

(੬) ਜਿਹੜਾ ਸੁਦਾਗਰ ਅੰਗਰੇਜ਼ੀ ਲਸ਼ਕਰ ਵਾਲੇ ਵਲਾਇਤੀ ਚੀਜ਼ਾਂ ਲੈ ਕੇ ਕਿਸੇ ਰਈਸ ਦੀ ਰਿਆਸਤ ਵਿੱਚੋਂ ਲੰਘੇ, ਉਸ ਤੋਂ ਮਾਸੂਲ ਜਾਂ ਜ਼ਕਾਤ ਕੋਈ ਨਾ ਲਈ ਜਾਵੇ।
(੭) ਜਿਹੜਾ ਆਦਮੀ ਰਸਾਲੇ ਵਾਸਤੇ ਘੋੜੇ ਖੁੱਦਣ ਜਾਵੇ ਤੇ ਉਹਦੇ ਪਾਸ ਸਨਦ ਹੋਵੇ, ਉਹਨੂੰ ਮਸੂਲ ਆਦਿਕ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਹੋਵੇ।
੮੧. ਪਟਯਾਲੇ ਦੀ ਦਸ਼ਾ
ਇਸ ਤਰ੍ਹਾਂ ਅੰਗਰੇਜ਼ਾਂ ਨਾਲ ਮਿਲਾਪ ਹੋ ਜਾਣ ਤੋਂ ਬਾਹਰ ਦਾ ਖਤਰਾ ਇਨ੍ਹਾਂ ਰਿਆਸਤਾਂ ਦਾ ਮਿਟ ਗਿਆ, ਕਿੰਤੂ ਮਹਾਰਾਜਾ ਪਟਿਆਲਾ ਦਾ ਜੋ ਝਗੜਾ ਆਪਣੀ ਰਾਣੀ ਆਸ ਕੌਰ ਨਾਲ ਮੁੱਦਤ ਤੋਂ ਚਲਾ ਆ ਰਿਹਾ ਸੀ, ਭਾਵੇਂ ਉਹ ਕਿੰਨੀ ਵੇਰ ਮਿਟਿਆ, ਕਿੰਤੂ ਰਿਆਸਤਾਂ ਦੇ ਅਹਿਲਕਾਰ ਆਪਣੀ ਸ਼ਰਾਰਤ ਨਾਲ ਇਸ ਝਗੜੇ ਨੂੰ ਫਿਰ ਸ਼ੁਰੂ ਕਰਾ ਦੇਂਦੇ ਸਨ ਤੇ ਮਿਟਣ ਵਿੱਚ ਨਹੀਂ ਆਉਣ ਦੇਂਦੇ ਸੀ। ਰਿਆਸਤ ਦਾ ਅੰਦਰ ਦਾ ਪ੍ਰਬੰਧ ਬੜਾ ਖ਼ਰਾਬ ਹੋ ਰਿਹਾ ਸੀ। ਇੱਕ ਪਾਸੇ ਫੂਲਾ ਸਿੰਘ ਜੀ ਅਕਾਲੀ ਮੁਲਕ ਵਿੱਚ ਦੌਰਾ ਕਰ ਰਹੇ ਸਨ। ਦੂਜੇ ਪਾਸੇ ਭੱਟੀ ਤੇ ਪਚਾਧੇ ਮੁਸਲਮਾਨ ਸਰਦਾਰ, ਕੀਮਾ, ਪੀਰਾ, ਮਖਨਾ ਆਦਿਕ ਧਾੜਵੀ ਬਿਨਾਂ ਡਰ ਤੇ ਭੈਅ ਦੇ ਸੁਨਾਮ ਤਕ ਚਲੇ ਆਉਂਦੇ ਸਨ ਤੇ ਰਿਆਸਤ ਦੇ ਅਹਿਲਕਾਰਾਂ ਨੇ ਵੱਖ ਲੁੱਟ ਮਚਾ ਰਖੀ ਸੀ। ਹਰ ਪਾਸੇ ਤੰਗੀ ਸੀ। ਚੋਰਾਂ ਤੇ ਡਾਕੂਆਂ ਦੇ ਹਥੋਂ ਪਿੰਡ ਉੱਜੜ ਗਏ ਸੀ। ਕੈਹਤ ਨੇ ਹੋਰ ਵੀ ਹਾਲਤ ਤਬਾਹ ਕਰ ਦਿੱਤੀ, ਮਾਮਲਾ ਵਸੂਲ ਹੋਣਾ ਬੰਦ ਹੋ ਗਿਆ।
੮੨. ਅਕਾਲੀ ਫੂਲਾ ਸਿੰਘ
੧੮੬੭ ਬਿਕਰਮੀ ਨੂੰ ਵਾਈਟ ਸਾਹਿਬ ਸਰਹਦ ਦੀ ਪੈਮਾਇਸ਼ ਕਰ ਰਹੇ ਸਨ। ਇਨ੍ਹਾਂ ਦਾ ਅਕਾਲੀ ਫੂਲਾ ਸਿੰਘ ਨਾਲ ਕਿਸੇ ਗੱਲ ਤੋਂ ਝਗੜਾ ਹੋ ਗਿਆ। ਵਾਈਟ ਸਾਹਿਬ ਦੇ ੬ ਆਦਮੀ ਮਾਰੇ ਗਏ, ੨੦ ਫਟੜ ਹੋਏ ਤੇ ਵਾਈਟ ਸਾਹਿਬ ਆਪਣੀ ਜਾਨ ਬਚਾ ਕੇ ਨੱਸ ਗਿਆ। ਇਨ੍ਹਾਂ ਦਾ ਮਾਲ ਅਸਬਾਬ ਸਾਰਾ ਅਕਾਲੀਆਂ ਦੇ ਹੱਥ ਆਇਆ।
