Back ArrowLogo
Info
Profile

ਥਾਨੇਸਰ ਪੁਜਾ ਤੇ ਉੱਥੋਂ ਚੱਲ ਕੇ ਜਦ ਸ਼ਾਹਅਬਾਦ ਡੇਰਾ ਕੀਤਾ। ਤਦ ਉੱਥੋਂ ਮਹਾਰਾਜਾ ਸਾਹਿਬ ਸਿੰਘ ਪਟਯਾਲੇ ਵਾਲੇ ਨੂੰ ਲਖਨੌਰ ਦੇ ਮੁਕਾਮ ਤੇ ਮਿਲਣ ਲਈ ਸੁਨੇਹਾ ਭੇਜਿਆ। ਸਾਹਿਬ ਸਿੰਘ ਦੀ ਮਨਸ਼ਾ ਮਿਲਣ ਦੀ ਨਹੀਂ ਸੀ, ਕਿੰਤੂ ਇੰਨੀ ਹਿੰਮਤ ਵੀ ਉਹਦੇ ਵਿੱਚ ਨਹੀਂ ਸੀ ਕਿ ਸ਼ੇਰਿ ਪੰਜਾਬ ਦੇ ਸੱਦਣ ਤੇ ਨਾਂਹ ਕਰ ਸਕੇ। ਇਸ ਵਾਸਤੇ ੨੪ ਮੱਘਰ ਸੰਮਤ ੧੮੬੫ ਬਿ. ਨੂੰ ਲਖਨੌਰ ਦੇ ਮੁਕਾਮ ਤੇ ਬੇਦੀ ਸਾਹਿਬ ਸਿੰਘ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਤੇ ਸਾਹਿਬ ਸਿੰਘ ਪਟਯਾਲੇ ਵਾਲੇ ਦੀ ਗੱਲਬਾਤ ਹੋਈ ਤੇ ਦੋਹਾਂ ਧਿਰਾਂ ਨੇ ਆਪਸ ਵਿੱਚ ਦਿਲ ਦੀ ਸਫ਼ਾਈ ਨਾਲ ਦਸਤਾਰ ਬਦਲੇ ਤੇ ਆਪੋ ਵਿੱਚ ਉਸ ਵੇਲੇ ਇੱਕ ਇਕਰਾਰਨਾਮਾ ਵੀ ਲਿਖ ਦਿੱਤਾ।

ਆਖਣ ਨੂੰ ਤਾਂ ਦੋਹਾਂ ਧਿਰਾਂ ਦੀ ਸੁਲਾਹ ਹੋ ਗਈ ਤੇ ਦਸਤਾਰ ਵੀ ਬਦਲੇ, ਕਿੰਤੂ ਸਾਹਿਬ ਸਿੰਘ ਦੇ ਦਿਲ ਵਿੱਚ ਇਹ ਗੱਲ ਸੀ ਕਿ ਕਿਸੇ ਤਰ੍ਹਾਂ ਇਸ ਵੇਰ ਇਸ ਸ਼ੇਰ ਦੇ ਪੰਜੇ ਵਿੱਚੋਂ ਛੁਟਕਾਰਾ ਮਿਲ ਜਾਏ, ਤਦ ਇੱਥੋਂ ਜਾਂਦਿਆਂ ਹੀ ਝਟ ਅੰਗਰੇਜ਼ਾਂ ਨੂੰ ਆਪਣੀ ਮਦਦ ਤੇ ਕਰ ਲਵਾਂਗਾ। ਸ਼ੇਰਿ ਪੰਜਾਬ ਦੀ ਮਨਸ਼ਾ ਇਹ ਸੀ ਕਿ ਸਤਲੁਜ ਤੋਂ ਇਸ ਪਾਰ ਦੀਆਂ ਰਿਆਸਤਾਂ ਵਿੱਚੋਂ ਵੱਡੀ ਰਿਆਸਤ ਇਹ ਹੈ। ਜੇ ਕਦੀ ਮਹਾਰਾਜਾ ਸਾਹਿਬ ਦੀ ਦੋਸਤੀ ਦੇ ਭਰੋਸੇ ਤੇ ਅੰਗਰੇਜ਼ਾਂ ਨਾਲ ਇਹ ਨਾ ਮਿਲੇ ਤਦ ਬਾਕੀ ਰਿਆਸਤਾਂ ਨੂੰ ਮਹਾਰਾਜਾ ਲਾਹੌਰ ਦਾ ਸੰਗ ਛੱਡ ਕੇ ਉਧਰ ਹੋਣ ਦਾ ਹੌਸਲਾ ਨਹੀਂ ਪਏਗਾ। ਇਸ ਵਾਸਤੇ ਉਹ ਪਟਯਾਲੇ ਦਰਬਾਰ ਨਾਲ ਸੁਲਾਹ ਰਖਣਾ ਚਾਹੁੰਦੇ ਸਨ, ਸੋ ਇਨ੍ਹਾਂ ਨੇ ਆਪਣੇ ਵਲੋਂ ੫੦੦੦ ਸਵਾਰ ਸਰਦਾਰ ਗੰਡਾ ਸਿੰਘ ਨੂੰ ਦੇ ਕੇ ਅੰਬਾਲੇ ਠਹਿਰਾ ਦਿੱਤਾ ਤੇ ਆਪ ਹਰਦਵਾਰ ਵਲੋਂ ਹੁੰਦੇ ਹੋਏ ਲਾਹੌਰ ਆ ਗਏ।

