Back ArrowLogo
Info
Profile

ਪੁੱਤਰ ਦਾ ਝਗੜਾ ਹੈ। ਤਦ ਹਰ ਕੋਈ ਇਹ ਹੀ ਕਹੇਗਾ ਕਿ ਪੁੱਤਰ ਕੇਹਾ ਅਮੋੜ ਹੈ ਜੋ ਆਪਣੀ ਮਾਤਾ ਨੂੰ ਵੀ ਪ੍ਰਸੰਨ ਨਹੀਂ ਰੱਖ ਸਕਿਆ। ਸੋ ਇਸ ਕਰ ਕੇ ਰਾਜਾ ਕਰਮ ਸਿੰਘ ਨੇ ਆਪ ਜਾ ਕੇ ਮਾਤਾ ਦੇ ਪੈਰਾਂ ਤੇ ਸਿਰ ਰੱਖ ਦਿੱਤਾ ਤੇ ਸਨੌਰ ਦਾ ਇਲਾਕਾ ਦੇਨਾ ਕਰ ਕੇ ਵਾਪਸ ਮੋੜ ਆਂਦਾ ਤੇ ਮਾਤਾ ਓਥੇ ਹੀ ਰਹਿਣ ਬਹਿਣ ਲਗੀ।

੯੪. ਨਰਿੰਦਰ ਸਿੰਘ ਦਾ ਜਨਮ ਤੇ ਨਾਭੇ ਦਾ ਝਗੜਾ

ਰਾਜਾ ਕਰਮ ਸਿੰਘ ਦੇ ਘਰ ਮੱਘਰ ਵਦੀ ੭ ਸੰਮਤ ੧੮੮੦ ਬਿ. ਨੂੰ ਰਾਜਾ ਨਰਿੰਦਰ ਸਿੰਘ ਵਲੀਐਹਦ ਨੇ ਜਨਮ ਲਿਆ। ਇਹ ਖ਼ਬਰ ਸੁਣ ਕੇ ਆਸ ਕੌਰ ਪਟਿਯਾਲੇ ਚਲੀ ਆਈ, ਇਸ ਨੇ ਬੜੀ ਖ਼ੁਸ਼ੀ ਕੀਤੀ ਤੇ ਆਪਣਾ ਸਾਰਾ ਮਾਲ ਤੇ ਅਸਬਾਬ ਮਹਾਰਾਜਾ ਕਰਮ ਸਿੰਘ ਦੇ ਹਵਾਲੇ ਕਰ ਕੇ ਪਟਯਾਲੇ ਹੀ ਰਹਿਣ ਲਗੀ, ਜਿੱਥੇ ਸੰਮਤ ੧੮੯੧ ਬਿਕਰਮੀ ਨੂੰ ਚਲਾਣਾ ਕਰ ਗਈ।

