

ਸਾਲਾਰ ਦੀ ਮਦਦ ਨਾਲ ਓਹਨਾਂ ਤੇ ਕਬਜ਼ਾ ਕੀਤਾ ਸੀ। ਅੰਗਰੇਜ਼ ਕਹਿੰਦੇ ਸਨ ਕਿ ਮਰਹੱਟਿਆਂ ਦੇ ਕਾਇਮ ਮੁਕਾਮ ਅਸੀਂ ਹਾਂ, ਇਸ ਕਰ ਕੇ ਇਹ ਪਿੰਡ ਸਾਨੂੰ ਮਿਲਣੇ ਚਾਹੀਦੇ ਹਨ। ਲੰਮੇਂ ਚੌੜੇ ਵਿਚਾਰ ਦੇ ਮਗਰੋਂ ੨੬੬ ਪਿੰਡਾਂ ਵਿੱਚੋਂ ੧ ਲਖ ਪਚਾਸੀ ਹਜ਼ਾਰ ਦੀ ਆਮਦਨ ਦੇ ੪੧ ਪਿੰਡ ਤਾਂ ਬਕਾਇਆ ਆਮਦਨੀ (੧੮੪੩ ਤੋਂ ੧੮੫੬ ਈ. ਤਕ) ਦੇ ਹਿਸਾਰ ਦੇ ਜ਼ਿਲੇ ਵਿੱਚੋਂ ਮਹਾਰਾਜਾ ਪਟਯਾਲਾ ਨੂੰ ਮਿਲਣ ਦਾ ਹੁਕਮ ਹੋਇਆ ਤੇ ੨੫ ਪਿੰਡ ਜ਼ਿਲਾ ਸਰਸਾ ਵਿੱਚੋਂ ਬਾਕੀ ਰਹੇ। ੪ ਹਜ਼ਾਰ ਅਠਾਈ ਸੌ ਰੁਪਯਾ ਆਮਦਨੀ ਦੇ ਬਾਕੀ ੧੫ ਪਿੰਡਾਂ ਦੇ ਬਦਲੇ ਅਸਪ ਬਦਰਾ, ਭੇਣੀ, ਸਾਹੂਕੇ, ਮੰਡੇਰ ਆਦਿਕ ਮਿਲ ਗਏ ਤੇ ਇਹ ਝਗੜਾ ਜੋ ੧੮੦੩ ਤੋਂ ਜਾਰੀ ਸੀ, ਮੁੱਕ ਗਿਆ।
੧੦੦. ਮੁਦਕੀ ਦੇ ਜੰਗ ਵਿੱਚ ਮਦਦ ਦੇਣਾ
ਭਾਵੇਂ ਰਾਜਾ ਕਰਮ ਸਿੰਘ ਉਪ੍ਰੋਕਤ ਕੁਝ ਗੱਲਾਂ ਤੇ ਜੋ ਅੰਗ੍ਰੇਜ਼ਾਂ ਨੇ ਖਾਹਮਖਾਹ ਦਖ਼ਲ ਦਿੱਤਾ ਸੀ, ਕੁਝ ਗੁੱਸੇ ਹੋ ਗਿਆ ਸੀ, ਕਿੰਤੂ ਤਦ ਵੀ ੧੮੪੫ ਈ. ਮੁਤਾ: ੧੯੦੩ ਬਿ. ਨੂੰ ਜਦ ਅੰਗ੍ਰੇਜ਼ਾਂ ਦੀ ਲਾਹੌਰ ਦਰਬਾਰ ਨਾਲ ਲੜਾਈ ਹੋ ਪਈ, ਤਦ ਇਸ ਨੇ ਖੁਲਮਖੁਲ੍ਹਾ ਅੰਗ੍ਰੇਜ਼ਾਂ ਦਾ ਸ਼ੁਭਚਿੰਤਕ ਤੇ ਖੈਰਖਾਹ ਪ੍ਰਗਟ ਕੀਤਾ। ਸਹਾਇਤਾ ਲਈ ਆਪਣੀ ਫੌਜ ਭੇਜਣ ਤੇ ਰਸਦ ਪੁਚਾਣ ਵਿੱਚ ਵੀ ਫਰਕ ਨਹੀਂ ਰੱਖਿਆ।