ਇਹ ਖ਼ਬਰ ਸੁਣ ਕੇ ਪਟਯਾਲੇ ਤੇ ਨਾਭੇ ਵੱਲੋਂ ਫੌਜ ਆਈ, ਕਿੰਤੂ ਉਸ ਵੇਲੇ ਅਕਾਲੀ ਫੂਲਾ ਸਿੰਘ ਤੇ ਉਹਨਾਂ ਦੇ ਸਾਥੀ ਮੁਕਤਸਰ ਅੱਪੜ ਗਏ ਸਨ।
ਇਸੇ ਸਾਲ ਵਲੀ ਐਹਦ ਕਰਮ ਸਿੰਘ ਦਾ ਵਿਆਹ ਸਰਦਾਰ ਬੈਂਹਗਾ ਸਿੰਘ ਥਾਨੇਦਾਰ ਦੀ ਲੜਕੀ ਨਾਲ ਬੜੀ ਧੂਮ ਧਾਮ ਨਾਲ ਹੋਯਾ।
੮੩. ਰਾਜਾ ਸਾਹਿਬ ਸਿੰਘ ਜੀ
ਰਾਜਾ ਸਾਹਿਬ ਸਿੰਘ ਖ਼ੁਸ਼ਾਮਦੀ ਅਹਿਲਕਾਰਾਂ ਦੇ ਹੱਥ ਵਿੱਚ ਅਜਿਹੇ ਚੜ੍ਹੇ ਸਨ ਕਿ ਖ਼ਜ਼ਾਨਾ ਖ਼ਾਲੀ ਹੋ ਗਿਆ। ਖਾਣ ਪੀਣ ਦਾ ਜੋ ਸਮਾਨ ਲੋੜ ਹੋਂਦਾ ਦੁਕਾਨਾਂ ਤੋਂ ਉਚਾਪਤ ਕਰ ਕੇ ਆਉਂਦਾ, ਬਾਹਰੋਂ ਜੋ ਆਮਦਨ ਹੋਂਦੀ ਸਿੱਧੀ ਬਾਨੀਏਂ ਦੀ ਦੁਕਾਨ ਤੇ ਚਲੀ ਜਾਂਦੀ। ਫੌਜ ਨੂੰ ਤਨਖਾਹ ਦੇਣ ਲੱਗੇ ਪਿੰਡਾਂ ਦੀ ਉਗਰਾਹੀ ਸੌਂਪ ਦਿੱਤੀ ਜਾਂਦੀ ਸੀ। ਕੋਈ ਕਿਸੇ ਨੂੰ ਪੁੱਛਣ ਵਾਲਾ ਨਹੀਂ ਸੀ ਕਿ ਕੀ ਕਰਦੇ ਹੋ? ਸ਼ਰੀਫ ਆਦਮੀਆਂ ਦੀ ਕੋਈ ਸੁਣਦਾ ਨਹੀਂ। ਇਲਾਕੇ ਦੇ ਸਰਦਾਰਾਂ ਤੇ ਅਕਟਰ ਲੋਨੀ ਸਾਹਿਬ ਦੀ ਰਾਇ ਨਾਲ ਫਿਰ ਰਾਣੀ ਆਸ ਕੌਰ ਪਟਿਆਲੇ ਆਂਦੀ ਗਈ ਤੇ ਇਸ ਤਰ੍ਹਾਂ ਰਿਆਸਤ ਬਰਬਾਦ ਹੋਂਦੀ ਬਚ ਗਈ।
੮੪. ਰਾਣੀ ਆਸ ਕੌਰ ਦਾ ਇੰਤਜ਼ਾਮ
ਰਾਣੀ ਆਸ ਕੌਰ ਨੇ ਮੁਲਕ ਦਾ ਪ੍ਰਬੰਧ ਆਪਣੇ ਹੱਥ ਵਿੱਚ ਲੈਂਦਿਆਂ ਹੀ ਸਭ ਤੋਂ ਪਹਿਲਾਂ ਓਹਨਾਂ ਜਿਮੀਂਦਾਰਾਂ ਤੇ ਇਲਾਕੇਦਾਰਾਂ ਦੀ ਸੋਧ ਕੀਤੀ ਜੋ ਆਕੀ ਬਣ ਗਏ ਸਨ। ਓਹਨਾਂ ਵਲੋਂ ਕਈ ਸਾਲਾਂ ਦਾ ਮਾਮਲਾ ਜੋ ਨਿੱਕਲਦਾ ਸੀ, ਸਭ ਪਾਈ ਪਾਈ ਕਰ ਕੇ ਵਸੂਲ ਕੀਤਾ।
ਫਿਰ ਰਿਆਸਤ ਦੇ ਜ਼ਾਲਮਾਂ ਤੇ ਵੱਢੀ ਖੋਰ ਹਾਕਮਾਂ ਤੇ ਅਹਿਲਕਾਰਾਂ ਦੀ ਖ਼ਬਰ ਲਈ, ਓਹਨਾਂ ਤੋਂ ਜ਼ੁਰਮਾਨੇ ਤੇ ਹਰਜਾਨੇ ਲਏ। ਇਸ ਤਰ੍ਹਾਂ ਨਾਲ ਜਿੱਥੇ ਇੱਕ ਪਾਸੇ ਖ਼ਜ਼ਾਨਾ ਭਰ ਗਿਆ, ਓਥੇ