ਨਾਭੇ ਤੇ ਪਟਯਾਲੇ ਦਾ ਝਗੜਾ ਜੋ ਇੱਕ ਮੁਦਤ ਤੋਂ ਚਲਾ ਆ ਰਿਹਾ ਸੀ: ਪਿੰਡ ਛੁਹਾਲਾ ਬਹਾਦਰ ਪਾਸ ਜੋ ਲੜਾਈ ਹੋਈ, ਇਹ ਕੇਵਲ ਗ਼ੁਲਾਮ ਰਸੂਲ ਖਾਂ ਬੇਨੇੜ ਵਾਲੇ ਦੀ ਲੂਣਹਰਾਮੀ ਸੀ। ਕਿਉਂਕਿ ਉਹ ਰਾਜਾ ਜਸਵੰਤ ਸਿੰਘ ਨਾਭੇ ਵਾਲੇ ਤੋਂ ਨਾਰਾਜ਼ ਹੋ ਕੇ ਪਟਯਾਲੇ ਚਲਾ ਆਇਆ ਤੇ ਸਾਰੇ ਭੇਦ ਦਸ ਕੇ ਉਸ ਨਾਭੇ ਨੂੰ ਬੜਾ ਨੁਕਸਾਨ ਪੁਚਾਇਆ ਸੀ। ਇਸ ਜੰਗ ਵਿੱਚ ਲੇਖਕ ਦਾ ਫੁਫੜ ਸ੍ਰ: ਖੜਕ ਸਿੰਘ ਮਾਨ ਵੀ ਸ਼ਹੀਦ ਹੋ ਗਿਆ। ਹੋਰ ਬਹੁਤ ਸਾਰੇ ਨਾਭੇ ਦੇ ਸਰਦਾਰ ਮਾਰੇ ਗਏ। ਬਾਕੀ ਪਿੰਡ ਨਰਮਾਨਾ ਛੋਹੇੜੀ ਆਦਿਕ ਪਾਸ ਪਟਯਾਲੇ ਨਾਭੇ ਦੀ ਕਈ ਵੇਰ ਮੁਠਭੇੜ ਹੋਈ, ਕਿੰਤੂ ੧੮੯੧ ਨੂੰ ਇੱਕ ਪਿੰਡ ਗੋਸ਼ਹੇੜੀ ਇਲਾਕਾ ਪਟਯਾਲਾ ਤੇ ਫੂਕਸਹੇੜੀ ਇਲਾਕਾ ਨਾਭਾ ਦੀ ਸਰਹੱਦ ਦਾ ਫਿਰ ਝਗੜਾ ਹੋਇਆ। ਦੂਜਾ ਪਿੰਡ ਭਰੋੜਾ ਤੇ ਪਟੀ ਕਾਂਗੜਾ ਬਾਬਤ ਰੋਲਾ ਪੈ ਗਿਆ। ਤੀਜਾ ਹਰਮਾਨਾ ਪਿੰਡ ਬਾਬਤ ਇੰਨਾ ਫਸਾਦ ਵਧਿਆ ਕਿ ਲੜਾਈ ਤਕ ਨੌਬਤ ਪੁੱਜ ਗਈ। ਦੋਹਾਂ ਧਿਰਾਂ ਦੇ ਸੈਂਕੜੇ ਆਦਮੀ ਮਾਰੇ ਗਏ, ਜਿਸ ਦਾ ਫ਼ੈਸਲਾ ਕਰਾਣ ਵਾਸਤੇ ਅੰਗਰੇਜ਼ਾਂ ਦੇ ਆਦਮੀਆਂ ਨੂੰ ਵੀ ਬੜਾ ਯਤਨ ਕਰਨਾ ਪਿਆ, ਕਿੰਤੂ ਫਿਰ ਆਪਸ ਵਿੱਚ ਹੀ ਝਗੜਾ ਮੁੱਕ ਗਿਆ।

