

" ਮੈਨੂੰ ਗੋਲੀ ਨਾ ਮਾਰ, ਨੇਕਬਖਤਾ। ਤਿੰਨ ਸਾਲ ਤਿੰਨ ਮਹੀਨੇ ਤੋਂ ਤਿੰਨ ਦਿਨ ਮੈਨੂੰ ਖੁਆ ਪਿਆ। ਜਦੋਂ ਮੈਂ ਰਾਜੀ ਹੋ ਗਿਆ, ਮੈਂ ਤੈਨੂੰ ਰਜਵਾਂ ਇਨਾਮ ਦਊਂ।"
ਸੋ ਵਪਾਰੀ ਨੇ ਬਾਜ ਦੀ ਜਾਨ ਬਖ਼ਸ ਦਿੱਤੀ। ਉਸ ਨੇ ਉਹਨੂੰ ਚੁੱਕਿਆ ਤੇ ਆਪਣੇ ਘਰ ਲੈ ਆਂਦਾ। ਖੜੇ ਪੈਰ ਉਹਨੇ ਇਕ ਬੌਲਦ ਮਾਰਿਆ ਤੇ ਇਕ ਟੱਪ ਕੰਢਿਆਂ ਤੱਕ ਸ਼ਹਿਦ ਨਾਲ ਭਰ ਦਿੱਤਾ। ਉਹਨੇ ਸੋਚਿਆ. ਇਹਦੇ ਨਾਲ ਬਾਜ਼ ਦੇ ਚੋਖੋ ਦਿਨ ਲੰਘ ਜਾਣਗੇ, ਪਰ ਬਾਜ ਨੇ ਇਕੋ ਸਾਹੇ ਸਭ ਕੁਝ ਖਾ ਪੀ ਲਿਆ। ਉਹ ਗਰੀਬ ਵਪਾਰੀ ਦੀ ਹਿੰਮਤ ਤੋਂ ਵਧ ਖਾਈ ਜਾ ਰਿਹਾ ਸੀ। ਇਹ ਵੇਖਕੇ, ਬਾਜ਼ ਨੇ ਉਹਨੂੰ ਆਖਿਆ :
"ਖੁਲ੍ਹੇ ਮੈਦਾਨ ਵਿਚ ਜਾ, ਮੇਰਿਆ ਸਜਨਾ ਅਤੇ ਓਥੇ ਤੈਨੂੰ ਬੇਅੰਤ ਵੱਢੇ ਕੱਟੇ ਤੇ ਫਟੜ ਜਨੌਰ ਮਿਲਣਗੇ। ਉਹਨਾਂ ਦੀਆਂ ਖਲਾਂ ਲਾਹ ਤੇ ਕੀਮਤੀ ਫਰ ਸ਼ਹਿਰ ਲੈ ਜਾ ਤੇ ਉਸ ਨੂੰ ਵੇਚ ਦੇ। ਪੈਸੇ ਨਾਲ ਤੇਰਾ ਮੇਰਾ ਖਾਣ ਪੀਣ ਚਲਦਾ ਰਹੇਗਾ, ਤੇ ਕੁਝ ਬਚ ਵੀ ਰਹੇਗਾ।"
ਵਪਾਰੀ ਬਾਹਰ ਮੈਦਾਨ ਵਿਚ ਗਿਆ ਤੇ ਉਥੇ ਉਸ ਨੇ ਬਹੁਤ ਸਾਰੇ ਜੰਗਲੀ ਜਾਨਵਰ ਏਧਰ ਓਧਰ ਮਰੇ ਹੋਏ ਤੇ ਜ਼ਖਮੀ ਹੋਏ ਪਏ ਵੇਖੇ। ਉਸ ਨੇ ਉਹਨਾਂ ਦੀਆਂ ਖੱਲਾਂ ਲਾਹੀਆਂ ਤੇ ਕੀਮਤੀ ਫਰ ਸ਼ਹਿਰ ਲੈ ਗਿਆ ਤੇ ਉਹਨਾਂ ਦੇ ਢੇਰ ਸਾਰੇ ਪੈਸੇ ਵੱਟ ਲਏ।
