


ਸੁਣੱਖਾ ਸ਼ਿਕਰਾ
ਇਕ ਵਾਰ ਦੀ ਗੱਲ ਹੈ ਕਿ ਇਕ ਕਿਸਾਨ ਹੁੰਦਾ ਸੀ । ਉਹਦੀ ਵਹੁਟੀ ਮਰ ਗਈ ਤੇ ਆਪਣੇ ਪਿਛੇ ਤਿੰਨ ਧੀਆਂ ਛਡ ਗਈ। ਬੁਢੇ ਨੇ ਚਾਹਿਆ ਕਿ ਉਹ ਘਰ ਦੇ ਕੰਮ ਕਾਜ ਵਿਚ ਹੱਥ ਵਟਾਉਣ ਲਈ ਕੋਈ ਨੌਕਰਾਣੀ ਰਖ ਲਵੇ, ਪਰ ਉਹਦੀ ਸਭ ਤੋ ਛੋਟੀ ਧੀ ਮਾਰੀਉਸਕਾ ਨੇ ਆਖਿਆ:
"ਨੌਕਰਾਣੀ ਨਾ ਰੱਖ, ਬਾਪੂ, ਮੈਂ ਸਾਂਭ ਲਵਾਂਗੀ ਕਲੀ ਘਰ।"
ਤੇ ਇਸ ਤਰ੍ਹਾਂ ਉਹਦੀ ਧੀ ਮਾਰੀਉਸਕਾ ਨੇ ਆਪਣਾ ਘਰ ਸਾਂਭਣਾ ਸ਼ੁਰੂ ਕਰ ਦਿੱਤਾ. ਤੇ ਉਹਨੇ ਬੜੇ ਸੁਚੱਜ ਨਾਲ ਘਰ ਦਾ ਕੰਮ ਕਾਜ ਸੰਭਾਲ ਲਿਆ। ਕੋਈ ਐਸਾ ਕੰਮ ਨਹੀਂ ਸੀ ਜਿਹੜਾ ਉਹ ਨਹੀਂ ਸੀ ਕਰ ਸਕਦੀ, ਤੇ ਜਿਹੜਾ ਵੀ ਕੰਮ ਕਰਦੀ ਬੜੇ ਸੁਹਣੇ ਤਰੀਕੇ ਨਾਲ ਕਰਦੀ। ਉਹਦਾ ਪਿਓ ਮਾਰੀਉਸਕਾ ਨੂੰ ਬਹੁਤ ਪਿਆਰ ਕਰਦਾ ਸੀ ਤੇ ਉਹ ਬੜਾ ਖੁਸ਼ ਸੀ ਕਿ ਉਹਦੀ ਧੀ ਏਡੀ ਹੁਸ਼ਿਆਰ ਤੇ ਮਿਹਨਤ ਨਾਲ ਕੰਮ ਕਰਨ ਵਾਲੀ ਹੈ। ਤੇ ਉਹ ਕੋਡੀ ਸੁਹਣੀ ਤੇ ਮਨਮੋਹਣੀ ਸੀ !