੯੫. ਕੰਵਰ ਅਜੀਤ ਸਿੰਘ ਦਾ ਫਵਾਦ

ਕੰਵਰ ਅਜੀਤ ਸਿੰਘ ੧੮੬੬ ਬਿ. ਵਿੱਚ ਉਤਪਨ ਹੋਇਆ ਸੀ। ਸੰਮਤ ੧੮੯੨ ਨੂੰ ਉਹ ਘਰ ਵਿੱਚ ਸੁਤੰਤਰ ਹੋ ਬੈਠਾ ਤੇ ਮਹਾਰਾਜਾ ਸਾਹਿਬ ਦੇ ਅਪਰਾਧੀਆਂ ਨੂੰ ਪਨਾਹ ਦੇਣ ਲੱਗਾ। ਜਦ ਮਹਾਰਾਜਾ ਸਾਹਿਬ ਨੇ ਇਨ੍ਹਾਂ ਗੱਲਾਂ ਤੋਂ ਰੋਕਣਾ ਚਾਹਿਆ। ਤਦ ੧੮੬੨ ਬਿ. ਵਿੱਚ ਆਪਣੀ ਮਾਤਾ ਪ੍ਰੇਮ ਕੌਰ ਨੂੰ ਨਾਲ ਲੈ ਕੇ ਦਿੱਲੀ ਵਲ ਚਲਾ ਗਿਆ ਤੇ ਉੱਥੇ ਜਾ ਕੇ ਰਿਆਸਤ ਨੂੰ ਅੱਧਾ ਵੰਡਾਣ ਦੇ ਵਾਸਤੇ ਦਾਵੇ ਕਰਦਾ ਰਿਹਾ, ਜਿਸ ਤੋਂ ਬੜੇ ਭਾਰੇ ਕਰਜ਼ੇ ਦੇ ਹੇਠ ਦਬ ਗਿਆ ਤੇ ਬੜੀ ਮੁਦਤ ਤਕ ਐਧਰ ਓਧਰ ਫਿਰਦਾ ਰਿਹਾ। ਜਦ ਰਾਜਾ ਕਰਮ ਸਿੰਘ ਨੂੰ ਇਸ ਗੱਲ ਦੀ ਖ਼ਬਰ ਮਿਲੀ, ਤਦ ਉਹਨੇ ਇਹਨਾਂ ਨੂੰ ਪਟਯਾਲੇ ਬੁਲਾ ਲਿਆ, ਤਾਂ ਕਿ ਬਦਨਾਮੀ ਨਾ ਹੋਵੇ। ਉਹਦਾ ਸਾਰਾ ਕਰਜ਼ਾ ਉਤਾਰ ਦਿੱਤਾ। ਪੰਜਾਹ ਹਜ਼ਾਰ ਦੀ ਜਾਗੀਰ ਦੇ ਦਿੱਤੀ ਤੇ ਕੁਝ ਚਿਰ ਮਗਰੋਂ ਉਹਦਾ ਵਿਆਹ ਕਰ ਦਿੱਤਾ।

੯੬. ਗ੍ਵਰਨਮੈਂਟ ਦਾ ਕਰਜ਼ਾ ਦਲਦੀ ਦਾ ਫ਼ੈਸਲਾ

੧੮੬੭ ਨੂੰ ਅੰਗਰੇਜ਼ਾਂ ਨੇ ਪ੍ਰਗਟ ਕੀਤਾ ਕਿ ਉਹਨਾਂ ਨੂੰ ਕਰਜ਼ੇ ਦੀ ਲੋੜ ਹੈ। ਹਿੰਦੀ ਰਈਸ ਮੱਦਦ ਦੇਣ, ੫ ਰੁਪਯੇ ਸੈਂਕੜਾ ਸੂਦ ਦਿੱਤਾ ਜਾਏਗਾ। ਸਭ ਤੋਂ ਪਹਿਲਾਂ ਮਹਾਰਾਜਾ ਕਰਮ ਸਿੰਘ ਨੇ ੨੦ ਲੱਖ ਰੁਪਯਾ ਦੇ ਕੇ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ। ਸੰਮਤ ੧੮੮੫ ਬਿਕ੍ਰਮੀ ਨੂੰ ਮਰੀ ਸਾਹਿਬ ਆਇਆ ਤੇ ਪਟਯਾਲੇ ਨਾਭੇ ਦਾ ਓਹ ਝਗੜਾ ਜੋ ਦਲਦੀ ਬਾਬਤ ਬੜੀ ਮੁਦਤ ਤੋਂ ਚਲਾ ਆ ਰਿਹਾ ਸੀ, ਆ ਕੇ ਨਿਪਟਾ ਦਿੱਤਾ। ਜੋ ਫ਼ੈਸਲਾ ਹੋਇਆ, ਹੁਣ ਤਕ ਉਸੇ ਤਰ੍ਹਾਂ ਚਲਾ ਆ ਰਹਾ ਹੈ।

52 / 181
Previous
Next