

ਜਾਰ ਨੇ ਉਹ ਖੰਭ ਫੜ ਲਿਆ ਅਤੇ ਉਸ ਘੜੀ ਤੋਂ ਹੀ ਉਹ ਫੇਰ ਖਿੜ ਪੁੜ ਗਿਆ ਤੇ ਖਾਣ ਪੀਣ ਲਗ ਪਿਆ। ਪਰ ਇਕ ਦਿਨ ਸਹਿਵਨ ਹੀ ਉਹ ਅਗਨ-ਪੰਛੀ ਬਾਰੇ ਸੋਚਣ ਲਗ ਪਿਆ ਅਤੇ ਆਪਣੇ ਪੁਤਰਾਂ ਨੂੰ ਸੱਦ ਕੇ ਆਪਣੇ ਕੋਲ ਬਿਠਾ ਲਿਆ ਤੇ ਆਖਣ ਲਗਾ :
"ਮੇਰੇ ਪਿਆਰੇ ਬਚਿਓ, ਮੇਰੀ ਇੱਛਾ ਹੈ ਕਿ ਆਪਣੇ ਬਹਾਦਰ ਘੋੜਿਆਂ ਤੇ ਕਾਠੀਆਂ ਪਾ ਲਓ ਤੇ ਵਿਸ਼ਾਲ ਸੰਸਾਰ ਨੂੰ ਦੇਖਣ ਨਿਕਲ ਪਓ. ਜੇ ਤੁਸੀਂ ਧਰਤੀ ਦੀਆਂ ਚਾਰੇ ਕੂਟਾਂ ਫੋਲ ਮਾਰੋ ਤਾਂ ਸਾਇਦ ਤੁਹਾਨੂੰ ਇਹ ਅਗਨ-ਪੰਛੀ ਮਿਲ ਜਾਏ।"
ਪੁਤਰਾਂ ਨੇ ਆਪਣੇ ਪਿਤਾ ਦਾ ਹੁਕਮ ਸਿਰ ਮੱਥੇ ਮੰਨਿਆ, ਆਪਣੇ ਬਹਾਦਰ ਘੋੜਿਆਂ ਤੇ ਕਾਠੀਆਂ ਪਾਈਆਂ ਅਤੇ ਨਿਕਲ ਤੁਰੇ। ਸਭ ਤੋਂ ਵੱਡਾ ਪੁਤਰ ਇਕ ਸੜਕੇ ਪੈ ਗਿਆ। ਵਿਚਕਾਰਲਾ ਪੁਤਰ ਦੂਜੇ ਰਾਹ, ਅਤੇ ਰਾਜਕੁਮਾਰ ਇਵਾਨ ਤੀਜੇ ਪਾਸੇ ਨਿਕਲ ਗਿਆ।
ਖਵਰੇ ਰਾਜਕੁਮਾਰ ਇਵਾਨ ਨੇ ਲੰਮਾ ਪੈਂਡਾ ਕਰ ਲਿਆ ਸੀ ਜਾਂ ਨਹੀਂ। ਕੋਈ ਨਹੀਂ ਦਸ ਸਕਦਾ: ਪਰ ਇਕ ਦਿਨ ਗਰਮੀ ਦਾ ਮੌਸਮ ਤੇ ਬਹੁਤ ਗਰਮੀ ਹੋਣ ਕਰਕੇ, ਉਹ ਏਨਾ ਥੱਕ ਗਿਆ ਸੀ ਕਿ ਉਹ ਆਪਣੇ ਘੋੜੇ ਤੋਂ ਉਤਰਿਆ ਘੋੜੇ ਨੂੰ ਜ਼ੰਜੀਰ ਪਾਈ ਤਾਂ ਜੋ ਉਹ ਦੂਰ ਨਾ ਜਾ ਸਕੇ। ਤੇ ਆਰਾਮ ਕਰਨ ਵਾਸਤੇ ਲੰਮਾ ਪੈ ਗਿਆ।
