ਪਾਟ ਗਈਆਂ। ਤੇ ਏਹਨਾਂ ਛੇ ਸਮੁੰਦਰੀ ਘੋੜਿਆਂ ਦੇ ਦੰਦ ਰੱਸੀਆਂ ਤੇ ਲੁਕ ਵਿਚ ਇਉਂ ਖੁਭ ਗਏ ਕਿ ਉਹ ਫੇਰ ਵਿਚੋਂ ਨਿਕਲੇ ਹੀ ਨਹੀਂ। ਪਰ ਏਹ ਚੰਗਾ ਹੀ ਹੋਇਆ, ਤੇਰੇ ਕੰਮ ਆਉਣਗੇ।"
ਸੋ ਸੁਣੱਖੇ ਗਭਰੂ ਨੇ ਸਮੁੰਦਰੀ ਘੋੜਿਆਂ ਨੂੰ ਜ਼ੰਜੀਰ ਪਾਏ, ਆਪਣੀ ਚਾਥਕ ਕੱਢੀ ਤੇ ਲੱਗਾ ਉਹਨਾਂ ਨੂੰ ਮਤ ਸਿਖਾਉਣ। ਤੇ ਜਦੋਂ ਉਸ ਨੇ ਉਹਨਾਂ ਦੇ ਪਾਸੇ ਭੰਨੇ ਤਾਂ ਉਸ ਨੇ ਆਖਿਆ :
"ਮੈਨੂੰ ਮਾਲਕ ਮੰਨੋਗੇ ਕਿ ਨਹੀਂ ? ਮੇਰਾ ਹੁਕਮ ਮੰਨੋਗੇ ਕਿ ਨਹੀਂ ? ਜੇ ਨਹੀਂ ਤਾਂ ਮੈਂ ਤੁਹਾਡੀ ਜਿਉਂਦਿਆਂ ਦੀ ਖੱਲ ਲਾਹ ਸੁੰਟੂ ਤੇ ਤੁਹਾਡੀਆਂ ਲੋਥਾਂ ਬਘਿਆੜਾਂ ਅੱਗੇ ਸੁਟ ਦਉਂ।"
ਫੇਰ ਸਮੁੰਦਰੀ ਘੋੜਿਆਂ ਨੇ ਗੋਡੇ ਟੇਕ ਦਿਤੇ ਤੇ ਰਹਿਮ ਲਈ ਤਰਲੇ ਕਰਨ ਲਗੇ :
"ਸਾਨੂੰ ਮਾਰ ਨਾ ਸੁਣੋਖਿਆ ਗਭਰੂਆ ਸਾਡੇ ਪਾਸੇ ਨਾ ਭੰਨ, ਅਸੀਂ ਤੇਰੇ ਹਰ ਹੁਕਮ ਦਾ ਪਾਲਣ ਕਰਾਂਗੇ ਤੇ ਵਫਾਦਾਰ ਰਹਿ ਕੇ ਸੇਵਾ ਕਰਾਂਗੇ ਤੇ ਜੇ ਤੇਰੇ 'ਤੇ ਭੀੜ ਆ ਬਣੀ, ਤਾਂ ਮਦਦ ਕਰਕੇ ਔਖ ਵਿਚੋਂ ਕਢਾਂਗੇ। "
ਸੋ ਇਵਾਨ ਨੇ ਉਹਨਾਂ ਨੂੰ ਮਾਰਨਾ ਕੁਟਣਾ ਬੰਦ ਕਰ ਦਿੱਤਾ ਤੇ ਸੱਤਾਂ ਨੂੰ ਹੀ ਬੱਘੀ ਅੱਗੇ ਜੋੜ ਲਿਆ ਤੇ ਹਨੇਰੀ ਵਾਂਗ ਜ਼ਾਰ ਦੇ ਬਾਹਰਲੇ ਬੂਹੇ ਅੱਗੇ ਆ ਗਿਆ। ਆਪਣੀ ਘੋੜੀ ਤੇ ਸਮੁੰਦਰੀ ਘੋੜਿਆਂ ਨੂੰ ਉਹ ਅਸਤਬਲ ਵਿਚ ਛੱਡ ਆਇਆ ਤੇ ਆਪ ਜਾਰ ਕੋਲ ਚਲਾ ਗਿਆ।
