ਜਸਵੰਤ ਸਿੰਘ ਤੇ ਦਾਵਾ ਕਰ ਦਿੱਤਾ ਕਿ ਓਹਦੀ ਲਾਸ਼ ਤੇ ਕੁਝ ਨਿਸ਼ਾਨ ਅਜੇਹੇ ਸਨ, ਜਿਨ੍ਹਾਂ ਤੋਂ ਪਤਾ ਲੱਗਦਾ ਸੀ ਕਿ ਇਸ ਨੂੰ ਕਿਸੇ ਨੇ ਜ਼ਹਿਰ ਦਿੱਤਾ ਹੈ। ਇਸ ਕਰ ਕੇ ਗਵਰਨਮੈਂਟ ਵਲੋਂ ਮੁਕਦਮੇ ਦੀ ਖੋਜ ਸ਼ੁਰੂ ਹੋ ਗਈ। ਕਿੰਤੂ ਸ਼ੋਕ ਹੈ ਕਿ ਇਸ ਸਮੇਂ ਵਿੱਚ ਰਣਜੀਤ ਸਿੰਘ ਦਾ ਵੱਡਾ ਲੜਕਾ ਸੰਤੋਖ ਸਿੰਘ ੧੬ ਸਾਲ ਦੀ ਆਯੂ ਵਿੱਚ (ਇਹਦਾ ਵਿਆਹ ਸਰਦਾਰ ਸ਼ੇਰ ਸਿੰਘ ਸ਼ਾਹਅਬਾਦੀਆਂ ਦੀ ਲੜਕੀ ਭਾਗਭਰੀ ਦੇ ਨਾਲ ਬੜੀ ਧੂਮ ਧਾਮ ਨਾਲ ਹੋਯਾ ਸੀ ਤੇ ਇਸ ਖ਼ੁਸ਼ੀ ਦੇ ਜਲਸੇ ਵਿੱਚ ਸਤਲੁਜ ਦੇ ਉਸ ਪਾਰ ਦੋ ਰਈਸਾਂ ਨਾਲ ਪੋਲੀਟੀਕਲ ਏਜੰਟ ਵੀ ਸ਼ਾਮਲ ਹੋਇਆ ਸੀ।) ਅਚਨਚੇਤ ਨਾਭੇ ਮਰ ਗਿਆ। ਇਸ ਦੇ ਮਰਨ ਤੇ ਤਾਂ ਲੋਕਾਂ ਨੂੰ ਪੱਕਾ ਸ਼ੱਕ ਹੋ ਗਿਆ ਤੇ ਲੋਕ ਕਹਿਣ ਲੱਗੇ ਕਿ ਜਸਵੰਤ ਸਿੰਘ ਨੇ ਆਪਣੇ ਪੁਤਰ ਤੇ ਪੋਤਰੇ ਨੂੰ ਮਰਵਾ ਦਿੱਤਾ। ਜਿਸ ਵੇਲੇ ਮਹਾਰਾਜਾ ਪਟਯਾਲਾ ਕਰਮ ਸਿੰਘ ਪੁੱਛਣ ਵਾਸਤੇ ਗਏ ਤਦ ਜਸਵੰਤ ਸਿੰਘ ਨੂੰ ਰੋਂਦਿਆਂ ਹੋਇਆਂ ਵੇਖ ਕੇ ਕਹਿ ਦਿੱਤਾ ਕਿ ਧੋਖੇਬਾਜ਼ ਹੁਣ ਕਿਉਂ ਰੋਂਦਾ ਹੈਂ? ਤੂੰ ਆਪ ਹੀ ਤਾਂ ਸਭ ਕੁਝ ਕੀਤਾ ਹੈ। ਕਿੰਤੂ ਸ਼ੋਕ ਹੈ ਕੋਈ ਅਜਿਹਾ ਪੱਕਾ ਸਬੂਤ ਨਾ ਮਿਲ੍ਯਾ, ਜਿਸ ਤੋਂ ਗਵਰਨਮੈਂਟ ਰਾਜਾ ਜਸਵੰਤ ਸਿੰਘ ਤੋਂ ਪੁੱਛ ਕਰ ਸਕਦੀ। ਬਾਕੀ ਦੌਲਤ ਨੇ ਸਾਰੇ ਪਰਦੇ ਢੱਕ ਦਿੱਤੇ।
੧੫. ਲਧੜਾਂ ਦੇ ਸਰਦਾਰਾਂ ਤੇ ਸੋਨਟੀ ਦਾ ਮੁਕੱਦਮਾ