ਖਵਰੇ ਉਹ ਢੇਰ ਚਿਰ ਤੱਕ ਸੁੱਤਾ ਰਿਹਾ ਜਾਂ ਥੋੜ੍ਹਾ ਚਿਰ ਹੀ, ਕਿਸੇ ਨੂੰ ਪਤਾ ਨਹੀਂ, ਪਰ ਜਦੇ ਉਹ ਜਾਗਿਆ ਤਾਂ ਉਸਨੇ ਵੇਖਿਆ ਕਿ ਉਹਦਾ ਘੋੜਾ ਗਾਇਬ ਸੀ। ਉਹ ਘੋੜੇ ਨੂੰ ਲਭਣ ਤੁਰ ਪਿਆ। ਉਹ ਤੁਰਦਾ ਗਿਆ, ਤੁਰਦਾ ਗਿਆ, ਅਤੇ ਅਖੀਰ ਉਸ ਨੂੰ ਘੋੜੇ ਦੀ ਲਾਸ਼ ਮਿਲੀ । ਚੂੰਢ ਚੂੰਢ ਕੇ ਸਾਫ ਕੀਤੀਆਂ ਹੱਡੀਆਂ ਤੇ ਹੋਰ ਕੁਝ ਵੀ ਨਹੀਂ।
ਰਾਜਕੁਮਾਰ ਇਵਾਨ ਦਾ ਦਿਲ ਬਹੁਤ ਦੁਖੀ ਹੋਇਆ। ਘੋੜੇ ਬਗੈਰ ਉਹ ਆਪਣੇ ਸਫਰ ਤੋਂ ਅਗਾਂਹ ਕਿਵੇਂ ਜਾ ਸਕਦਾ ਸੀ ?
ਖੈਰ , " ਉਸ ਨੇ ਸੋਚਿਆ " ਕੁਝ ਨਹੀਂ ਕੀਤਾ ਜਾ ਸਕਦਾ, ਜੋ ਵੀ ਸੰਭਵ ਹੈ ਮੈਨੂੰ ਕਰਨਾ ਚਾਹੀਦਾ ਹੈ।"
ਅਤੇ ਉਹ ਪੈਦਲ ਤੁਰ ਪਿਆ। ਉਹ ਤੁਰਦਾ ਗਿਆ, ਤੁਰਦਾ ਗਿਆ ਤੇ ਅਖੀਰ ਉਹ ਏਨਾ ਥੱਕ ਗਿਆ ਕਿ ਉਹ ਡਿੱਗ ਹੀ ਪੈਣ ਲਗਾ ਸੀ। ਉਹ ਕੁਲੀ ਕੁਲੀ ਘਾਹ ਤੇ ਬਹਿ ਗਿਆ, ਅਤੇ ਉਹ ਬੜਾ ਉਦਾਸ ਤੇ ਔਕੜ ਵਿੱਚ ਫੱਸਿਆ ਹੋਇਆ ਸੀ। ਤੇ ਲਓ ਏਨੇ ਨੂੰ ਅਚਾਨਕ ਹੀ ਕੀ ਦੇਖਦਾ ਹੈ ਕਿ ਬੱਗਾ ਬਘਿਆੜ ਉਹਦੇ ਵੱਲ ਭੱਜਾ ਆ ਰਿਹਾ ਹੈ।
"ਤੂੰ ਏਥੇ ਏਨਾ ਉਦਾਸ ਤੇ ਨਿਮੋਝੂਣਾ ਕਿਉਂ ਬੈਠਾ ਏ, ਰਾਜਕੁਮਾਰ ਇਵਾਨ ?" ਬੱਗੇ ਬਘਿਆੜ ਨੇ ਪੁਛਿਆ।
ਉਦਾਸ ਨਾ ਹੋਵਾਂ ਤਾਂ ਹੋਰ ਕੀ, ਬੱਗੇ ਬਘਿਆੜਾ : ਮੇਰਾ ਬਹਾਦਰ ਘੋੜਾ ਜਾਂਦਾ ਰਿਹੈ।