੭੮. ਫੂਲ ਦੇ ਰਈਸਾਂ ਅੰਗਰੇਜ਼ਾਂ ਨੂੰ ਸੱਦਿਆ।

ਫੂਲ ਦੇ ਰਾਜਿਆਂ ਨੇ ਸ਼ੇਰਿ ਪੰਜਾਬ ਨਾਲ ਹੋਏ ਸਾਰੇ ਕੌਲ ਇਕਰਾਰ ਮਿੱਟੀ ਵਿੱਚ ਮਿਲਾ ਦਿਤੇ ਤੇ ਕੇਵਲ ਸਰਕਾਰ ਅੰਗਰੇਜ਼ੀ ਦੇ ਅਧੀਨ ਰਹਿਣ ਦਾ ਪੱਕਾ ਨਿਸਚਾ ਕਰ ਲਿਆ। ਕਰਮ ਸਿੰਘ ਸ਼ਾਹੀ ਆਬਾਦੀ ਦਿੱਲੀ ਗਿਆ ਤੇ ਉੱਥੋਂ ਅਖਤਰ ਲੋਨੀ ਸਾਹਿਬ ਨੂੰ ਨਾਲ ਲਿਆ ਕੇ ੧੫ ਫਰਵਰੀ ੧੮੦੯ ਨੂੰ ਜਦ ਲੁਧਿਆਣੇ ਵਿੱਚ ਛਾਉਣੀ ਪਵਾਈ, ਤਦ ਇਹਨਾਂ ਨੂੰ ਚੈਨ ਆਇਆ।

