

"ਲੈ ਫੜ ਆਪਣੇ ਖੰਭ !" ਉਹਨੇ ਆਖਿਆ। "
ਦਸ ਮੇਰਿਆ ਮੰਗੇਤਰਾ, ਤੇਰੇ ਸਾਕ ਸੰਬੰਧੀ ਕੌਣ ਨੇ ਤੇ ਤੂੰ ਜਾ ਕਿਧਰ ਨੂੰ ਰਿਹਾ ਏ ?"
"ਮੈਂ ਵਪਾਰੀ ਦਾ ਪੁਤਰ, ਇਵਾਨ ਆਂ ਤੇ ਮੈ ਤੇਰੇ ਪਿਤਾ, ਕਾਫਰ ਬਾਦਸ਼ਾਹ ਨੂੰ ਮਿਲਣ ਚਲਿਆਂ।"
''ਤੇ ਮੇਰਾ ਨਾਂ ਏ ਚਤਰ-ਸੁਜਾਨ ਵਸਿਲੀਸਾ " ਉਹਨੇ ਦਸਿਆ।
ਇਹ ਚਤਰ-ਸੁਜਾਨ ਵਸਿਲੀਸਾ ਬਾਦਸ਼ਾਹ ਦੀ ਸਭ ਤੋਂ ਲਾਡਲੀ ਧੀ ਸੀ, ਤੇ ਉਹ ਜਿੰਨੀ ਸੁਹਣੀ ਸੀ ਓਨੀ ਹੀ ਚਲਾਕ ਵੀ ਸੀ। ਉਸ ਨੇ ਆਪਣੇ ਮੰਗੇਤਰ ਨੂੰ ਦਸਿਆ ਕਿ ਕਾਫਰ ਬਾਦਸ਼ਾਹ ਕੋਲ ਕਿਵੇਂ ਜਾਣਾ ਏ, ਤੇ ਫੇਰ ਉਹਨੇ ਘੁਗੀ ਦਾ ਰੂਪ ਧਾਰਿਆ ਤੇ ਆਪਣੀਆਂ ਭੈਣਾਂ ਦੇ ਮਗਰ ਉਡ ਗਈ।
ਵਪਾਰੀ ਦਾ ਪੁਤਰ, ਇਵਾਨ, ਮਹਿਲਾਂ ਵਿਚ ਆਇਆ ਤਾਂ ਕਾਫਰ ਬਾਦਸ਼ਾਹ ਨੇ ਉਹਨੂੰ ਰਸੋਈਏ ਨਾਲ ਕੰਮ ਲਾ ਦਿੱਤਾ। ਉਹ ਲਕੜਾਂ ਪਾੜੇ ਤੇ ਪਾਣੀ ਲਿਆਵੇ। ਨਲੀਚੋਚੋ ਰਸੋਈਏ ਨੂੰ ਉਹਦੇ ਨਾਲ ਨਫਰਤ ਹੋ ਗਈ ਤੇ ਉਸ ਨੇ ਬਾਦਸ਼ਾਹ ਨੂੰ ਉਹਦੇ ਬਾਰੇ ਝੂਠੀਆਂ ਸੱਚੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ।
'ਹਜ਼ੂਰ " ਨਲੀਚੋਚੋ ਨੇ ਆਖਿਆ, " ਵਪਾਰੀ ਦਾ ਪੁਤਰ ਇਵਾਨ ਫੜਾਂ ਮਾਰਦਾ ਏ ਕਿ ਉਹ ਇਕੋ ਰਾਤ ਵਿਚ ਹੀ ਪੂਰਾ ਜੰਗਲ ਵਢ ਕੇ, ਲਕੜਾਂ ਦਾ ਢੇਰ ਲਾਕੇ, ਜ਼ਮੀਨ ਵਾਹ ਕੇ, ਏਹਦੇ ਵਿਚ ਕਣਕ ਬੀਜ ਕੇ, ਕਣਕ ਵੱਢ, ਗਾਹ ਤੇ ਪੀਹ ਕੇ. ਹਜੂਰ ਦੇ ਛਾਹਵੇਲੇ ਲਈ ਇਸ ਦੇ ਪੂੜੇ ਬਣਾ ਸਕਦੈ।"
"ਬੜੀ ਚੰਗੀ ਗੱਲ ਏ," ਬਾਦਸ਼ਾਹ ਨੇ ਆਖਿਆ, “ਉਹਨੂੰ ਮੇਰੇ ਪੇਸ਼ ਕਰੋ।"
ਵਪਾਰੀ ਦਾ ਪੁਤਰ, ਇਵਾਨ, ਬਾਦਸ਼ਾਹ ਅੱਗੇ ਪੇਸ ਹੋਇਆ।
"ਏਹ ਕੀ ਫੜਾਂ ਸੁਣਦਾ ਪਿਆਂ ਮੈਂ ਤੇਰੀਆਂ- ਕਿ ਤੂੰ ਇਕੋ ਰਾਤ ਵਿਚ ਜੰਗਲ ਵੱਢ ਕੇ. ਲਕੜਾਂ ਦਾ ਢੇਰ ਲਾਕੇ ਜ਼ਮੀਨ ਵਾਹ ਕੇ, ਇਹਦੇ ਵਿਚ ਕਣਕ ਬੀਜ ਕੇ, ਕਣਕ ਵਢ ਗਾਹ ਤੇ ਪੀਹਕੇ, ਮੇਰੇ ਸ਼ਾਹੀ ਨਾਸ਼ਤੇ ਲਈ ਪੂੜੇ ਬਣਾ ਸਕਦਾ ਏਂ। ਸੁਣ ਲੈ ਹੁਣ, ਭਲਕ ਤੱਕ ਤੂੰ ਇਹ ਸਭ ਕੁਝ ਕਰਨਾ ਹੋਵੇਗਾ।"
ਵਪਾਰੀ ਦੇ ਪੁਤਰ ਇਵਾਨ ਨੇ ਆਖਿਆ ਕਿ ਉਹਨੇ ਕੋਈ ਐਸੀ ਫੜ ਨਹੀਂ ਮਾਰੀ ਪਰ ਉਹਦੀ ਕਿਸੇ ਨਾ ਸੁਣੀ। ਹੁਕਮ ਦੇ ਦਿੱਤਾ ਗਿਆ ਸੀ ਤੇ ਹੁਕਮ ਦੀ ਪਾਲਣਾ ਹੋਣੀ ਲਾਜ਼ਮੀ ਸੀ। ਉਹ ਆਪਣਾ ਸੁਹਣਾ ਜਿਹਾ ਮੂੰਹ ਲਟਕਾਈ ਬਾਦਸ਼ਾਹ ਕੋਲੋਂ ਆ ਗਿਆ। ਬਾਦਸ਼ਾਹ ਦੀ ਧੀ. ਚਤਰ-ਸੁਜਾਨ ਵਸਿਲੀਸਾ, ਨੇ ਉਹਨੂੰ ਵੇਖਿਆ ਤੇ ਪੁਛਿਆ :
"ਤੂੰ ਉਦਾਸ ਕਿਉਂ ਏ?''