"ਪਰ ਹਜੂਰ, ਮੈਂ ਵੇਲ੍ਹ ਮੱਛੀ ਤਾਂ ਹੈ ਨਹੀਂ. ਕਿ ਨਹੀਂ ? ਮੈਂ ਉਹਦੀ ਮੁੰਦਰੀ ਤੇ ਬੱਘੀ ਲਿਆਉਣ ਲਈ ਸਮੁੰਦਰ ਹੇਠਾਂ ਕਿਵੇਂ ਜਾ ਸਕਦਾ ?"
ਜ਼ਾਰ ਨੂੰ ਗੁੱਸਾ ਚੜ੍ਹ ਗਿਆ। ਉਸ ਨੇ ਪੈਰ ਜਮੀਨ ਤੇ ਮਾਰਿਆ ਤੇ ਕੜਕਿਆ :
"ਹੁਣ ਨਾ ਕਰੀਂ ਏਹੋ ਜਿਹੀ ਕੋਈ ਗੱਲ! ਜਾਰ ਕੌਣ ਏ ਭਲਾ, ਤੂੰ ਜਾਂ ਮੈਂ ? ਮੇਰਾ ਕੰਮ ਏ ਹੁਕਮ ਦੇਣਾ ਤੇ ਤੇਰਾ ਕੰਮ ਏ ਹੁਕਮ ਦੀ ਪਾਲਣਾ ਕਰਨਾ। ਚੀਜ਼ਾਂ ਲੈ ਆਵੇਗਾ ਤੈਨੂੰ ਇਨਾਮ ਮਿਲਣਗੇ, ਜੇ ਨਹੀਂ ਤਾਂ ਤੇਰਾ ਸਿਰ ਲਾਹ ਦਿੱਤਾ ਜਾਏਗਾ!'
ਸੋ ਸੁਣੱਖਾ ਗਭਰੂ ਅਸਤਬਲ ਵਿਚ ਆ ਗਿਆ। ਤੇ ਉਸ ਨੇ ਆਪਣੀ ਸੁਨਹਿਰੀ ਅਯਾਲ ਵਾਲੀ ਘੋੜੀ ਉਤੇ ਕਾਠੀ ਪਾਈ, ਤੇ ਘੋੜੀ ਨੇ ਪੁਛਿਆ: " ਕਿਤੇ ਦੂਰ ਜਾਣਾ ਏ, ਮਾਲਕ ?"
"ਇਹ ਤਾਂ ਮੈਨੂੰ ਆਪ ਨੂੰ ਪਤਾ ਨਹੀਂ, ਪਰ ਜਾਣਾ ਪੈਣਾ ਏ ਹਰ ਹਾਲਤ ਵਿਚ। ਜ਼ਾਰ ਨੇ ਮੈਨੂੰ ਰਾਜਕੁਮਾਰੀ ਦੀ ਮੁੰਦਰੀ ਤੇ ਬੱਘੀ ਲਿਆਉਣ ਦਾ ਹੁਕਮ ਦਿਤੈ। ਮੁੰਦਰੀ ਉਹਦੇ ਸਫਰ ਤੇ ਲਿਜਾਣ ਵਾਲੇ ਟਰੰਕ ਵਿਚ ਪਈ ਏ, ਤੇ ਸਫਰ ਤੇ ਲਿਜਾਣ ਵਾਲਾ ਟਰੰਕ ਉਹਦੀ ਬੱਘੀ ਵਿਚ, ਤੇ ਬੱਘੀ ਬੁਯਾਨ ਟਾਪੂ ਦੇ ਨੇੜੇ, ਸਮੁੰਦਰ ਹੇਠਾਂ, ਤੇ ਏਹ ਚੀਜ਼ਾਂ ਲੈਣ ਜਾਣਾ ਏ ਅਸੀਂ।"
ਤੇ ਸੁਨਹਿਰੀ ਅਯਾਲ ਵਾਲੀ ਘੋੜੀ ਨੇ ਆਖਿਆ :
"ਹੁਣ ਤੱਕ ਅਸੀਂ ਜਿੰਨੇ ਕੰਮ ਕੀਤੇ ਨੇ, ਏਹ ਉਹਨਾਂ ਸਾਰਿਆਂ ਨਾਲੇ ਔਖਾ ਏ। ਜਾਣਾ ਤੇ ਬਹੁਤੀ ਦੂਰ ਨਹੀਂ, ਪਰ ਅੰਤ ਦੁਖਦਾਈ ਹੋ ਸਕਦੈ। ਮੈਨੂੰ ਪਤਾ ਏ ਕਿ ਬੱਘੀ ਕਿੱਥੇ ਖੜੀ ਏ, ਪਰ ਇਸ ਨੂੰ ਲਿਆਉਣਾ ਸੌਖਾ ਨਹੀਂ। ਮੈਂ ਸਮੁੰਦਰ ਦੇ ਹੇਠਾਂ ਜਾਵਾਂਗੀ ਤੇ ਆਪਣੇ ਆਪ ਨੂੰ ਬੱਘੀ ਨਾਲ ਬੰਨ੍ਹ ਲਵਾਂਗੀ ਤੇ ਇਸ ਨੂੰ ਬਾਹਰ ਖਿੱਚ ਲਿਆਵਾਂਗੀ । ਜੋ ਮੈਂ ਸਮੁੰਦਰੀ ਘੋੜਿਆਂ ਦੇ ਕਾਬੂ ਨਾ ਆ ਗਈ ਤਾਂ ਮੇਰਾ ਵਾਲ ਵਿੰਗਾ ਨਹੀਂ, ਪਰ ਜੇ ਕਾਬੂ ਆ ਗਈ, ਫੇਰ ਤੂੰ ਕਦੇ ਨਾ ਮੈਨੂੰ ਵੇਖੇਗਾ ਤੇ ਨਾ ਹੀ ਬੱਘੀ ਨੂੰ।"
ਛੋਟਾ ਇਵਾਨ ਹੁਸ਼ਿਆਰ ਜਵਾਨ ਸੋਚੀ ਪੈ ਗਿਆ। ਉਹ ਸੋਚਦਾ ਰਿਹਾ। ਸੋਚਦਾ ਰਿਹਾ ਤੇ ਅਖੀਰ ਉਸ ਨੂੰ ਇਕ ਤਰੀਕਾ ਸੁਝ ਗਿਆ।
ਤੇ ਫੇਰ ਉਹ ਜ਼ਾਰ ਕੋਲ ਗਿਆ।
"ਹਜੂਰ, " ਉਸ ਨੇ ਆਖਿਆ, ਮੈਨੂੰ ਬਾਰਾਂ ਬੌਲਦਾਂ ਦੀਆਂ ਖੱਲ੍ਹਾਂ, ਬਾਰਾਂ ਪੂਡ* ਲੁਕ- ਚੜ੍ਹੀ ਰੱਸੀ, ਬਾਰਾਂ ਪੂਡ ਲੁਕ ਤੇ ਇਕ ਦੇਗ ਚਾਹੀਦੀ ਏ।"
"ਜੋ ਮਰਜ਼ੀ ਲੈ ਜਾ ਤੇ ਜਿੰਨਾ ਚਾਹੀਦਾ ਈ ਲੈ ਜਾ, " ਜਾਰ ਨੇ ਆਖਿਆ, "ਪਰ ਫਟਾ ਫਟ ਏਹ ਕੰਮ ਮੁਕਾ।
* ਇਕ ਪੂਡ ੧੬ ਕਿਲੋਗ੍ਰਾਮ ਦੇ ਬਰਾਬਰ ਹੁੰਦਾ ਹੈ।-ਅਨੁ :