

ਬੱਗੇ ਬਘਿਆੜ, ਭੂਰੇ ਰਿੱਛ ਤੇ ਲਾਲ ਲੂੰਬੜ-ਭੱਜੇ ਭੱਜੇ ਉਹਦੀ ਮਦਦ ਲਈ ਆਉਂਦੇ ਰਹੇ। ਅਖੀਰ ਲੋਹੇ ਦੀਆਂ ਜੁੱਤੀਆਂ ਦਾ ਇਕ ਜੋੜਾ ਹੰਢ ਗਿਆ, ਲੋਹੇ ਦਾ ਇਕ ਡੰਡਾ ਟੁਟ ਗਿਆ. ਤੇ ਲੋਹੇ ਦੀ ਇੱਕ ਟੋਪੀ ਪਾਟ ਗਈ।
ਤੇ ਮਾਰੀਉਸਕਾ ਜੰਗਲ ਅੰਦਰ ਇਕ ਖੁਲ੍ਹੇ ਮੈਦਾਨ ਵਿਚ ਆ ਗਈ ਤੇ ਉਹਨੇ ਕੁਕੜੀ ਦੇ ਪੈਰਾਂ ਉਤੇ ਗੋਲ ਚੱਕਰ ਵਿਚ ਘੁੰਮਦੀ ਇਕ ਨਿੱਕੀ ਜਿਹੀ ਝੁਗੀ ਵੇਖੀ।
"ਨੀਂ ਝੁਗੀਏ, ਨੀਂ ਨਿੱਕੀਏ ਝੁਗੀਏ," ਮਾਰੀਉਸਕਾ ਨੇ ਕਿਹਾ, " ਆਪਣੀ ਪਿਠ ਰੁੱਖਾਂ ਵਲ ਕਰ ਲੈ ਤੇ ਆਪਣਾ ਮੂੰਹ ਮੇਰੇ ਵੱਲ। ਮੈਨੂੰ ਅੰਦਰ ਆਕੇ ਰੋਟੀ ਖਾ ਲੈਣ ਦੇ।"
ਝੁੱਗੀ ਨੇ ਆਪਣੀ ਪਿਠ ਰੁਖਾਂ ਵੱਲ ਕਰ ਲਈ ਤੇ ਆਪਣਾ ਮੂੰਹ ਮਾਰੀਉਸਕਾ ਵੱਲ ਤੇ ਉਹ ਅੰਦਰ ਚਲੀ ਗਈ। ਤੇ ਉਥੇ ਉਹਨੂੰ ਬਾਬਾ-ਯਾਗਾ ਵਿਖਾਈ ਦਿੱਤੀ । ਜਾਦੂਗਰਨੀ ਜਿਸ ਦੇ ਹੱਥ ਵਿਚ ਮਾਂਜਾ ਤੇ ਛੜੀ, ਖੁੰਢ ਵਰਗੇ ਨੱਕ ਵਾਲੀ ਡੈਣ, ਹੱਡਲ ਬੁਢੜੀ।
ਬਾਬਾ-ਯਾਗਾ ਨੇ ਮਾਰੀਉਸਕਾ ਨੂੰ ਵੇਖ ਲਿਆ ਤੇ ਉਹ ਘੁਰਕੀ :
"ਵਾਹ ਵਾਹ, ਰੂਸੀ ਲਹੂ ਪਹਿਲਾਂ ਮੈਨੂੰ ਕਦੇ ਨਾ ਜੁੜਿਆ, ਹੁਣ ਮੇਰੇ ਦਰ ਤੇ ਆ ਖੜਿਆ। ਕੌਣ ਏ ? ਕਿਥੋਂ ਏ ? ਕਿੱਧਰ ਨੂੰ ?"
"ਬੇਬੇ ਮੈਂ ਆਂ, ਸੁਣੱਖੇ ਸ਼ਿਕਰੇ ਨੂੰ ਲਭਦੀ ਫਿਰਦੀ।"
"ਉਹ ਤਾਂ ਬਹੁਤ ਦੂਰ ਏ ਸੁਹਣੀਏ ਮੁਟਿਆਰੇ। ਉਹਨੂੰ ਲਭਣ ਵਾਸਤੇ ਤੈਨੂੰ ਸੱਤ ਸਮੁੰਦਰ ਪਾਰ ਸਤਵੀਂ ਸ਼ਾਹੀ ਵਿਚ ਜਾਣਾ ਪੈਣੈ। ਓਥੇ ਇਕ ਜਾਦੂਗਰਨੀ ਮਲਕਾ ਨੇ ਉਹਨੂੰ ਕੁਝ ਮੰਤਰਿਆ ਪਿਆ ਕੇ ਮੋਹ ਲਿਆ ਏ ਤੇ ਉਹਦੇ ਨਾਲ ਵਿਆਹ ਕਰਾ ਲਿਐ। ਪਰ ਮੈਂ ਤੇਰੀ ਮਦਦ ਕਰੂੰ। ਆਹ ਲੈ ਫੜ ਚਾਂਦੀ ਦੀ ਪਲੇਟ ਤੇ ਸੋਨੇ ਦਾ ਆਂਡਾ। ਜਦੋ ਸਤਵੀਂ ਸ਼ਾਹੀ ਵਿਚ ਪਹੁੰਚ ਜਾਵੇ ਤਾਂ ਮਲਕਾ ਦੀ ਨੌਕਰਾਣੀ ਬਣ ਜਾਵੀਂ। ਦਿਹਾੜੀ ਕੰਮ ਕਾਰ ਤੋਂ ਵਿਹਲੀ ਹੋਕੇ, ਚਾਂਦੀ ਦੀ ਪਲੇਟ ਕੱਢੀ ਤੇ ਸੋਨੇ ਦਾ ਆਂਡਾ ਏਹਦੇ ਉੱਤੇ ਰਖ ਦੇਵੀਂ। ਇਹ ਆਪਣੇ ਆਪ ਘੁੰਮਣਾ ਸ਼ੁਰੂ ਕਰ ਦੇਉ। ਜੇ ਏਹਨੂੰ ਕੋਈ ਖਰੀਦਣਾ ਚਾਹੇ ਤਾਂ ਵੇਚੀ ਨਾ ਆਖੀਂ ਕਿ ਉਹ ਤੈਨੂੰ ਸੁਣੱਖਾ ਸ਼ਿਕਰਾ ਵੇਖ ਲੈਣ ਦੇਵੇ ।"
ਮਾਰੀਉਸ਼ਕਾ ਨੇ ਬਾਬਾ-ਯਾਗਾ ਦਾ ਧੰਨਵਾਦ ਕੀਤਾ ਤੇ ਅਗਾਂਹ ਤੁਰ ਪਈ। ਜੰਗਲ ਹੋਰ ਵੀ ਹਨੇਰਾ ਹੋ ਗਿਆ। ਉਹ ਏਨੀ ਡਰ ਗਈ ਕਿ ਅੱਗੇ ਹਿਲਣ ਦੀ ਹਿੰਮਤ ਨਾ ਪਵੇ, ਤਾਹੀਓਂ ਅਚਾਨਕ ਇਕ ਬਿੱਲੀ ਆ ਨਿਕਲੀ। ਉਹ ਛਾਲ ਮਾਰਕੇ ਮਾਰੀਉਸ਼ਕਾ ਕੋਲ ਆਈ ਤੇ ਘਰ ਘਰ ਕਰਕੇ ਬੋਲੀ :
"ਡਰ ਨਾ, ਮਾਰੀਉਸਕਾ, ਅੱਜੇ ਅੱਗੇ ਤਾਂ ਹੋਰ ਵੀ ਔਕੜਾਂ ਨੇ, ਪਰ ਤੁਰਦੀ ਜਾ. ਤੁਰਦੀ ਜਾ ਤੇ ਪਿਛੇ ਭੇ ਕੇ ਨਾ ਵੇਖ।"