲਿਆ। ਰਾਏ