

ਉਹ ਬੜੇ ਦੁਖੀ ਹੋਏ ਤੇ ਰੋਏ ਕੁਰਲਾਏ, ਪਰ ਸਾਲਾਂ ਬੱਧੀ ਤਾਂ ਕੋਈ ਨਹੀਂ ਹੋ ਸਕਦਾ। ਸੋ ਵਪਾਰੀ ਨੇ ਸੋਨੇ ਦੀ ਡੱਬੀ ਖੋਹਲੀ ਤੇ ਉਹਨਾਂ ਦੇ ਸਾਮ੍ਹਣੇ ਇਕ ਵੱਡਾ ਸਾਰਾ ਸ਼ਾਨਦਾਰ ਮਹਿਲ ਖੜਾ ਹੋ ਗਿਆ। ਤੇ ਉਹ ਆਪਣੀ ਵਹੁਟੀ ਤੇ ਆਪਣੇ ਪੁਤਰ ਨਾਲ ਇਹਦੇ ਵਿਚ ਰਹਿਣ ਲਗਾ ਤੇ ਉਹ ਸਾਰੇ ਬੜੇ ਖੁਸ਼ ਤੇ ਸੁਖੀ ਸਨ।
ਦਸ ਸਾਲ ਤੇ ਕੁਝ ਹੋਰ ਬੀਤ ਗਏ। ਵਪਾਰੀ ਦਾ ਪੁਤਰ ਸਮਝਦਾਰ ਤੇ ਸੁਹਣਾ ਸੁਨੱਖਾ ਗਭਰੂ ਬਣ ਗਿਆ।
ਇਕ ਦਿਨ ਸਵੇਰੇ ਉਹ ਉਦਾਸ ਜਿਹਾ ਉਠਿਆ ਤੋਂ ਆਪਣੇ ਪਿਓ ਨੂੰ ਆਖਣ ਲੱਗਾ :
"ਬਾਪੂ, ਰਾਤੀ ਮੈਨੂੰ ਸੁਫਨਾ ਆਇਆ ਏ ਪਈ ਕਾਫਰ ਬਾਦਸ਼ਾਹ ਨੇ ਮੈਨੂੰ ਪੇਸ਼ ਹੋਣ ਦਾ ਹੁਕਮ ਦਿਤਾ ਏ। ਉਸ ਆਖਿਆ ਕਿ ਅਸੀਂ ਉਹਦੇ ਕੋਲੇ ਬੜੀ ਉਡੀਕ ਕਰਵਾਈ ਏ, ਤੇ ਸਾਨੂੰ ਇਹ ਗੱਲ ਯਾਦ ਰਖਣੀ ਚਾਹੀਦੀ ਏ।"
ਉਹਦਾ ਪਿਓ ਤੇ ਉਹਦੀ ਮਾਂ ਰੋਏ ਕੁਰਲਾਏ, ਉਹਨਾਂ ਨੇ ਉਸ ਨੂੰ ਅਸੀਸਾਂ ਦਿੱਤੀਆਂ ਤੇ ਓਪਰੇ ਦੇਸ ਤੇਰ ਦਿੱਤਾ।
ਉਹ ਇਕ ਸੜਕੇ ਪੈ ਗਿਆ ਜਿਹੜੀ ਚੌੜੀ ਤੇ ਸਿੱਧੀ ਸਪਾਟ ਸੀ, ਉਹ ਖੇਤਾਂ ਤੇ ਮੈਦਾਨਾਂ ਵਿਚੋਂ ਲੰਘਦਾ ਗਿਆ ਤੇ ਅਖੀਰ ਉਹ ਇਕ ਉਜਾੜ ਬੀਆਬਾਨ ਵਿਚ ਪਹੁੰਚ ਗਿਆ। ਉਥੇ ਕੁਝ ਨਜ਼ਰ ਨਹੀਂ ਸੀ ਆਉਂਦਾ ਸਿਵਾਏ ਇਕ ਝੁਗੀ ਦੇ ਜਿਸ ਦਾ ਮੱਥਾ ਰੁਖਾਂ ਵੱਲ ਸੀ ਤੇ ਪਿਛਵਾੜਾ ਵਪਾਰੀ ਦੇ ਪੁਤਰ ਇਵਾਨ ਵੱਲ।
"ਨੀਂ ਝੁਗੀਏ, ਨੀ ਨਿਕੀਏ ਝੁਗੀਏ, ਆਪਣੀ ਪਿੱਠ ਰੁਖਾਂ ਵੱਲ ਕਰ ਲੈ ਤੇ ਆਪਣਾ ਮੂੰਹ ਮੇਰੇ ਵੱਲ ।" ਉਹਨੇ ਆਖਿਆ।
ਝੁੱਗੀ ਨੇ ਉਹਦੀ ਗੱਲ ਮੰਨ ਲਈ ਤੇ ਪਿਠ ਰੁਖਾਂ ਵੱਲ ਕਰ ਲਈ ਤੇ ਆਪਣਾ ਮੂੰਹ ਉਹਦੇ ਵੱਲ।
ਵਪਾਰੀ ਦਾ ਪੁਤਰ, ਇਵਾਨ, ਝੁੱਗੀ ਦੇ ਅੰਦਰ ਚਲਾ ਗਿਆ ਤੇ ਉਥੇ ਬਾਬਾ-ਯਾਗਾ ਬੈਠੀ ਸੀ । ਜਾਦੂਗਰਨੀ ਜਿਸ ਦੇ ਹੱਥ ਵਿਚ ਮਾਂਜਾ ਤੇ ਛੜੀ ਖੁੰਢ ਵਰਗੇ ਨੱਕ ਵਾਲੀ ਡੈਣ, ਹਡਲ ਬੁਢੜੀ। ਬਾਬਾ-ਯਾਗਾ ਨੇ ਉਹਨੂੰ ਵੇਖਿਆ ਤੇ ਬੋਲੀ :
"ਵਾਹ ਵਾਹ, ਰੂਸੀ ਲਹੂ, ਪਹਿਲਾਂ ਮੈਨੂੰ ਕਦੇ ਨਾ ਮਿਲਿਆ, ਹੁਣ ਮੇਰੇ ਦਰ ਤੇ ਆ ਖੜਿਆ। ਕੌਣ ਏ ? ਕਿਥੋਂ ਏ ? ਕਿਧਰ ਨੂੰ ?
"ਨੀਂ ਬੁਢੀਏ ਜਾਦੂਗਰਨੀਏ ! ਏਹ ਤਰੀਕਾ ਏ ਤੇਰਾ ਰਾਹੀ ਮੁਸਾਫਰਾਂ ਦਾ ਸਵਾਗਤ ਕਰਨ ਦਾ। ਮਾਸ ਸ਼ਰਾਬ ਦੀ ਥਾਂ ਤੇ ਸਵਾਲ ਹੀ ਸਵਾਲ ?"
ਬਾਬਾ-ਯਾਗਾ ਨੇ ਮੇਜ਼ ਉਤੇ ਖਾਣ ਪੀਣ ਦੀਆਂ ਚੀਜ਼ਾਂ ਟਿਕਾ ਦਿੱਤੀਆਂ, ਤੇ ਜਦੋਂ ਉਹਨੇ ਖਾ ਪੀ ਲਿਆ ਤੇ ਉਸ ਨੂੰ ਸੁਆ ਦਿੱਤਾ। ਅਗਲੀ ਸਵੇਰ ਉਹ ਵੇਲੇ ਸਿਰ ਉਠੀ ਤੇ ਫੇਰ ਸਵਾਲਾਂ