

ਪਟ੍ਯਾਲਾ ਦੀ ਸਪਾਹ ਨੇ ਬਹੁਤ ਮਦਦ ਦਿੱਤੀ ਤੇ ਖ਼ਾਸ ਕਰ ਫਿਰੋਜ਼ਪੁਰ ਦੇ ਟਾਕਰੇ ਵਿੱਚ ੧੦ ਰਸਾਲੇ ਦੇ ਨਾਲ ਲੜਾਈ ਦੇ ਵੇਲੇ ਤਾਂ ਪਟਯਾਲੇ ਦੀ ਸਪਾਹ ਨੂੰ ਨੁਕਸਾਨ ਵੀ ਬਹੁਤ ਪੁੱਜਾ ਤੇ ਕਈ ਆਦਮੀ ਫਟੜ ਹੋਏ।
ਰਸਦ ਤੇ ਸਪਾਹ ਤੋਂ ਬਿਨਾਂ ਮਹਾਰਾਜਾ ਸਾਹਿਬ ਪਟ੍ਯਾਲਾ ਨੇ ੫ ਲਖ ਰੁਪਏ ਨਕਦ ਦੀ ਮਦਦ ਅੰਗਰੇਜ਼ਾਂ ਨੂੰ ਦਿੱਤੀ। ਮਸ਼ਹੂਰ ਮਸ਼ਹੂਰ ਸਰਦਾਰਾਂ ਦੇ ਨਾਲ ਜੋ ਫੌਜ ਮਦਦ ਲਈ ਦਿੱਤੀ, ਉਸ ਦਾ ਵੇਰਵਾ ਇੰਜ ਹੈ: ੮ ਤੋਪਾਂ ਤੇ ੨੧੫੬ ਸਵਾਰ, ੨੮੪੬ ਪੈਦਲ ਸਿਪਾਹੀ ਤੇ ੧੫੬ ਹੁਦੇਦਾਰ ਸ੍ਰ: ਸਿੰਘ ਸੱਯਦ ਮੁਹੰਮਦ ਹਸਨ ਦਿੱਲੀ ਵਿੱਚ ਨੀਯਤ ਸਪਾਹ ਦੇ ਅਫਸਰ ਸਨ। ਇਸੇ ਤਰ੍ਹਾਂ ਕੰਵਰ ਦੀਪ ਸਿੰਘ ਸਾਹਿਬ ਬਹਾਦਰ ਥਾਨੇਸਰ ਵਾਲਿਆਂ ਦੇ ਲੜਕੇ ਸਰਦਾਰ ਬੀਰਾ ਸਿੰਘ, ਹਜ਼ਾਰਾ ਸਿੰਘ ਅੰਬਾਲੇ ਦੇ, ਸ੍ਰ: ਕਰਮ ਸਿੰਘ ਕਾਹਨ ਸਿੰਘ ਹਿਸਾਰ ਦੇ ਸ੍ਰ: ਜੀਵਨ ਸਿੰਘ ਕਾਲੇਕਮ ਫਿਰੋਜ਼ਪੁਰ ਦੇ, ਸਰਦਾਰ ਦਾਰਦਲ ਸਿੰਘ ਤੇ ਫਤਹ ਸਿੰਘ ਬਾਗੜੀਆਂ ਵਾਲੇ ਹਾਂਸੀ ਦੇ।
ਇਸ ਸਹਾਇਤਾ ਦਾ ਇਹ ਸਿਟਾ ਨਿੱਕਲ੍ਯਾ ਕਿ ਜਿੱਥੇ ਜਿੱਥੇ ਫਸਾਦ ਹੋਏ ਸਨ, ਉੱਥੇ ਹੀ ਉੱਥੇ ਦਬ ਗਏ ਅਤੇ ਦਿੱਲੀ ਫਤਹਿ ਹੋ ਗਈ ਤੇ ਅਵਧ ਦੇ ਟਾਕਰੇ ਤੇ ਪੰਜਾਬ ਵਿੱਚ ਉੱਕਾ ਅਮਨ ਹੋ ਗਿਆ।
ਇਸ ਤੋਂ ਪਿੱਛੋਂ ੧੮੫੮ ਵਿੱਚ ਧੌਲਪੁਰ ਵਿੱਚ ਜਿੱਥੇ ਮਹਾਰਾਜਾ ਸਾਹਿਬ ਦੀ ਲੜਕੀ ਵਿਆਹੀ ਹੋਈ ਸੀ, ਗੜਬੜ ਹੋ ਗਈ। ਮਹਾਰਾਜਾ ਸਾਹਿਬ ਦੀ ਫੌਜ ਨੇ ਉਸ ਝਗੜੇ ਨੂੰ ਸ਼ਾਂਤ ਕਰ ਦਿੱਤਾ।
੧੦੭. ਖਤਾਬ ਤੇ ਸਨਦ