ਲਧੜਾਂ ਤੇ ਸੋਨਟੀ ਦੇ ਸਿੱਖ ਸਰਦਾਰ ਨੇ ਏਜੰਟ ਗਵਰਨਰ ਜਨਰਲ ਦਿੱਲੀ ਦੇ ਪਾਸ ਸ਼ਕਾਇਤ ਕੀਤੀ ਕਿ ਰਾਜਾ ਨਾਭਾ ਸਾਡੇ ਤੇ ਨਾ ਹੱਕ ਸਖ਼ਤੀ ਕਰਦਾ ਹੈ। ੫੦ ਸਵਾਰ ਲੱਧੜਾਂ ਦੇ ਤੇ 20 ਸੋਨਟੀ ਦੇ ਹਮੇਸ਼ਾਂ ਆਪਣੇ ਪਾਸ ਹਾਜ਼ਰ ਰੱਖਦਾ ਹੈ। ਸਾਨੂੰ ਆਪਣੇ ਅਧੀਨ ਸਮਝ ਕੇ ਵਧੀਕੀ ਤੇ ਜ਼ੁਲਮ ਕਰਦਾ ਹੈ। ਅਸਲ ਗੱਲ ਇਹ ਹੈ ਕਿ ਅਸੀਂ ਇਹਦੇ ਜ਼ੈਲਦਾਰ ਜਾਂ ਤਅੱਲਕੇਦਾਰ ਨਹੀਂ ਹਾਂ। ਅੰਤ ਨੂੰ ਜਦ ਸਰ ਜਾਰਜ ਕਲਾਰਕ ਸਾਹਿਬ ਨੇ ਉਨ੍ਹਾਂ ਦੇ ਦਾਵੇ ਦੀ ਖੋਜ ਕੀਤੀ ਤਦ ਮੁਕੱਦਮੇ ਦੀ ਸੂਰਤ ਇੰਜ ਮਲੂਮ ਹੋਈ ਕਿ ੧੮੨੦ ਨੂੰ ਜਦ ਸਰਹੰਦ ਤੇ ਖਾਲਸੇ ਨੇ ਕਬਜ਼ਾ ਕੀਤਾ ਤਦ ਉਸ ਵੇਲੇ ਨਿਸ਼ਾਨਾਂ ਵਾਲੀ ਮਿਸਲ ਦੇ ਮੁਖੀ ਸਰਦਾਰ ਸੰਗਤ ਸਿੰਘ, ਦਸੋਧਾ ਸਿੰਘ, ਜੈਸਿੰਘ, ਮੋਹਰ ਸਿੰਘ ਨੇ ਅੰਬਾਲਾ, ਸਰਏ ਲਸ਼ਕਰੀ ਖਾਂ, ਸ਼ਾਹਆਬਾਦ, ਦੁਰਾਹਾ, ਲੁਧੜਾਂ, ਅਮਲੋਹ ਤੇ ਸੋਨਟੀ ਪੁਰ 'ਤੇ ਆਪਣਾ ਕਬਜ਼ਾ ਕਰ ਲਿਆ। ਫਿਰ ਜਦ ਮਹਾਰਾਜਾ ਰਣਜੀਤ ਸਿੰਘ ਦਾ ਜ਼ਮਾਨਾ ਆਇਆ ਤੇ ਹਰ ਇੱਕ ਮਿਸਲ ਨੂੰ ਨੁਕਸਾਨ ਪੁੱਜਣ ਲਗਾ ਅਤੇ ਫੂਲਕੀਆਂ ਰਿਆਸਤਾਂ ਨੇ ਵੀ ਆਪਣੇ ਛੋਟੇ ਛੋਟੇ ਗਵਾਂਢੀਆਂ ਦੇ ਇਲਾਕਿਆਂ ਨੂੰ ਦਬਾਣਾ ਸ਼ੁਰੂ ਕੀਤਾ। ਤਦ ਉਸ ਵੇਲੇ ਕਮਜ਼ੋਰ ਰਈਸਾਂ ਨੇ ਆਪਣੇ ਬਚਾਉ ਦੇ ਵਾਸਤੇ ਕਿਸੇ ਨਾ ਕਿਸੇ ਵਡੇ ਰਈਸ ਦੀ ਪਨਾਹ ਢੂੰਡਣੀ ਸ਼ੁਰੂ ਕੀਤੀ ਤੇ ਉਸ ਪਨਾਹ ਦੇ ਬਦਲੇ ਕੁਝ ਨਜ਼ਰਾਨਾ ਬਦਲੇ ਵਜੋਂ ਦੇਣਾ ਪਿਆ। ਸੋ ਨਿਸ਼ਾਨਾਂ ਵਾਲੀ ਮਿਸਲ ਦੇ ਕਮਜ਼ੋਰ ਹੋਣ ਤੇ ਸਰਦਾਰ ਜੈ ਸਿੰਘ ਲਧੜਾਂ ਵਾਲੇ ਨੇ ਰਾਜਾ ਜਸਵੰਤ ਸਿੰਘ ਦੇ ਨਾਲ ਆਪਣੀ ਲੜਕੀ ਦਯਾ ਕੌਰ ਦੇ ਨਾਲ ਵਿਆਹ ਕਰ ਕੇ ਇਸ ਨੂੰ ਆਪਣਾ ਸਾਥੀ ਬਣਾ ਲਿਆ ਤੇ ਆਪਣੇ ਕਬਜ਼ੇ ਦੇ ਪਿੰਡਾਂ ਨੂੰ ਅੱਗੇ ਵਾਂਗ ਹੀ ਆਪਣੇ ਹੱਥ ਵਿੱਚ ਰਖ੍ਯਾ। ਕਿੰਤੂ ਸੋਨਟੀ ਵਾਲੇ ਸਰਦਾਰ ਦੇ ਇਲਾਕਾ ਅਮਲੋਹ ਤੋਂ ਜਦ ਓਹ ਸਤਲੁਜ ਤੋਂ ਪਾਰ ੧੮੫੨ ਨੂੰ ਜ਼ਮਾਨ ਸ਼ਾਹ ਦੇ ਟਾਕਰੇ ਤੇ ਸਿੱਖਾਂ ਦੀ ਮਦਦ ਨੂੰ ਗਏ ਸਨ, ਰਾਜਾ ਜਸਵੰਤ ਸਿੰਘ ਨੇ ਸੋਨਟੀ ਦੇ ਇਲਾਕੇ ਦੇ ੩੬ ਪਿੰਡਾਂ ਤੇ ਅਮਲੋਹ ਸਮੇਤ ਕਬਜ਼ਾ ਕਰ ਲਿਆ। ਕਿੰਤੂ ਸੋਨਟੀ ਵਾਲੇ ਸਰਦਾਰ ਨੇ ਜਦ ਉੱਥੋਂ ਮੁੜ ਕੇ ਆਪਣੇ ਇਲਾਕੇ ਅਮਲੋਹ ਨੂੰ ਨਾਭੇ ਦੇ ਰਈਸ ਤੋਂ ਛੁਡਾਣਾ ਚਾਹਿਆ ਤੇ ਕਾਫੀ ਮੁਦਤ ਤਕ ਆਪਣੇ ਦਾਵੇ ਦੀ ਪੈਰਵਾਈ ਵਿੱਚ ਝਗੜਦਾ ਰਿਹਾ। ਤਦ ਅਖੀਰ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਹਿੰਮਤ ਸਿੰਘ ਸ਼ਾਹਅਬਾਦ ਨੇ ਵਿੱਚ ਪੈ ਕੇ ਇਹ ਫ਼ੈਸਲਾ ਕਰ ਦਿੱਤਾ ਕਿ ਅਮਲੋਹ ਤਾਂ ਰਈਸ ਨਾਭਾ ਦੇ ਕਬਜ਼ੇ ਵਿੱਚ ਰਹੇ, ਤੇ ਬਾਕੀ ਦੇ ੩੬ ਪਿੰਡਾਂ ਤੇ ਰਈਸ ਨਾਭਾ ਤੇ ਸੋਨਟੀ ਦੋਨਾਂ ਦਾ ਅਧਿਕਾਰ ਹੈ। ਇਹ ਫੈਸਲਾ ਸੋਨਟੀ ਦੇ ਸਰਦਾਰਾਂ ਦੇ ਵਿਰੁੱਧ ਸੀ। ਇਸ ਕਰ ਕੇ ਇਹ ਝਗੜਾ ਨਾ ਮੁਕਿਆ ਅਤੇ ਦਿਨ-