

ਸਭ ਤੋਂ ਵੱਡੇ ਪੁਤਰ ਨੇ ਕਿਹਾ "
ਅੱਜ ਪਹਿਰਾ ਦੇਣ ਦੀ ਮੇਰੀ ਵਾਰੀ ਹੈ।"
ਅਤੇ ਉਹ ਬਾਗ਼ ਵਿੱਚ ਚਲਾ ਗਿਆ। ਉਹ ਢੇਰ ਚਿਰ ਤੱਕ ਏਧਰ ਓਧਰ ਫਿਰਦਾ ਤੁਰਦਾ ਰਿਹਾ ਪਰ ਕੋਈ ਉਹਦੀ ਨਜ਼ਰ ਨਾ ਪਿਆ। ਇਸ ਲਈ ਉਹ ਕੁਲੀ ਕੁਲੀ ਘਾਹ ਉਤੇ ਢਹਿ ਪਿਆ ਤੇ ਸੋ ਗਿਆ।
ਸਵੇਰ ਵੇਲੇ ਜਾਰ ਨੇ ਉਸ ਨੂੰ ਪੁਛਿਆ :
"ਸੁਣਾ ਭਈ, ਮੇਰੇ ਲਈ ਕੋਈ ਖੁਸ਼ਖਬਰੀ ਲਿਆਇਆ ਏ ? ਪਤਾ ਲਾ ਲਿਆ ਈ ਕਿ ਚੋਰ ਕੌਣ ਹੈ ?"
"ਨਹੀਂ, ਪਿਆਰੇ ਪਿਤਾ ਜੀ, ਮੈਂ ਸਹੁੰ ਖਾਣ ਨੂੰ ਤਿਆਰ ਆਂ ਕਿ ਉਥੇ ਕੋਈ ਚੋਰ ਨਹੀਂ। ਸਾਰੀ ਰਾਤ ਮੈ ਅੱਖ ਬੰਦ ਨਹੀਂ ਕੀਤੀ, ਪਰ ਮੈਂ ਕੋਈ ਨਹੀਂ ਦੇਖਿਆ।"
ਅਗਲੀ ਰਾਤ ਵਿਚਕਾਰਲਾ ਮੁੰਡਾ ਪਹਿਰਾ ਦੇਣ ਗਿਆ ਅਤੇ ਉਹ ਵੀ ਮੈਂ ਗਿਆ। ਸਵੇਰੇ ਆਕੇ ਉਹਨੇ ਵੀ ਆਖ ਦਿੱਤਾ ਕਿ ਉਸ ਨੂੰ ਤਾਂ ਉਥੇ ਕੋਈ ਦਿਖਾਈ ਨਹੀਂ ਦਿੱਤਾ।
ਹੁਣ ਸਭ ਤੋਂ ਛੋਟੇ ਮੁੰਡੇ ਦੀ ਪਹਿਰਾ ਦੇਣ ਦੀ ਵਾਰੀ ਆਈ। ਰਾਜਕੁਮਾਰ ਇਵਾਨ ਆਪਣੇ ਪਿਓ ਦੇ ਬਾਗ ਵਿੱਚ ਪਹਿਰਾ ਦੇਣ ਗਿਆ, ਅਤੇ ਲੰਮੇ ਪੈਣ ਦੀ ਤਾਂ ਗੱਲ ਹੀ ਛੱਡੋ ਉਹਦਾ ਏਨਾ ਹੋਸਲਾ ਨਾ ਪਿਆ ਕਿ ਬਹਿ ਹੀ ਜਾਏ। ਜਦੇ ਉਹਨੂੰ ਨੀਂਦ ਆਉਂਦੀ ਲਗਦੀ ਉਹ ਤ੍ਰੇਲ ਨਾਲ ਆਪਣਾ ਮੂੰਹ ਧੋ ਲੈਂਦਾ ਅਤੇ ਫੇਰ ਸਾਵਧਾਨ ਹੋ ਜਾਂਦਾ ।
ਅੱਧੀ ਰਾਤ ਬੀਤ ਗਈ ਸੀ, ਅਤੇ ਅਚਾਨਕ ਉਹ ਕੀ ਵੇਖਦਾ ਹੈ ਕਿ ਬਾਗ ਵਿੱਚ ਝਮ ਝਮ ਕਰਦਾ ਚਾਨਣ ਹੋਇਆ। ਚਾਨਣ ਹੋਰ ਤਿੱਖਾ ਹੋਰ ਤਿੱਖਾ ਹੁੰਦਾ ਗਿਆ ਅਤੇ ਇਸ ਨਾਲ ਆਲੇ ਦੁਆਲੇ ਦੀ ਹਰ ਚੀਜ਼ ਚਮਕ ਪਈ। ਰਾਜਕੁਮਾਰ ਇਵਾਨ ਨੇ ਗਹੁ ਨਾਲ ਵੇਖਿਆ ਤੇ ਉਸ ਦੀ ਨਜ਼ਰ ਪਿਆ ਕਿ ਸੇਬ ਦੇ ਰੁਖ ਉਤੇ ਅਗਨ-ਪੰਛੀ ਸੁਨਹਿਰੀ ਸੇਬ ਠੱਗ ਰਿਹਾ ਸੀ।
ਰਾਜਕੁਮਾਰ ਇਵਾਨ ਰੰਗ ਰੰਗ ਕੇ ਰੁਖ ਤੇ ਚੜ੍ਹ ਗਿਆ ਤੇ ਪੰਛੀ ਨੂੰ ਪੂਛੋ ਜਾ ਫੜਿਆ, ਪਰ ਅਗਨ-ਪੰਛੀ ਉਸ ਦੀ ਪਕੜ ਵਿਚੋਂ ਨਿਕਲ ਗਿਆ ਤੇ ਉਡਾਰੀ ਮਾਰ ਗਿਆ। ਉਸ ਦੀ ਪੂਛ ਦਾ ਇਕ ਖੰਭ ਇਵਾਨ ਦੇ ਹੱਥ ਵਿੱਚ ਰਹਿ ਗਿਆ।
ਦਿਨ ਚੜ੍ਹਿਆ ਤਾਂ ਰਾਜਕੁਮਾਰ ਇਵਾਨ ਆਪਣੇ ਪਿਤਾ ਕੋਲ ਗਿਆ।
"ਕਿਉਂ, ਮੇਰੇ ਪੁਤਰ, ਚੋਰ ਫੜ ਲਿਆ ਈ?" ਜਾਰ ਨੇ ਪੁਛਿਆ।
"ਨਹੀਂ, ਪਿਤਾ ਜੀ," ਇਵਾਨ ਨੇ ਆਖਿਆ " ਮੈਂ ਉਸ ਨੂੰ ਫੜ ਤਾਂ ਨਹੀਂ ਸਕਿਆ, ਪਰ ਮੈਂ ਇਹ ਪਤਾ ਲਾ ਲਿਆ ਏ ਕਿ ਉਹ ਹੈ ਕੌਣ ਦੇਖੋ ਨਾ, ਆਹ ਖੰਭ, ਉਹਨੇ ਤੁਹਾਨੂੰ ਆਪਣੀ ਨਿਸ਼ਾਨੀ ਭੇਜੀ ਏ। ਅਗਨ-ਪੰਛੀ ਚੋਰ ਹੈ।"