੧੦੧. ਰਾਜਾ ਕਰਮ ਸਿੰਘ ਦਾ ਚਲਾਣਾ ਤੇ ਗੁਣ
ਇਸ ਵਿੱਚ ਕੁਝ ਸ਼ੱਕ ਨਹੀਂ ਕਿ ਉਸ ਨੇ ਆਪਣੀ ਕੌਮ ਦੇ ਮੁਕਾਬਲੇ ਤੇ ਜੋ ਕੁਝ ਉਸ ਨੇ ਅੰਗਰੇਜ਼ਾਂ ਦੀ ਮਦਦ ਕੀਤੀ, ਉਸ ਤੋਂ ਸ਼ਰਮਿੰਦਗੀ ਦਾ ਮਾਰਿਆ ਰਾਜਾ ਕਰਮ ਸਿੰਘ ਫੇਰੂ ਸ਼ਹਿਰ ਦੀ ਲੜਾਈ ੩੦ ਦਸੰਬਰ ੧੮੪੫ ਤੋਂ ਮਗਰੋਂ ਦੂਜੇ ਦਿਨ ਮਰ ਗਿਆ। ਕਿੰਤੂ ਜੋ ਕੁਝ ਉਸ ਨੇ ਕੀਤਾ ਵੇਲੇ ਅਨੁਸਾਰ ਠੀਕ ਕੀਤਾ।
ਰਾਜਾ ਕਰਮ ਸਿੰਘ ਨੇ ਆਪਣੇ ਆਪ ਨੂੰ ਆਪਣੇ ਵੱਡਿਆਂ ਨਾਲੋਂ ਦਾਨਾ ਤੇ ਸਿਆਣਾ ਸਾਬਤ ਕੀਤਾ। ਰਾਜ ਪ੍ਰਬੰਧ ਵਿੱਚ ਜੋ ਜੋ ਮੁਸ਼ਕਲਾਂ ਆਪਣੇ ਭਰਾਤਾ ਅਜੀਤ ਸਿੰਘ ਤੇ ਮਾਤਾ ਆਸ ਕੌਰ ਵਲੋਂ ਆਈਆਂ, ਉਹਨਾਂ ਸਾਰੀਆਂ ਨੂੰ ਇਸ ਨੇ ਸਹਨਸ਼ੀਲਤਾ ਤੇ ਸਮਝ ਨਾਲ ਨਜਿਠਿਆ। ਇਹਨਾਂ ਦੇ ਨਾਲ ਕੋਈ ਬੇਇਨਸਾਫੀ ਨਹੀਂ ਕੀਤੀ। ਇਸ ਦਾ ਚਾਲ ਚਲਣ ਵੀ ਬੜਾ ਅੱਛਾ ਰਿਹਾ, ਇਸ ਨੇ ਆਪਣੀ ਰਿਆਸਤ ਦਾ ਪ੍ਰਬੰਧ ਵੀ ਬੜੀ ਹਛੀ ਤਰ੍ਹਾਂ ਕੀਤਾ। ਇਸ ਨੇ ਆਪਣੀ ਰਿਆਸਤ ਵਿੱਚ ਜੋ ਭਲਾਈ ਦੇ ਨਿਯਮ ਬੱਧੇ, ਉਹਨਾਂ ਤੇ ਆਪ ਚਲਿਆ ਤੇ ਦੂਜਿਆਂ ਨੂੰ ਚਲਣ ਲਈ ਆਪਣੇ ਨਾਲ ਰਖ੍ਯਾ। ਇਸ ਤੋਂ ਮਲੂਮ ਹੁੰਦਾ ਹੈ ਕਿ ਇਹ ਇੱਕ ਬੜਾ ਅਕਲਮੰਦ ਰਈਸ ਸੀ। ਇਸ ਨੇ ਕਈ ਮਕਾਨ ਬਣਵਾਏ, ਜਿਨ੍ਹਾਂ ਵਿੱਚੋਂ ਬਹਾਦਰਗੜ੍ਹ ਦਾ ਕਿਲ੍ਹਾ ਖ਼ਾਸ ਤੌਰ ਤੇ ਉਸਤਤੀ ਯੋਗ ਹੈ।