ਸਰਕਾਰ ਅੰਗ੍ਰੇਜ਼ੀ ਨੇ ਮਹਾਰਾਜਾ ਸਾਹਿਬ ਦੀਆਂ ਇਹਨਾਂ ਸੇਵਾ ਨੂੰ ਮੁਖ ਰੱਖ ਕੇ ਫਸਾਦ ਮੁਕਣ ਦੇ ਮਗਰੋਂ 'ਫਰਜਿੰਦੇ ਖ਼ਾਸ ਦੌਲਤ ਇੰਗਲਸ਼ੀਆ ਮਨਸੂਰ ਉਲਜ਼ਮਾਨ ਅਮੀਰਉਲ ਉਮਰਾ' ਦਾ ਖ਼ਿਤਾਬ ਦਿੱਤਾ ਤੇ ਕਦਰਦਾਨੀ ਵਜੋਂ ਨਾਰਨੌਲ ਦਾ ਦੋ ਲੱਖ ਦਾ ਪ੍ਰਗਣਾ ਜੋ ਨਵਾਬ ਅਬਦੁਲਾ ਖਾਂ ਝਜਰ ਵਾਲੇ ਦਾ ਸਰਕਾਰ ਨੇ ਜ਼ਬਤ ਕੀਤਾ ਹੋਇਆ ਸੀ ਤੇ ਇੱਕ ਮਕਾਨ ਜਿਸ ਦਾ ਨਾਮ ਜੀਨਤ ਮਹੱਲ ਸੀ ਤੇ ਜਿਸ ਵਿਚ ਦਿੱਲੀ ਦੇ ਬਾਦਸ਼ਾਹ ਦੀ ਬੇਗ਼ਮ ਰਹਿੰਦੀ ਸੀ, ਸਨਦ ਸਮੇਤ ਦਿੱਤਾ।
੧੦੮. ਸਨਦ ਦੀ ਨਕਲ
ਨਕਲ ਸਨਦ, ਮਲਕੀਅਤ ਤੇ ਇੰਤਕਾਲ ਪ੍ਰਗਨਾ ਕਾਨੋਵੜ, ਬੁਧਵਾਨਾ, ਖਮਾਨੋ, ਨਾਮ ਫਰਜ਼ਿੰਦੇ ਖ਼ਾਸ ਦੌਲਤ ਇੰਗਲਸ਼ੀਆ ਮਨਸੂਰਉਲਜ਼ਮਾਨ ਅਮੀਰਓਲ ਉਮਰਾ ਮਹਾਰਾਜਾ ਅਧਿਰਾਜਾ ਰਾਜੇਸ਼ਵਰ ਸ੍ਰੀ ਮਹਾਰਾਜਾਗਾਨ ਨਰਿੰਦਰ ਸਿੰਘ ਮਹਿੰਦਰ ਬਹਾਦਰ।
ਵੱਲੋਂ, ਨਵਾਬ ਮੁਸਤ ਤਾਬਮੁਅਲਾ ਅਲਕਾਬ ਵੈਸਰਾਏ ਤੇ ਗਵਰਨਰ ਜਨਰਲ ਬਹਾਦਰ ਹਮੇਸ਼ਾਂ ਅਕਬਾਲ ਹੋਵੇ। ਇਸ ਕਰ ਕੇ ਕਿ ਇਸ ਮੁਲਕ ਹਿੰਦ ਵਿੱਚ ਸਰਕਾਰੇ ਪਾਏਦਾਰ ਦੇ ਤਸਲਤ ਦੇ ਸਮੇਂ ਤੋਂ ਸ੍ਰੀ ਮਹਾਰਾਜਾ ਸਾਹਿਬ ਮਹਿੰਦਰ ਬਹਾਦਰ ਤੇ ਇਨ੍ਹਾਂ ਦੇ ਬਜ਼ੁਰਗਾਂ ਦੇ ਦਿਲ ਵਿੱਚ ਨੇਕ ਖ਼ਿਆਲ ਤੇ ਚੰਗੇ ਇਰਾਦੇ ਸਰਕਾਰ ਬਾਬਤ ਦਿਲ ਵਿੱਚ ਰਹੇ ਹਨ। ਇਸ ਕਰ ਕੇ ਵੱਡੇ ਮੀਰ ਜਨਾਬ ਵੈਸਰਾਏ ਤੇ ਗਵਰਨਰ ਜਨਰਲ ਬਹਾਦਰ ਮੁਲਕ ਹਿੰਦੁਸਤਾਨ ਹਰ ਤਰ੍ਹਾਂ ਨਾਲ ਸ੍ਰੀ ਮਹਾਰਾਜਾ ਸਾਹਿਬ ਮਹਿੰਦਰ ਦੀ ਬਹਾਦਰੀ ਦੀ ਦਿਲ ਦੀ ਖ਼ੁਸ਼ੀ ਦਾ ਲਿਹਾਜ਼ ਸੋ ਹੋਰ ਮੇਹਰਬਾਨੀ ਕਰ ਕੇ ੧੧੦ ਪਿੰਡਾਂ ਪ੍ਰਗਣਾਂ ਕਾਨੋਡੋ ਤੇ ਬੁਧਵਾਨਾ, ਕੁਲ ਆਮਦਨ।
ਨਜ਼ਰਾਨਾ ਤੇ ਪ੍ਰਗਣਾ ਖਮਾਨੂੰ ਸਮੇਤ ਜ਼ਰ ਕਮੀਓਟੇਸ਼ਨ, ਹੱਕ ਲਾਵਲਦੀ ਫੌਜਦਾਰੀ ਆਦਿਕ ਸਾਰੇ ਕਾਰਨਾਂ ਸਮੇਤ ੧ ਲਖ ੭੬ ਹਜ਼ਾਰ ਨੋ ਸੌ ੬੦ ਰੁਪਏ ਦੇ ਬਦਲੇ ਮਹਾਰਾਜਾ ਸਾਹਿਬ ਨੂੰ ਦੇ ਦਿੱਤੇ ਹੇਠ ਲਿਖੀਆਂ ਸ਼ਰਤਾਂ ਅਨੁਸਾਰ:
੧-ਇਹ ਇਲਾਕਾ ਉਪ੍ਰੋਕਤ ਮਹਾਰਾਜਾ ਸਾਹਿਬ ਮਹਿੰਦਰ ਬਹਾਦਰ ਤੇ ਓਹਨਾਂ ਦੇ ਜਾਨਸ਼ੀਨਾਂ ਤੇ ਓਹਨਾਂ ਦੀ ਸੰਤਾਨ ਪਾਸ ਰਹੇਗੀ।