

ਬੁੱਢਾ ਪੂਰਾ ਹੋ ਗਿਆ ਤੇ ਉਹਨੂੰ ਦੱਬ ਦਿਤਾ ਗਿਆ, ਤੇ ਉਸ ਰਾਤੀ ਸਭ ਤੋਂ ਵਡੇ ਭਰਾ ਦੀ ਉਹਦੀ ਕਬਰ ਉਤੇ ਜਾਣ ਦੀ ਘੜੀ ਆ ਗਈ। ਪਰ ਉਹਨੂੰ ਬਹੁਤ ਹੀ ਸੁਸਤੀ ਚੜ੍ਹੀ ਹੋਈ ਸੀ ਜਾਂ ਸ਼ਾਇਦ ਉਹਨੂੰ ਏਨਾ ਡਰ ਲਗਦਾ ਸੀ ਕਿ ਉਹਦਾ ਜਾਣ ਨੂੰ ਜੀਅ ਨਹੀਂ ਸੀ ਕਰਦਾ. ਤੇ ਉਹ ਮੂਰਖ ਇਵਾਨ ਨੂੰ ਕਹਿਣ ਲਗਾ:
'ਇਵਾਨ ਜੇ ਅਜ ਰਾਤੀਂ ਬਾਪੂ ਦੀ ਕਬਰ ਤੇ ਮੇਰੀ ਥਾਂ ਤੂੰ ਚਲਾ ਜਾਏ, ਤਾਂ ਮੈਂ ਤੈਨੂੰ ਸ਼ਹਿਦ ਵਾਲਾ ਕੇਕ ਲੈ ਦਿਆਂਗਾ।"
ਇਵਾਨ ਫਟਾਫਟ ਮੰਨ ਗਿਆ, ਉਹਨੇ ਕੁਝ ਰੋਟੀ ਫੜੀ ਤੇ ਆਪਣੇ ਬਾਪੂ ਦੀ ਕਬਰ 'ਤੇ ਜਾ ਪਹੁੰਚਿਆ। ਉਹ ਕਬਰ ਕੋਲ ਬਹਿ ਗਿਆ ਤੇ ਉਡੀਕਣ ਲਗਾ ਕਿ ਦੇਖੀਏ ਕੀ ਵਾਪਰਦਾ ਏ। ਜਦੋਂ ਅੱਧੀ ਰਾਤ ਹੋਈ, ਧਰਤੀ ਦੋਫਾੜ ਹੋ ਗਈ ਤੇ ਬੁੱਢਾ ਬਾਪੂ ਕਬਰ ਵਿਚੋਂ ਉਠ ਖਲੋਤਾ ਤੇ ਕਹਿਣ ਲਗਾ:
"ਕੌਣ ਏ ? ਤੂੰ ਏ, ਮੇਰੇ ਪਲੇਠੀ ਦਿਆ ਪੁਤਰਾ ? ਦੱਸ ਰੂਸ ਦਾ ਕੀ ਹਾਲ ਏ ਕੁੱਤੇ ਭੇਕ ਰਹੇ ਨੇ, ਬਘਿਆੜ ਚਾਂਗਰਾਂ ਮਾਰ ਰਹੇ ਨੇ ਜਾਂ ਮੇਰਾ ਬੱਚਾ ਰੋ ਰਿਹੈ ? "
ਤੇ ਇਵਾਨ ਨੇ ਜਵਾਬ ਦਿਤਾ :
"ਮੈਂ ਵਾਂ, ਤੁਹਾਡਾ ਪੁੱਤਰ, ਬਾਪੂ ਜੀ। ਰੂਸ 'ਚ ਅਮਨ-ਅਮਾਨ ਏ।"
ਤਾਂ ਬਾਪੂ ਨੇ ਇਵਾਨ ਦੀ ਲਿਆਂਦੀ ਰੋਟੀ ਢਿਡ ਭਰ ਕੇ ਖਾਧੀ ਤੇ ਫੇਰ ਆਪਣੀ ਕਬਰ ਵਿਚ ਲੇਟ ਗਿਆ। ਤੇ ਇਵਾਨ ਰਾਹ ਵਿਚ ਖੁੰਬਾਂ ਇਕੱਠੀਆਂ ਕਰਨ ਲਈ ਅਟਕਦਾ ਅਟਕਾਂਦਾ, ਘਰ ਨੂੰ ਹੋ ਪਿਆ।
ਜਦੋਂ ਉਹ ਘਰ ਪਹੁੰਚਿਆ। ਉਹਦੇ ਸਭ ਤੋਂ ਵਡੇ ਭਰਾ ਨੇ ਪੁਛਿਆ :
"ਬਾਪੂ ਮਿਲਿਆ ਸਾਈ ?"
"ਹਾਂ। ਮਿਲੇ ਸਨ।" ਇਵਾਨ ਨੇ ਜਵਾਬ ਦਿਤਾ।
ਜਿਹੜੀ ਰੋਟੀ ਲੈ ਗਿਆ ਸੈ, ਖਾਧੀ ਸੀ ਉਹਨੇ ?
"ਹਾਂ, ਢਿਡ ਭਰ ਕੇ ਖਾਧੀ ਸਾ ਨੇ।"
ਇਕ ਦਿਨ ਹੋਰ ਲੰਘ ਗਿਆ, ਤੇ ਹੁਣ ਕਬਰ ਤੇ ਜਾਣ ਦੀ ਦੂਜੇ ਭਰਾ ਦੀ ਵਾਰੀ ਸੀ। ਪਰ ਉਹਨੂੰ ਬਹੁਤ ਹੀ ਸੁਸਤੀ ਚੜ੍ਹੀ ਹੋਈ ਸੀ ਜਾਂ ਸ਼ਾਇਦ ਉਹਨੂੰ ਏਨਾ ਡਰ ਲਗਦਾ ਸੀ ਕਿ ਉਹਦਾ ਜਾਣ ਨੂੰ ਜੀਅ ਨਹੀਂ ਸੀ ਕਰਦਾ ਤੇ ਉਹ ਇਵਾਨ ਨੂੰ ਕਹਿਣ ਲਗਾ:
'ਇਵਾਨ, ਜੇ ਤੂੰ ਕਦੀ ਮੇਰੀ ਥਾਂ ਚਲਾ ਜਾਏ, ਤਾਂ ਮੈਂ ਤੈਨੂੰ ਦਰਖਤ ਦੀ ਛਿਲ ਦੇ ਬੂਟ ਬਣਾ ਦਿਆਂਗਾ।"
"ਠੀਕ ਏ, " ਇਵਾਨ ਨੇ ਕਿਹਾ, "ਮੇ ਚਲਾ ਜਾਵਾਂਗਾ।"