੭੯. ਸਰਕਾਰ ਅੰਗਰੇਜ਼ੀ ਤੇ ਲਾਹੌਰ ਦੇ ਮਹਾਰਾਜਾ ਸਾਹਿਬ ਨਾਲ ਇਕਰਾਰਨਾਮਾ

ਹੁਣ ਸਰਕਾਰ ਅੰਗਰੇਜ਼ੀ ਤੇ ਲਾਹੌਰ ਦਰਬਾਰ ਦੇ ਵਿੱਚ ਵੀ ਸੁਲਾਹ ਹੋ ਕੇ ਸਤਲੁਜ ਦਰਯਾ ਦੋਨਾਂ ਧਿਰਾਂ ਦੀ ਹੱਦ ਨੀਯਤ ਹੋਈ। ਪਰ ਲੁਧਿਆਣੇ ਵਿੱਚ ਅੰਗਰੇਜ਼ਾਂ ਦੀ ਛਾਉਣੀ ਪੈ ਗਈ ਤੇ ਇਧਰ ਫਿਲੌਰ ਵਿੱਚ ਲਾਹੌਰ ਦਰਬਾਰ ਦੀ ਹੈ, ਜਿਹੜੇ ਇਲਾਕੇ ਮਹਾਰਾਜਾ ਸਾਹਿਬ ਲਾਹੌਰ ਨੇ ਮਟਕਾਫ ਦੇ ਸਾਹਮਣੇ ੧੮੬੫ ਬਿ. ਨੂੰ ਦਬਾ ਲਏ ਸਨ, ਉਹ ਇਸ ਇਕਰਾਰਨਾਮੇ ਅਨੁਸਾਰ ਅਸਲ ਮਾਲਕਾਂ ਨੂੰ ਦੇ ਦਿਤੇ ਗਏ।

੮੦. ਅੰਗ੍ਰੇਜ਼ਾਂ ਵਲੋਂ ਇਸ਼ਤਿਹਾਰ

੩ ਮਈ ੧੮੦੯ ਨੂੰ ਅੰਗਰੇਜ਼ੀ ਰਾਜ ਵਲੋਂ ਇਸ਼ਤਿਹਾਰ ਨਿੱਕਲਿਆ, ਜਿਸ ਵਿੱਚ ਸਤਲੁਜ ਦੇ ਉਸ ਪਾਰ ਦੇ ਰਈਸਾਂ ਨੂੰ ਤਸੱਲੀ ਦਿੱਤੀ ਗਈ ਸੀ, ਉਸ ਦੀਆਂ ਸ਼ਰਤਾਂ ਦਾ ਸੰਖੇਪ ਭਾਵ ਇੰਜ ਹੈ:

(੧) ਸਤਲੁਜ ਤੋਂ ਇਸ ਪਾਰ ਦੇ ਰਈਸਾਂ ਨੂੰ ਅੰਗਰੇਜ਼ਾਂ ਨੇ ਆਪਣੀ ਅਧੀਨਗੀ ਵਿੱਚ ਲੈ ਲਿਆ ਹੈ, ਇਸ ਕਰ ਕੇ ਉਹ ਹੁਣ ਲਾਹੌਰ ਦਰਬਾਰ ਤੋਂ ਬਾਹਰ ਰਹਿਣਗੇ।

(੨) ਇਨ੍ਹਾਂ ਇਲਾਕਿਆਂ ਤੋਂ ਸਰਕਾਰ ਅੰਗਰੇਜ਼ੀ ਕਦੇ ਵੀ ਕੋਈ ਖਰਾਜ ਨਹੀਂ ਮੰਗੇਗੀ।

(੩) ਸਾਰੇ ਰਈਸਾਂ ਨੂੰ ਆਪਣੇ ਇਲਾਕੇ ਵਿੱਚ ਉਹੋ ਹੀ ਹੱਕ ਤੇ ਅਖਤਯਾਰ ਪ੍ਰਾਪਤ ਰਹਿਣਗੇ, ਜੋ ਸਰਕਾਰ ਅੰਗਰੇਜ਼ੀ ਦੇ ਆਉਣ ਤੋਂ ਪਹਿਲਾਂ ਆਪਣੇ ਇਲਾਕੇ ਵਿੱਚ ਪ੍ਰਾਪਤ ਸਨ।

(੪) ਜਦ ਕਦੀ ਅੰਗਰੇਜ਼ੀ ਸਪਾਹ ਕਿਸੇ ਰਈਸ ਦੇ ਇਲਾਕੇ ਵਿੱਚੋਂ ਲੰਘੇਗੀ, ਉਹਨੂੰ ਰਸਦ ਦੇਣੀ ਪਏਗੀ।

(੫) ਜਦ ਕੋਈ ਵੈਰੀ ਇਸ ਪਾਸੋਂ ਆਵੇਗਾ ਤਦ ਸਾਰੇ ਰਈਸਾਂ ਨੂੰ ਫੌਜ ਦੀ ਮਦਦ ਦੇਣੀ ਪਏਗੀ।

46 / 181
Previous
Next