Back ArrowLogo
Info
Profile

"ਮੱਛੀਓ ਤੇ ਸਮੁੰਦਰ ਵਿਚ ਤਰਨ ਰੰਗਣ ਵਾਲੇ ਜਾਨਵਰੇ, ਤੁਸੀ ਹਰ ਥਾਂ ਤਰਦੇ ਫਿਰਦੇ ਓ ਤੇ ਸਾਰੇ ਟਾਪੂਆਂ ਦੇ ਵਾਕਿਫ ਓ ਭਲਾ ਤੁਸੀਂ ਦਸ ਸਕਦੇ ਓ ਕਿ 'ਮੈਨੂੰ ਨਹੀਂ ਪਤਾ ਕਿਥੇ' ਕਿਵੇਂ ਪਹੁੰਚਿਆ ਜਾਏ ਤੇ 'ਮੈਨੂੰ ਨਹੀਂ ਪਤਾ ਕੀ' ਲਿਆਂਦਾ ਜਾਏ ? "

"ਨਹੀਂ, ਰਾਜਕੁਮਾਰੀ ਮਾਰੀਆ, ਅਸੀ ਕਦੇ ਏਸ ਥਾਂ ਦਾ ਨਾਂ ਨਹੀਂ ਸੁਣਿਆ।"

ਰਾਜਕੁਮਾਰੀ ਮਾਰੀਆ ਉਦਾਸ ਹੋ ਗਈ ਤੇ ਉਸ ਨੇ ਦਿਓਆਂ ਨੂੰ ਆਖਿਆ ਕਿ ਉਹਨੂੰ ਘਰ ਲੈ ਚਲਣ। ਉਹਨਾਂ ਉਸ ਨੂੰ ਚੁਕਿਆ, ਆਂਦਰੇਈ ਦੇ ਮਕਾਨ ਤੇ ਲਿਆਂਦਾ ਤੇ ਬਰੂਹਾਂ ਦੀਆਂ ਪੌੜੀਆਂ ਤੇ ਲਾਹ ਦਿੱਤਾ।

ਅਗਲੇ ਦਿਨ ਸਵੇਰੇ ਰਾਜਕੁਮਾਰੀ ਮਾਰੀਆ ਆਂਦਰੇਈ ਨੂੰ ਸਫਰ ਤੇ ਵਿਦਾ ਕਰਨ ਲਈ ਵੇਲੇ ਸਿਰ ਉਠ ਪਈ। ਉਸ ਨੇ ਉਹਨੂੰ ਇਕ ਸੂਤ ਦਾ ਗੋਲਾ ਤੇ ਕਢਾਈ ਕੀਤਾ ਤੋਲੀਆ ਦਿੱਤਾ।

"ਸੂਤ ਦਾ ਗੋਲਾ ਆਪਣੇ ਸਾਮ੍ਹਣੇ ਸੁੱਟੀ ਤੇ ਜਿਧਰ ਏਹ ਰਿੜਦਾ ਜਾਏ. ਏਹਦੇ ਮਗਰ ਮਗਰ ਤੁਰਿਆ ਜਾਈਂ।" ਉਹਨੇ ਆਖਿਆ। 'ਤੇ ਜਿਥੇ ਕਿਤੇ ਵੀ ਜਾਵੇ ਨਹਾਉਣ ਧੋਣ ਦਾ ਖਿਆਲ ਰੱਖੀ, ਤੇ ਇਸ ਤੋਲੀਏ ਤੇ ਬਿਨਾਂ ਜਿਹੜਾ ਮੈਂ ਤੈਨੂੰ ਦਿੱਤੇ ਕਿਸੇ ਹੋਰ ਨਾਲ ਹੱਥ ਮੂੰਹ ਨਾ ਪੂੰਝੀ।"

