

"ਮੇਰੇ ਸੁਹਣੇ, ਮੇਰੇ ਪਿਆਰੇ, ਤੂੰ ਮੈਨੂੰ ਵਿਚਾਰੀ ਨੂੰ ਅਥਰੂ ਕੇਰਦੀ ਰਹਿਣ ਲਈ ਕਿਉਂ ਛਡ ਆਇਆ ?"
ਤੇ ਮਲਕਾ ਨੇ ਉਹਦੀ ਗੱਲ ਸੁਣ ਲਈ ਤੇ ਆਖਣ ਲਗੀ :
"ਮਾਰੀਉਸ਼ਕਾ, ਆਪਣੀ ਚਾਂਦੀ ਦੀ ਪਲੇਟ ਤੇ ਸੋਨੇ ਦਾ ਆਂਡਾ ਮੇਰੇ ਕੋਲ ਵੇਚ ਦੇ।"
"ਨਹੀਂ। " ਮਾਰੀਉਸਕਾ ਨੇ ਉਤਰ ਵਿਚ ਕਿਹਾ, " ਏਹ ਵੇਚਣ ਵਾਸਤੇ ਨਹੀਂ, ਪਰ ਤੁਸੀਂ ਏਹ ਮੁਫਤ ਲੈ ਸਕਦੇ ਓ ਜੇ ਤੁਸੀਂ ਮੈਨੂੰ ਸੁਣੱਖਾ ਸ਼ਿਕਰਾ ਵੇਖ ਲੈਣ ਦਿਓ।"
ਮਲਕਾ ਨੇ ਇਕ ਪਲ ਸੋਚਿਆ ਤੇ ਫੇਰ ਕਹਿਣ ਲਗੀ
"ਠੀਕ ਏ, ਏਦਾਂ ਹੀ ਸਹੀ। ਰਾਤ ਨੂੰ, ਜਦੋਂ ਉਹ ਸੁੱਤਾ ਹੁੰਦਾ ਏ, ਮੈਂ ਤੈਨੂੰ ਵੇਖ ਲੈਣ ਦਿਆਂਗੀ।"
ਸੋ ਜਦੋ ਰਾਤ ਹੋਈ, ਮਾਰੀਉਸ਼ਕਾ ਉਹਦੇ ਸੌਣ ਵਾਲੇ ਕਮਰੇ ਵਿਚ ਗਈ ਤੇ ਸੁਣੱਖੇ ਸਿਕਰੇ ਨੂੰ ਵੇਖਿਆ। ਉਹਦਾ ਪਿਆਰਾ ਗੂੜੀ ਨੀਂਦ ਸੁੱਤਾ ਪਿਆ ਸੀ ਤੇ ਜਗਾਇਆ ਨਹੀਂ ਸੀ ਜਾ ਸਕਦਾ। ਉਹ ਵੇਖਦੀ ਰਹੀ ਤੇ ਉਹਨੂੰ ਵੇਖ ਵੇਖ ਉਹਦੀ ਭੁਖ ਨਹੀਂ ਸੀ ਲਹਿੰਦੀ। ਤੇ ਉਹਨੇ ਉਹਦਾ ਮਿੱਠਾ ਮੂੰਹ ਚੁੰਮਿਆ, ਉਹਨੂੰ ਆਪਣੀ ਗੋਰੀ ਹਿਕ ਨਾਲ ਲਾਕੇ ਘੁਟਿਆ, ਪਰ ਉਹਦਾ ਮਹਿਬੂਬ ਸੁੱਤਾ ਹੋਇਆ ਸੀ ਤੇ ਉਹ ਨਾ ਜਾਗਿਆ। ਪ੍ਰਭਾਤ ਹੋ ਗਈ, ਪਰ ਅਜੇ ਵੀ ਮਾਰੀਉਸ਼ਕਾ ਆਪਣੇ ਪ੍ਰੇਮੀ ਨੂੰ ਜਗਾ ਨਹੀਂ ਸੀ ਸਕੀ।...
ਓਸ ਸਾਰੀ ਦਿਹਾੜੀ ਉਹ ਕੰਮ ਕਰਦੀ ਰਹੀ ਤੇ ਤ੍ਰਿਕਾਲਾਂ ਨੂੰ ਉਹਨੇ ਆਪਣਾ ਚਾਂਦੀ ਦਾ ਫਰੋਮ ਤੇ ਸੋਨੇ ਦੀ ਸੂਈ ਕੱਢੀ। ਤੇ ਜਿਵੇਂ ਜਿਵੇਂ ਉਹ ਤੋਪੇ ਭਰਦੀ ਗਈ, ਮਾਰੀਉਸ਼ਕਾ ਕਹਿੰਦੀ ਰਹੀ :
'ਨਿਕਿਆ ਤੈਲੀਆ ਕਢਿਆ ਜਾ, ਨਿਕਿਆ ਤੌਲੀਆ ਕਢਿਆ ਜਾ, ਮੇਰਾ ਸੁਨੱਖਾ ਸ਼ਿਕਰਾ ਆਪਣਾ ਮੂੰਹ ਪੂੰਝੇਗਾ।
ਮਲਕਾ ਨੇ ਸੁਣ ਲਿਆ ਤੇ ਆਖਿਆ
"ਮਾਰੀਉਸਕਾ, ਆਪਣਾ ਚਾਂਦੀ ਦਾ ਫਰੋਮ ਤੇ ਸੋਨੇ ਦੀ ਸੂਈ ਮੇਰੇ ਕੋਲ ਵੇਚ ਦੇ।"
"ਵੇਚਣਾ ਤਾਂ ਮੈਂ ਨਹੀਂ, " ਮਾਰੀਉਸਕਾ ਨੇ ਜਵਾਬ ਦਿੱਤਾ। 'ਪਰ ਤੁਸੀ ਮੁਫਤ ਵਿਚ ਲੈ ਸਕਦੇ ਓ ਜੇ ਮੈਨੂੰ ਸੁਣੱਖਾ ਸ਼ਿਕਰਾ ਵੇਖ ਲੈਣ ਦਿਓ।"
ਮਲਕਾ ਨੇ ਬੜਾ ਸੋਚਿਆ, ਪਰ ਅਖੀਰ ਉਸ ਨੇ ਕਿਹਾ:
ਠੀਕ ਏ, ਏਦਾਂ ਹੀ ਸਹੀ। ਆ ਕੇ ਵੇਖ ਲਈ ਉਹਨੂੰ ਰਾਤ ਨੂੰ।"
ਰਾਤ ਪਈ ਤੇ ਮਾਰੀਉਸਕਾ ਉਹਦੇ ਸੌਣ ਵਾਲੇ ਕਮਰੇ ਵਿਚ ਗਈ ਤੇ ਉਸ ਨੇ ਆਪਣੇ ਸੁਣੱਖੇ ਸ਼ਿਕਰੇ ਨੂੰ ਗੂੜੀ ਨੀਂਦੇ ਸੁਤਿਆਂ ਵੇਖਿਆ।