

"ਉਫ, ਪਿਆਰੇ," ਉਹਨੇ ਕਿਹਾ, "ਮੈਂ ਕਿੰਨਾ ਥੱਕ ਗਿਆ।"
ਤੁਸਾਂ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ ? ਭਰਾ ਨਾਉਮ ਨੇ ਆਖਿਆ।" ਮੈਂ ਤੁਹਾਨੂੰ ਇਕ ਪਲ ਵਿਚ ਘਰ ਲੈ ਜਾਂਦਾ । "
ਆਂਦਰੇਈ ਨੂੰ ਇਕ ਤੁੰਦ ਹਵਾ ਨੇ ਚੁਕ ਲਿਆ ਤੇ ਉਹਨੂੰ ਲੈਕੇ ਪਹਾੜਾਂ ਤੇ ਜੰਗਲਾਂ. ਸ਼ਹਿਰਾਂ ਤੇ ਪਿੰਡਾਂ ਉਤੋਂ ਦੀ ਉਡਣ ਲੱਗੀ। ਉਹ ਡੂੰਘੇ ਸਮੁੰਦਰ ਉਤੋਂ ਦੀ ਵੀ ਉਡੇ ਤੇ ਆਂਦਰੇਈ ਡਰ ਗਿਆ।
"ਭਰਾ ਨਾਊਮ, ਥੋੜਾ ਆਰਾਮ ਕਰਨ ਨੂੰ ਜੀ ਕਰਦੈ, " ਉਹਨੇ ਆਖਿਆ।
ਹਵਾ ਇਕ ਦਮ ਠੱਲ੍ਹ ਗਈ ਅਤੇ ਆਂਦਰੇਈ ਹੇਠਾਂ ਸਮੁੰਦਰ ਵਿਚ ਡਿਗਣ ਲੱਗਾ। ਪਰ ਜਿਥੇ ਨੀਲੀਆਂ ਲਹਿਰਾਂ ਸਿਰ ਭੰਨ ਰਹੀਆਂ ਸਨ, ਉਥੇ ਉਹਨੂੰ ਇਕ ਟਾਪੂ ਵਿਖਾਈ ਦੇਣ ਲਗਾ ਤੇ ਉਸ ਟਾਪੂ ਉਤੇ ਇਕ ਮਹਿਲ ਸੀ ਜਿਸ ਦੀ ਛੱਤ ਸੋਨੇ ਦੀ ਸੀ ਤੇ ਜਿਸ ਦੇ ਚਾਰੇ ਪਾਸੇ ਇਕ ਖੂਬਸੂਰਤ ਬਗੀਚਾ ਸੀ। ਭਰਾ ਨਾਊਮ ਨੇ ਆਂਦਰੇਈ ਨੂੰ ਕਿਹਾ
"ਲਓ ਆਰਾਮ ਕਰੋ, ਖਾਓ ਪੀਓ ਤੇ ਸਮੁੰਦਰ ਤੇ ਨਿਗਾਹ ਰੱਖੋ। ਤਿੰਨ ਵਪਾਰਕ ਜਹਾਜ਼ ਤਰਦੇ ਹੋਏ ਆਉਣਗੇ। ਉਹਨਾਂ ਦਾ ਸਵਾਗਤ ਕਰਨਾ ਤੇ ਵਪਾਰੀਆਂ ਨੂੰ ਰੋਟੀ ਦਾ ਸੱਦਾ ਦੇਣਾ ਤੇ ਸ਼ਾਹੀ ਦਾਅਵਤ ਕਰਨਾ — ਉਹਨਾਂ ਕੋਲ ਤਿੰਨ ਅਜੂਬੇ ਨੇ। ਉਹਨਾਂ ਅਜੂਬਿਆਂ ਨਾਲ ਮੈਨੂੰ ਵਟਾ ਲਿਓ— ਡਰੋ ਨਾ ਮੈ ਮੁੜਕੇ ਵਾਪਸ ਆ ਜਾਵਾਂਗਾ।"
ਪਤਾ ਨਹੀਂ ਕਿੱਨਾ ਕੁ ਵਕਤ ਬੀਤਿਆ ਹੋਵੇ ਪਰ ਅਖੀਰ ਤਿੰਨ ਜਹਾਜ਼ ਪਛਮ ਵਲੋਂ ਤਰਦੇ ਆ ਗਏ। ਸਮੁੰਦਰ ਦੇ ਮੁਸਾਫਰਾਂ ਨੇ ਟਾਪੂ ਵੇਖਿਆ, ਤੇ ਟਾਪੂ ਉਤੇ ਸੋਨੇ ਦੀ ਛੱਤ ਵਾਲਾ ਮਹਿਲ ਤੇ ਇਹਦੇ ਚਾਰ ਚੁਫੇਰੇ ਖੂਬਸੂਰਤ ਬਾਗ ਵੇਖਿਆ।
"ਏਹ ਕੀ ਕੌਤਕ ਹੋਇਆ ? ਉਹਨਾਂ ਆਖਿਆ। ਕਈ ਵਾਰ ਸਾਡੇ ਜਹਾਜ਼ ਏਥੇ ਦੀ ਲੰਘੇ ਨੇ, ਤੇ ਨੀਲੀਆਂ ਲਹਿਰਾਂ ਤੋਂ ਬਿਨਾਂ ਕਦੇ ਕੋਈ ਚੀਜ਼ ਨਹੀਂ ਵੇਖੀ। ਚਲੋ ਕੰਢੇ ਤੇ ਚਲੀਏ !"
ਤਿੰਨਾਂ ਜਹਾਜ਼ਾਂ ਨੇ ਲੰਗਰ ਸੁਟ ਦਿੱਤੇ, ਤੇ ਤਿੰਨੇ ਵਪਾਰੀ ਇਕ ਛੋਟੀ ਬੇੜੀ ਵਿਚ ਬੈਠੇ ਤੇ ਟਾਪੂ ਵੱਲ ਠਿੱਲ੍ਹ ਪਏ। ਤੀਰ-ਅੰਦਾਜ਼ ਆਂਦਰੇਈ ਉਹਨਾਂ ਦਾ ਸਵਾਗਤ ਕਰਨ ਲਈ ਪਹਿਲਾਂ ਹੀ ਓਥੇ ਮੌਜੂਦ ਸੀ।
"ਜੀ ਆਇਆਂ ਨੂੰ ਪਿਆਰੇ ਮਹਿਮਾਨੋ !"
ਜਿਵੇਂ ਜਿਵੇਂ ਵਪਾਰੀ ਵੇਖਦੇ ਜਾਣ. ਉਹਨਾਂ ਦੀ ਹੈਰਾਨੀ ਹੋਰ ਵੀ ਵਧਦੀ ਜਾਵੇ। ਮਹਿਲ ਦੀ ਛੱਤ ਅਗ ਵਾਂਗ ਚਮਕਦੀ ਸੀ. ਰੁੱਖਾਂ ਉਤੇ ਪੰਛੀ ਚਹਿਕਦੇ ਸਨ ਅਤੇ ਪਟੜੀਆਂ ਤੇ ਅਜੀਬ ਅਜੀਬ ਜਾਨਵਰ ਟੱਪ ਭੁੜਕ ਰਹੇ ਸਨ।