ਦੀਪੋ ਵੀ ਹੁਣ ਇਸ ਕੰਜਰ ਕਲੇਸ਼ ਤੋਂ ਬਹੁਤ ਦੁਖੀ ਸੀ ਕਿਉਂਕਿ ਹੁਣ ਉਸਨੂੰ ਕੇਵਲ ਚਰਨ ਸਿੰਘ ਤੋਂ ਹੀ ਨਹੀਂ ਬਲਕਿ ਆਪਣੇ ਪੁੱਤਰ ਜੀਤ ਦਾ ਵੀ ਡਰ ਸੀ ਜੋ ਕਿ ਹੁਣ ਜਵਾਨ ਹੋ ਚੁੱਕਾ ਸੀ।
ਮੰਗਲਵਾਰ ਨੂੰ ਚਰਨ ਸਿੰਘ ਨੇ ਲੰਬੜਦਾਰਾਂ ਦੀ ਪਾਣੀ ਦੀ ਵਾਰੀ ਲਾਉਣੀ ਸੀ ਪਰ ਘਰ ਦੀ ਲੜ੍ਹਾਈ ਉਸ ਨੂੰ ਅੰਦਰੋਂ ਹੀ ਅੰਦਰ ਘੁਣ ਵਾਂਗ ਖਾ ਰਹੀ ਸੀ। ਉਹ ਆਪਣੇ ਦੁੱਖਾਂ ਦੀ ਪੰਡ ਆਖਰ ਕਿੰਨਾ ਕੁ ਚਿਰ ਆਪਣੇ ਸਿਰ ਤੇ ਚੱਕ ਕੇ ਤੁਰਿਆ ਫਿਰਦਾ। ਸ਼ਾਮ ਨੂੰ ਪਾਣੀ ਦੀ ਵਾਰੀ ਸੀ। ਉਸਨੂੰ ਪਤਾ ਨਹੀਂ ਕਿਉਂ ਅੱਜ ਇੱਕ ਖੌਫ ਜਿਹਾ ਆ ਰਿਹਾ ਸੀ। ਉਸਦਾ ਦਿਲ ਜੋਰ ਜੋਰ ਨਾਲ ਧੜਕ ਰਿਹਾ ਸੀ ਐਂ ਲੱਗ ਰਿਹਾ ਸੀ ਜਿਵੇਂ ਕਿਸੇ ਭਾਰੀ ਚੀਜ ਨੇ ਉਸ ਨੂੰ ਦਬਾ ਲਿਆ ਹੋਵੇ ਤੇ ਉਸਦਾ ਸਾਹ ਨਾ ਨਿਕਲ ਰਿਹਾ ਹੋਵੇ। ਉਸਨੇ ਆਪਣੇ ਪੁੱਤਰ ਨੂੰ ਸਾਰੀ ਗੱਲ ਦੱਸਣ ਦਾ ਫੈਸਲਾਂ ਕੀਤਾ।
ਚਰਨ ਬੂਹੇ ਦੇ ਬਾਹਰ ਟਾਹਲੀ ਦੀ ਛਾਵੇਂ ਬੈਠਾ ਸੂਰਜ ਵੱਲ ਤੱਕ ਰਿਹਾ ਸੀ। ਉਸਨੇ ਆਪਣੇ ਪੁੱਤਰ ਜੀਤ ਨੂੰ ਅਵਾਜ ਦੇ ਕੇ ਗੋਲ ਗੋਲ ਗੱਲ ਕਰਕੇ ਆਪਣੇ ਦੁੱਖਾਂ ਦੀ ਪੰਡ ਦੀ ਗੰਢ ਉਸ ਅੱਗੇ ਖੋਲ ਦਿੱਤੀ।