

ਸੋ ਉਹਨੇ ਆਪਣੀ ਬੱਘੀ ਸ਼ਹਿਰ ਤੋਂ ਬਾਹਰ ਹਿਕ ਲਈ, ਤੇ ਕੀ ਹੋਇਆ ਕਿ ਰਾਹ ਵਿਚ ਉਹਨੂੰ ਇਕ ਬਜ਼ੁਰਗ ਮਿਲ ਪਿਆ।
"ਸਲਾਮ, ਬਾਬਾ!"
" ਸਲਾਮ ਭਈ. ਸੱਜਣਾ। ਕਿਧਰ ਤਿਆਰੀਆਂ ਨੇ ?"
" ਆਪਣੇ ਪਿੰਡ ਨੂੰ, ਬਾਬਾ, ਤੇ ਸਮਝ ਨਹੀਂ ਆਉਂਦੀ ਕੀ ਕਰਾਂ। ਮੇਰੀ ਛੋਟੀ ਧੀ ਨੇ ਸੁਣੱਖੇ ਸ਼ਿਕਰੇ ਦਾ ਖੰਭ ਖਰੀਦ ਕੇ ਲਿਆਉਣ ਨੂੰ ਆਖਿਆ ਸੀ, ਪਰ ਮੈਨੂੰ ਕਿਧਰੋ ਮਿਲਿਆ ਨਹੀਂ।"
"ਜਿਹੜੇ ਖੰਭ ਦੀ ਤੈਨੂੰ ਲੋੜ ਏ, ਉਹ ਮੇਰੇ ਕੋਲ ਏ। ਇਹ ਜਾਦੂ ਦਾ ਖੰਭ ਏ. ਪਰ ਮੈਂ ਵੇਖਨਾ ਕਿ ਤੂੰ ਨੇਕ ਬੰਦਾ ਏਂ, ਸੋ ਕੁਝ ਵੀ ਹੋਵੇ ਤੂੰ ਏਹ ਲੈ ਜਾ।"
ਬਜ਼ੁਰਗ ਨੇ ਖੰਭ ਕਢਿਆ ਤੇ ਕੁੜੀ ਦੇ ਪਿਓ ਨੂੰ ਫੜਾ ਦਿੱਤਾ। ਪਰ ਇਹ ਤਾਂ ਬਿਲਕੁਲ ਸਾਧਾਰਨ ਖੰਭ ਲਗਦਾ ਸੀ. ਸੋ ਕਿਸਾਨ ਘਰ ਨੂੰ ਤੁਰ ਪਿਆ ਤੇ ਉਸ ਸੋਚਿਆ : " ਮੇਰੀ ਮਾਰੀਉਸ਼ਕਾ ਦੇ ਇਹ ਕਿਸ ਕੰਮ ਆਉ ?"
ਥੋੜੇ ਚਿਰ ਪਿਛੇ ਬੁਢਾ ਘਰ ਆਇਆ ਤੇ ਆਪਣੀਆਂ ਧੀਆਂ ਨੂੰ ਸੁਗਾਤਾਂ ਦੇ ਦਿੱਤੀਆਂ। ਤੇ ਵੱਡੀਆਂ ਦੋਵਾਂ ਨੇ ਆਪਣੇ ਨਵੇਂ ਗਾਉਨ ਪਾ ਕੇ ਵੇਖੇ ਤੇ ਉਹ ਮਾਰੀਉਸਕਾ ਦਾ ਮਖੌਲ ਉਡਾਉਂਦੀਆਂ ਰਹੀਆਂ :
"ਬੁਧੂ ਦੀ ਬੁਧੂ ਹੀ ਰਹੀਓਂ ਤੂੰ! ਟੰਗੀ ਫਿਰ ਏਹਨੂੰ ਆਪਣੇ ਝਾਟੇ ਵਿਚ— ਏਹਦੇ ਨਾਲ ਤੂੰ ਸੁਹਣੀ ਨਹੀਂ ਬਣ ਚੱਲੀ !"
ਪਰ ਮਾਰੀਉਸਕਾ ਨੇ ਕੋਈ ਉਤਰ ਨਹੀਂ ਮੋੜਿਆ, ਉਹ ਬਸ ਉਹਨਾਂ ਤੋਂ ਦੂਰ ਹੀ ਰਹੀ। ਤੇ ਜਦੋਂ ਘਰ ਦੇ ਸਾਰੇ ਜੀਅ ਸੋ ਗਏ. ਤਾਂ ਉਹਨੇ ਖੰਭ ਨੂੰ ਫਰਸ਼ ਉਤੇ ਰਖਿਆ ਤੇ ਹੌਲੀ ਜਿਹੀ ਕਿਹਾ :
"ਆ ਮੇਰੇ ਕੋਲ, ਪਿਆਰੇ ਸੁਣੱਖੇ ਸ਼ਿਕਰੋ, ਮੇਰੇ ਦਿਲ ਦੇ ਰਾਜਾ, ਮੇਰੇ ਲਾੜੇ !"
ਤੇ ਇਕ ਗਭਰੂ ਉਹਦੇ ਸਾਮ੍ਹਣੇ ਆਣ ਖਲੋਤਾ। ਇਕ ਅਣੋਖਾ ਰੂਪ ਚੜਿਆ ਹੋਇਆ ਸੀ ਉਸ ਨੂੰ। ਤੜਕਸਾਰ ਉਸ ਨੇ ਫਰਸ਼ ਠਕੋਰਿਆ ਤੇ ਉਹ ਸ਼ਿਕਰਾ ਬਣ ਗਿਆ। ਤੇ ਮਾਰੀਊਸ਼ਕਾ ਨੇ ਬਾਰੀ ਖੋਹਲੀ ਤੇ ਸ਼ਿਕਰਾ ਉਡਾਰੀ ਮਾਰ ਕੇ ਨੀਲੇ ਅਸਮਾਨ ਨਾਲ ਗੱਲਾਂ ਕਰਨ ਲਗਾ।
ਏਦਾਂ ਹੀ ਤਿੰਨ ਰਾਤਾਂ ਉਹ ਮਾਰੀਉਸ਼ਕਾ ਕੋਲ ਆਉਂਦਾ ਰਿਹਾ। ਦਿਨ ਚੜ੍ਹਦੇ ਹੀ ਉਹ ਸਿਕਰਾ ਬਣਕੇ ਨੀਲੇ ਅਸਮਾਨ ਵਿਚ ਉਡ ਜਾਂਦਾ, ਰਾਤ ਵੇਲੇ ਉਹ ਮਾਰੀਉਸ਼ਕਾ ਕੋਲ ਮੁੜ ਆਉਂਦਾ ਤੇ ਇਕ ਸੁਹਣਾ ਸੁਣਖਾ ਗਭਰੂ ਬਣ ਜਾਂਦਾ।
ਪਰ ਚੌਥੇ ਦਿਨ ਕਪਟੀ ਭੈਣਾਂ ਨੇ ਉਹਨਾਂ ਨੂੰ ਵੇਖ ਲਿਆ ਤੇ ਜਾਕੇ ਆਪਣੇ ਪਿਓ ਨੂੰ ਦਸ ਦਿੱਤਾ।