"ਬੱਘੀ ਸੰਭਾਲੋ, ਹਜੂਰ, ਤੁਹਾਡੀ ਡਿਉੜੀ ਅੱਗੇ ਖੜੀ ਏ ਤੇ ਸਾਰਾ ਦਾਜ ਦੇਣ ਵੀ ਉਹਦੇ " ਵਿਚ ਪਿਐ।"
ਪਰ ਜਾਰ ਨੇ ਉਹਦਾ ਧੰਨਵਾਦ ਵੀ ਨਾ ਕੀਤਾ। ਉਹ ਭੱਜਾ ਭੱਜਾ ਸਿੱਧਾ ਬੱਘੀ ਕੋਲ ਆਇਆ. ਟਰੰਕ ਚੁੱਕਿਆ ਤੇ ਰੂਪਵੰਤੀ ਰਾਜਕੁਮਾਰੀ ਅਲੀਓਨਾ ਕੋਲ ਲੈ ਗਿਆ।
"ਲੈ, ਅਲੀਓਨਾ. ਰੂਪਵੰਤੀ ਰਾਜਕੁਮਾਰੀ, ਮੈਂ ਤੇਰੇ ਸਾਰੇ ਚਾਅ ਮਲ੍ਹਾਰ ਪੂਰੇ ਕਰ ਦਿੱਤੇ ਨੇ। ਆਹ ਈ ਤੇਰੀ ਮੁੰਦਰੀ ਤੋ ਟਰੰਕ, ਤੇ ਬੱਘੀ ਤੇਰੀ ਉਡੀਕ ਵਿਚ ਬਾਹਰ ਖੜੀ ਏ। ਬੇਲ ਹੁਣ. ਅਸੀਂ ਵਿਆਹ ਕਿਸ ਦਿਨ ਕਰਾਉਣੈ, ਕਿਹੜੇ ਦਿਨ ਦਾ ਮਹਿਮਾਨਾਂ ਨੂੰ ਸੱਦਾ ਦੇਈਏ ? "
ਪਰ ਰੂਪਵੰਤੀ ਰਾਜਕੁਮਾਰੀ ਨੇ ਜਵਾਬ ਦਿੱਤਾ:
"ਵਿਆਹ ਮੈਂ ਜ਼ਰੂਰ ਕਰਵਾ ਲਉਂ ਤੇ ਛੇਤੀ ਹੀ ਅਸੀਂ ਵਿਆਹ ਦਾ ਉਤਸਵ ਮਨਾਵਾਂਗੇ। ਪਰ ਮੈਨੂੰ ਏਹ ਨਹੀਂ ਚੰਗਾ ਲਗਦਾ ਕਿ ਵਿਆਹ ਦੇ ਦਿਨ ਤੂੰ ਬੁਢਾ ਲੱਗੇ ਤੇ ਤੇਰੇ ਧੌਲੇ ਨਜ਼ਰ ਆਉਣ। ਲੋਕ ਕੀ ਆਖਣਗੇ? ਉਹ ਸੱਚ ਮੁਚ ਸਾਡਾ ਮਖੌਲ ਉਡਾਉਣਗੇ: ' ਵੇਖੋ ਬੁਢਾ ਠੇਰਾ ਮੁਟਿਆਰ ਕੁੜੀ ਨਾਲ ਵਿਆਹ ਕਰਾਉਣ ਲੱਗਾ ਜੇ ! ਏਹਨੂੰ ਪਤਾ ਨਹੀਂ ਪਈ ਬੁੱਢੇ ਖਸਮ ਦੀ ਜਵਾਨ ਵਹੁਟੀ ਉਹਨੂੰ ਛਡ ਕੇ ਹਰ ਇਕ ਨੂੰ ਪਸੰਦ ਕਰਦੀ ਏ ?' ਤੈਨੂੰ ਪਤਾ ਏ, ਜਿੰਨੇ ਮੂੰਹ ਓਨੀਆਂ ਗੱਲਾਂ! ਕਿਸ ਕਿਸ ਨੂੰ ਕੋਈ ਰੋਕੇ। ਜੇ ਤੂੰ ਵਿਆਹ ਤੋਂ ਪਹਿਲਾਂ ਜਵਾਨ ਬਣ ਜਾਏ ਤਾਂ ਸਭ ਕੁਝ ਠੀਕ ਠਾਕ ਹੋ ਜਾਵੇ।"