੧੦੨. ਰਾਜਾ ਨਰਿੰਦਰ ਸਿੰਘ ਦੀ ਗੱਦੀ ਨਸ਼ੀਨੀ
ਇਹ ਮਹਾਰਾਜਾ ੧੮੮੦ ਬਿਕਰਮੀ ਨੂੰ ਉਤਪਨ ਹੋਇਆ ਤੇ ੧੯੦੩ ਨੂੰ ੨੩ ਸਾਲ ਦੀ ਆਯੂ ਵਿੱਚ ਪਿਤਾ ਦੀ ਜਗ੍ਹਾ ਗੱਦੀ ਤੇ ਬੈਠਾ। ਇਹ ਵੀ ਆਪਣੇ ਪਿਤਾ ਵਾਂਗ ਬੜਾ ਸਮਝਦਾਰ ਨਿੱਕਲ੍ਯਾ। ਕਈ ਗੱਲਾਂ ਵਿੱਚ ਪਿਤਾ ਨਾਲੋਂ ਵੀ ਵਧ ਗਿਆ। ਇਸ ਨੇ ਵੀ ਲਾਹੌਰ ਦਰਬਾਰ ਦੇ ਟਾਕਰੇ ਤੇ ਅੰਗ੍ਰੇਜ਼ਾਂ ਦੀ ਹਰ ਤਰ੍ਹਾਂ ਮਦਦ ਕੀਤੀ, ਜਿਸ ਦੇ ਕਾਰਨ ਮੇਹਜਰ ਮੈਕਸਨ ਸਾਹਿਬ ਕਪਤਾਨ ਮਲਸਨ ਸਾਹਿਬ ਤੇ ਮਿਸਟਰ ਕਸ਼ਟ ਸਾਹਿਬ ਕਈ ਅੰਗ੍ਰੇਜ਼ਾਂ ਨੇ ਆਪਣੀਆਂ ਨੋਟ ਬੁਕਾਂ ਵਿੱਚ ਤਾਰੀਫ਼ ਲਿਖੀ ਹੈ ਤੇ ਇਹ ਵੀ ਲਿਖਿਆ ਹੈ ਕਿ ਸਤਲੁਜ ਤੋਂ ਇਸ ਪਾਰ ਦੇ ਸਾਰੇ ਰਈਸਾਂ ਤੋਂ ਵੱਧ ਕੇ ਤੇ ਸਭ ਤੋਂ ਵਧੀਕ ਰਸਦ ਤੇ ਭਾਰਬਰਦਾਰੀ ਰਿਆਸਤ ਪਟਯਾਲਾ ਵਲੋਂ ਅੰਗ੍ਰੇਜ਼ਾਂ ਨੂੰ ਮਿਲਦੀ ਰਹੀ ਹੈ ਤੇ ਇਸ ਰਿਆਸਤ ਦੀ ਫੌਜ ਨੇ ਕਿਲ੍ਹਾ ਘੁੰਗਰਾਣਾ ਫਤਹਿ ਕਰ ਦੱਸਿਆ। ਇੰਨੀ ਹਮਦਰਦੀ ਫ਼ਿਕਰ ਤੇ ਖ਼ੁਸ਼ੀ ਦੇ ਨਾਲ ਕਿਸੇ ਦੂਜੇ ਰਈਸ ਨੇ ਅੰਗ੍ਰੇਜ਼ਾਂ ਦਾ ਕੰਮ ਨਹੀਂ ਕੀਤਾ। ਇਹ ਹੀ ਕਾਰਨ ਹੈ ਕਿ ੨੨ ਸਤੰਬਰ ਸੰਨ ੧੮੪੭ ਨੂੰ ਇਨ੍ਹਾਂ ਦੀ ਇਸ ਖੈਰਖਾਹੀ ਦੇ