ਇਕ ਸਾਲ ਬੀਤ ਗਿਆ। ਇਕ ਦਿਨ ਬਾਜ ਨੇ ਆਪਣੇ ਮੇਜ਼ਬਾਨ ਨੂੰ ਆਖਿਆ ਕਿ ਉਹਨੂੰ ਉਸ ਥਾਂ ਲੈ ਚੱਲੇ ਜਿਥੇ ਉਚੇ ਲੰਮੇ ਬਲ੍ਹਤ ਦੇ ਰੁਖ ਉੱਗੇ ਹੋਏ ਸਨ। ਵਪਾਰੀ ਨੇ ਬੱਘੀ ਨਾਲ ਆਪਣਾ ਘੋੜਾ ਜੋੜਿਆ ਤੇ ਬਾਜ਼ ਨੂੰ ਉਸ ਥਾਂ ਲੈ ਆਇਆ। ਬਾਜ ਨੇ ਬਦਲਾਂ ਤੋਂ ਉਪਰ ਉੱਚੀ ਉਡਾਰੀ ਲਾਈ ਤੇ ਪੂਰੇ ਜ਼ੋਰ ਦੀ ਉਡਾਰੀ ਵਿਚ ਉਸ ਨੇ ਆਪਣੀ ਛਾਤੀ ਨਾਲ ਇਕ ਰੁਖ ਨੂੰ ਝਟਕਾ ਦਿਤਾ। ਬਲੂਤ ਦੁਫਾੜ ਹੋ ਗਿਆ।
"ਨਹੀਂ. ਵਪਾਰੀ ਦੋਸਤਾ, " ਬਾਜ਼ ਨੇ ਆਖਿਆ, " ਅਜੇ ਮੇਰੀ ਪੁਰਾਣੀ ਸਤਿਆ ਨਹੀਂ ਮੁੜੀ। ਪੂਰਾ ਵਰ੍ਹਾ ਹੋਰ ਮੇਰਾ ਪੇਟ ਪਾਲ।"
ਤੇ ਇਸ ਤਰ੍ਹਾਂ ਦੂਜਾ ਵਰ੍ਹਾ ਬੀਤ ਗਿਆ। ਬਾਜ ਇਕ ਵਾਰ ਫੇਰ ਉਡ ਕੇ ਕਾਲੇ ਬਦਲਾਂ ਤੋਂ ਉਪਰ ਗਿਆ, ਹੇਠਾਂ ਲਪਕਿਆ ਤੋ ਰੁਖ ਨੂੰ ਝਟਕਾ ਦਿੱਤਾ। ਬਲੂਤ ਦੀ ਟੀਸੀ ਟੁਟ ਕੇ ਭੁੰਜੇ ਆ ਪਈ।
"ਇਕ ਵਰ੍ਹਾ ਹੋਰ ਤੈਨੂੰ ਮੇਰਾ ਢਿਡ ਭਰਨਾ ਪਉ ਮੇਰਿਆ ਸਜਣਾ, " ਬਾਜ਼ ਨੇ ਆਖਿਆ। "ਅਜੇ ਮੇਰੀ ਪਹਿਲਾਂ ਵਾਲੀ ਸਤਿਆ ਨਹੀਂ ਮੁੜੀ। "
ਸੋ ਇਸ ਤਰ੍ਹਾਂ ਹੀ ਤਿੰਨ ਸਾਲ ਤਿੰਨ ਮਹੀਨੇ ਤੇ ਤਿੰਨ ਦਿਨ ਲੰਘ ਗਏ। ਇਸ ਤੋਂ ਮਗਰੋਂ ਬਾਜ਼ ਨੇ ਵਪਾਰੀ ਨੂੰ ਆਖਿਆ :
"ਮੈਨੂੰ ਫੇਰ ਉਸ ਥਾਂ ਲੈ ਚਲ ਜਿਥੇ ਉੱਚੇ ਲੰਮੇ ਬਲੂਤ ਉੱਗੇ ਹੋਏ ਨੇ।"