ਆਂਦਰੇਈ ਨੇ ਰਾਜਕੁਮਾਰੀ ਮਾਰੀਆ ਨੂੰ ਅਲਵਿਦਾ ਆਖੀ ਚਾਰੇ ਦਿਸ਼ਾਵਾਂ ਵੱਲ ਸਿਰ ਨਿਵਾਇਆ ਤੇ ਸ਼ਹਿਰ ਦੇ ਫਾਟਕ ਤੋਂ ਬਾਹਰ ਆ ਗਿਆ। ਉਹਨੇ ਸੂਤ ਦਾ ਗੋਲਾ ਆਪਣੇ ਸਾਮ੍ਹਣੇ ਸੁਟਿਆ, ਤੇ ਉਹ ਰਿੜ੍ਹਦਾ ਗਿਆ। ਰਿੜ੍ਹਦਾ ਗਿਆ ਤੇ ਆਂਦਰੇਈ ਏਹਦੇ ਮਗਰ ਮਗਰ ਤੁਰਦਾ ਗਿਆ।

ਦਸਣ ਵਿਚ ਕਹਾਣੀ ਬੜੀ ਛੋਟੀ ਏ, ਪਰ ਕਰਨ ਵਿਚ ਕੰਮ ਬੜਾ ਵੱਡਾ ਸੀ। ਉਹ ਕਈ ਬਾਦਸ਼ਾਹੀਆਂ ਤੇ ਕਈ ਓਪਰੀਆਂ ਧਰਤੀਆਂ ਵਿਚੋਂ ਲੰਘਿਆ। ਗੋਲਾ ਰਿੜ੍ਹਦਾ ਗਿਆ ਤੇ ਸੂਤ ਖੁਲ੍ਹਦਾ ਗਿਆ ਤੇ ਅਖੀਰ ਗੋਲਾ ਨਿੱਕਾ ਜਿਹਾ ਰਹਿ ਗਿਆ ਜਿਹੜਾ ਮੁਰਗੀ ਦੇ ਆਂਡੇ ਨਾਲੋਂ ਵੱਡਾ ਨਹੀਂ ਸੀ। ਅਖੀਰ ਇਹ ਏਨਾ ਛੋਟਾ ਹੋ ਗਿਆ ਕਿ ਇਹ ਰਾਹ ਵਿਚ ਪਿਆ ਵਿਖਾਈ ਹੀ ਨਹੀਂ ਸੀ ਦੇਂਦਾ। ਆਂਦਰੋਈ ਇਕ ਜੰਗਲ ਵਿਚ ਆ ਗਿਆ ਤੇ ਉਹਨੂੰ ਮੁਰਗੀ ਦੇ ਪੈਰਾਂ ਤੇ ਖੜੀ ਇਕ ਨਿੱਕੀ ਜਿੱਹੀ ਝੁੱਗੀ ਵਿਖਾਈ ਦਿੱਤੀ।

"ਨੀਂ ਝੁਗੀਏ, ਨੀ ਨਿਕੀਏ ਝੁਗੀਏ, ਆਪਣੀ ਪਿੱਠ ਰੁੱਖਾਂ ਵੱਲ ਕਰ ਲੈ ਤੇ ਆਪਣਾ ਮੂੰਹ ਮੇਰੇ ਵੱਲ " ਆਂਦਰੇਈ ਨੇ ਆਖਿਆ।

ਝੁੱਗੀ ਨੇ ਪਾਸਾ ਮੋੜ ਲਿਆ, ਆਂਦਰੇਈ ਅੰਦਰ ਚਲਾ ਗਿਆ ਤੇ ਵੇਖਿਆ ਕਿ ਇਕ ਬੁਢੜੀ ਬੰਚ ਤੇ ਬੈਠੀ ਉਨੇ ਕਤਣ ਲਗੀ ਹੋਈ ਸੀ।

"ਵਾਹ ਵਾਹ. ਰੂਸੀ ਲਹੂ, ਪਹਿਲਾਂ ਮੈਨੂੰ ਕਦੇ ਨਾ ਜੁੜਿਆ, ਅੱਜ ਮੇਰੇ ਦਰ ਤੇ ਆ ਖੜਿਆ। ਕੌਣ ਏ ? ਕਿਧਰ ਨੂੰ ? ਮੈ ਤੈਨੂੰ ਜਿਊਂਦੇ ਨੂੰ ਭੁੰਨ ਕੇ ਖਾਉਂ ਤੇ ਤੇਰੀਆਂ ਹੱਡੀਆਂ ਤੇ ਸਵਾਰੀ ਕਰੂੰ।"

166 / 245
Previous
Next