

(੩) ਪਿੰਡ ਭੇਰੀਆਂ ਦਾ ਨਾਮ ਬਦਲ ਕੇ ਉਭੇਵਾਲ ਰੱਖ ਦਿੱਤਾ ਹੈ।
ਜਦ ਬੀਬੀ ਸਾਹਿਬ ਕੌਰ ਨੇ ਵੇਖਿਆ ਕਿ ਜਿਸ ਆਪਣੇ ਭਰਾ ਦੀ ਬਾਬਤ ਇੰਨੀ ਸਖ਼ਤ ਕੁਰਬਾਨੀ ਕੀਤੀ ਤੇ ਮੁਸੀਬਤਾਂ ਉਠਾਈਆਂ ਹਨ, ਉਹ ਇਸ ਦੇ ਵਿਰੁੱਧ ਹੋ ਗਿਆ ਹੈ ਤੇ ਆਪਣੇ ਕਰਮਚਾਰੀਆਂ ਦੀਆਂ ਝੂਠੀਆਂ ਚੁੱਕਾਂ ਵਿੱਚ ਆ ਕੇ ਉਸ ਨੇ ਆਪਣੇ ਹਿੱਤੂਆਂ ਦੀ ਪਛਾਣ ਨਹੀਂ ਕੀਤੀ, ਇਸ ਕਰ ਕੇ ਬੀਬੀ ਜੀ ਆਪਣੀ ਜਾਗੀਰ ਕਿਲ੍ਹੇ ਭੇਰੀਆਂ ਵਿੱਚ ਚਲੇ ਗਏ।
ਰਾਜਾ ਸਾਹਿਬ ਸਿੰਘ ਨੂੰ ਉਸ ਦੇ ਕਰਮਚਾਰੀਆਂ ਨੇ ਹੋਰ ਵੀ ਭੜਕਾਇਆ, ਜਿਸ ਤੋਂ ਓਹਨੇ ਅਕਲਹੀਨ ਕਰਮਚਾਰੀਆਂ ਦੇ ਹੱਥ ਚੜ੍ਹ ਕੇ ਹੁਕਮ ਦਿੱਤਾ ਕਿ ਬੀਬੀ ਸਾਹਿਬ ਕੌਰ ਕਿਲ੍ਹਾ ਭੇਰੀਆਂ ਛੱਡ ਕੇ ਆਪਣੇ ਸਹੁਰੇ ਫਤਹਿਗੜ੍ਹ ਚਲੀ ਜਾਵੇ। ਬੀਬੀ ਸਾਹਿਬ ਕੌਰ ਅਜੇ ਇਸ ਸੰਦੇਸ਼ੇ ਤੇ ਵਿਚਾਰ ਕਰ ਰਹੀ ਸੀ ਕਿ ਇਧਰੋਂ ਲੋਕਾਂ ਦੀ ਚੁੱਕ ਵਿੱਚ ਆ ਕੇ ਰਾਜਾ ਸਾਹਿਬ ਸਿੰਘ ਨੇ ਤੋਪਖਾਨੇ ਤੇ ਫੌਜਾਂ ਲੈਜਾ ਕੇ ਕਿਲ੍ਹਾ ਭੇਰੀਆਂ ਤੇ ਲੜਾਈ ਛੇੜ ਦਿੱਤੀ।
੬੭. ਭੈਣ ਭਰਾ ਦਾ ਜੰਗ
ਇਸ ਤਰ੍ਹਾਂ ਜਦ ਲੜਾਈ ਸ਼ੁਰੂ ਹੋ ਗਈ ਤਦ ਬੀਬੀ ਸਾਹਿਬ ਕੌਰ ਨੂੰ ਹੱਥਯਾਰ ਚੁੱਕਣੇ ਪਏ। ੧੨ ਵੈਸਾਖ ੧੮੫੬ ਨੂੰ ਤਿੰਨ ਦਿਨ ਸਖ਼ਤ ਲੜਾਈ ਹੁੰਦੀ ਰਹੀ। ਰਾਜਾ ਸਾਹਿਬ ਸਿੰਘ ਦੀ ਫੌਜ ਦੇ ਸਾਰੇ ਆਦਮੀ ਮਾਰੇ ਗਏ ਤੇ ਅਜੇ ਫੈਸਲਾ ਕਰਨ ਵਾਲੀ ਲੜਾਈ ਨਹੀਂ ਹੋਈ ਸੀ ਕਿ ਸਰਦਾਰ ਲਾਲ ਸਿੰਘ ਤੇ ਜੋਧ ਸਿੰਘ ਕਲਸੀਆਂ, ਜੋ ਦੋਨਾਂ ਧਿਰਾਂ ਦੇ ਸ਼ੁਭਚਿੰਤਕ ਸਨ, ਨੇ ਰਾਜਾ ਸਾਹਿਬ ਸਿੰਘ ਨੂੰ ਸਮਝਾਇਆ ਕਿ ਤੁਹਾਡਾ ਇਹ ਜੰਗ ਬੜਾ ਹੀ ਅਯੋਗ ਹੈ। ਜੇ ਕਦੀ ਤੁਸੀਂ ਇਸ ਲੜਾਈ ਨੂੰ ਜਿੱਤ ਵੀ ਗਏ ਤਦ ਵੀ ਤੁਹਾਡੀ ਬਦਨਾਮੀ ਹੈ। ਇਸੇ ਤਰ੍ਹਾਂ ਬੀਬੀ ਸਾਹਿਬ ਕੌਰ ਅੱਗੇ ਬੇਨਤੀ ਕਰ ਕੇ ਓਹਨਾਂ ਨੂੰ ਵੀ ਭਰਾ ਦੇ ਨਾਲ ਪਟਯਾਲੇ ਜਾਣ ਵਾਸਤੇ ਰਾਜ਼ੀ ਕਰ ਲਿਆ ਤੇ ਉਹ ਆਪਣੇ ਭਰਾ ਦੇ ਨਾਲ ਟੁਰ ਪਈ, ਕਿੰਤੂ ਰਾਜਾ ਸਾਹਿਬ ਸਿੰਘ ਨੇ ਆਪਣੀ ਭੈਣ ਨੂੰ ਭਵਾਨੀਗੜ੍ਹ ਲਿਆ ਕੇ ਓਥੇ ਕੈਦ ਕਰ ਦਿੱਤਾ, ਜਿੱਥੋਂ ਉਹ ਆਪਣਾ ਲਿਬਾਸ ਬਦਲ ਕੇ ਨਿੱਕਲ ਆਈ ਤੇ ਆਪਣੇ ਕਿਲ੍ਹੇ ਭੇਰੀਆਂ ਵਿੱਚ ਜਾ ਵੜੀ। ਇਸ ਵਿੱਚ ਸ਼ੱਕ ਨਹੀਂ ਕਿ ਇਸ ਤੋਂ ਪਿੱਛੋਂ ਬੀਬੀ ਸਾਹਿਬ ਕੌਰ ਨੂੰ ਪਟਯਾਲਾ ਰਾਜ ਵੱਲੋਂ ਕੋਈ ਤਕਲੀਫ਼ ਨਹੀਂ ਪੁਚਾਈ ਗਈ, ਕਿੰਤੂ ਸੰਮਤ ੧੮੫੬ ਬਿਕ੍ਰਮੀ ਵਿੱਚ ਆਪਣੇ ਭਰਾ ਦੇ ਨਾਲ ਇਸ ਅਣਬਣ ਹੋ ਜਾਣ ਦੇ ਫ਼ਿਕਰ ਵਿੱਚ ਹੀ ਚਲਾਣਾ ਕਰ ਗਈ।
੬੮. ਟਾਮਸਨ ਦਾ ਦੂਜਾ ਹਮਲਾ
ਬੀਬੀ ਸਾਹਿਬ ਕੌਰ ਦੇ ਗੁਜ਼ਰਦੇ ਹੀ ਟਾਮਸਨ ਸਾਹਿਬ ਨੇ ਇਕਰਾਰਨਾਮੇ ਭੁੱਲ ਕੇ ਇਸ ਮੁਲਕ ਤੇ ਹੱਲਾ ਕਰ ਦਿੱਤਾ। ਉਸ ਦੇ ਪਾਸ ਫੌਜ ਬਹੁਤ ਸੀ ਤੇ ਇਲਾਕਾ ਥੋੜ੍ਹਾ। ਓਹ ਆਪਣੀ ਫੌਜ ਦੀ ਤਨਖਾਹ ਇਸੇ ਤਰ੍ਹਾਂ ਆਂਢ-ਗੁਆਂਢ ਦੇ ਰਈਸਾਂ ਤੇ ਹੱਲੇ ਕਰ ਕੇ ਵਸੂਲ ਕਰਨਾ ਚਾਹੁੰਦਾ ਸੀ। ਪਹਿਲਾਂ ਇਲਾਕਾ ਜੀਂਦ ਤੇ ਕੈਂਥਲ ਲੁੱਟਿਆ ਤੇ ਫਿਰ ਨਾਭਾ ਤੇ ਪਟਯਾਲੇ ਦੀ ਹੱਦ ਵਿੱਚ ਆ ਗਿਆ। ਡਰਭਾ, ਸੁਨਾਮ ਤੇ ਅਖਨੂਰ ਆਦਿਕਾਂ ਨੂੰ ਲੁੱਟਦਾ ਮੁਲਕ ਬਾੜਾ ਵਿੱਚ ਜਾ ਵੜਿਆ। ਰਾਏਕੋਟ ਦਾ ਇਲਾਕਾ, ਰਾਏਪੁਰ ਗੁੱਜਰਵਾਲ ਤੇ ਰਾਜਟਾਨਾ, ਤੰਗ ਆਦਿਕਾਂ ਨੂੰ ਲੁੱਟਦਾ ਲੱਖਾਂ ਰੁਪਯਾਂ ਦਾ ਮਾਲ ਲੈ ਕੇ ਆਪਣੀ ਰਿਆਸਤ ਵਿੱਚ ਚਲਾ ਗਿਆ। ਕੁਝ ਜਗ੍ਹਾ ਤੇ ਕਈ ਰਈਸਾਂ ਨੇ ਇਸ ਨੂੰ ਰੋਕਣਾ ਚਾਹਿਆ, ਕਿੰਤੂ ਕਾਮਯਾਬ ਨਾ ਹੋਏ। ਜਦ ਇਸ ਤਰ੍ਹਾਂ ਨਾਲ ਦੋ ਤਿੰਨ ਹੱਥ ਇਸ ਨੇ ਕੀਤੇ ਤਦ ਇਸ ਇਲਾਕੇ ਦੇ ਰਈਸ, ਰਾਜਾ ਭਾਗ ਸਿੰਘ, ਭਾਈ ਲਾਲ ਸਿੰਘ ਤੇ ਨਾਭਾ ਵਲੋਂ ਸ੍ਰਦਾਰ ਗਾੜਾ ਸਿੰਘ, ਪਟਿਆਲੇ ਵੱਲੋਂ ਚੈਨ ਸਿੰਘ ਤੇ ਅਛਰ ਸਿੰਘ ਨੇ ਇੱਕ ਹੋ ਕੇ ਟਾਮਸਨ ਸਾਹਿਬ ਦੇ ਕੱਟਰ ਵੈਰੀ ਪੈਰਨ ਸਾਹਿਬ ਨੂੰ; ਜੋ ਮਰਹੱਟਾ ਫੌਜ ਦਾ ਵਡਾ ਅਫਸਰ ਸੀ, ਦਿੱਲੀ ਮਿਲ ਕੇ ਆਪਣੇ ਹੱਥ ਵਿੱਚ ਕਰ ੪ ਲੱਖ ਰੁਪਯਾ ਦੇਣਾ ਕਰ ਕੇ ਲੜਨ ਲਈ ਤਯਾਰ ਕਰ ਲਿਆ। ਜੋ ਦਿੱਤਾ ਗਿਆ ੧ ਲਖ ੩੫ ਹਜ਼ਾਰ ਪਟਯਾਲਾ, ੬੦ ਹਜ਼ਾਰ ਕੈਥਲ,