" ਤੁਸੀਂ ਮੈਨੂੰ ਜਿਊਂਦੇ ਨੂੰ ਉਬਾਲਣਾ ਤਾਂ ਨਹੀਂ ਚਾਹੁੰਦੇ, ਹਜ਼ੂਰ ?" ਉਸ ਨੇ ਆਖਿਆ। "ਵਫਾਦਾਰੀ ਨਾਲ ਕੀਤੀ ਮੇਰੀ ਸੇਵਾ ਦਾ ਇਹ ਬਦਲਾ ? "
" ਓਏ, ਨਹੀਂ ਇਵਾਨ। ਵੇਖੇ ਨਾ, ਜੇ ਕੋਈ ਬੁਢਾ ਏਹਨਾਂ ਵਿਚ ਨਹਾ ਲਵੇ ਤਾਂ ਵੀਹਾਂ ਵਰ੍ਹਿਆਂ ਦਾ ਸੁਹਣਾ ਜਵਾਨ ਬਣ ਜਾਂਦਾ ਏ।"
''ਤੇ ਮੈਂ ਅਜੇ ਬੁਢਾ ਤਾਂ ਨਹੀਂ ਹੋਇਆ, ਹਜੂਰ, ਤੇ ਮੈਨੂੰ ਹੋਰ ਜਵਾਨ ਬਣਨ ਦੀ ਲੋੜ ਨਹੀਂ।" ਜ਼ਾਰ ਦਾ ਪਾਰਾ ਚੜਨ ਲਗ ਪਿਆ। "
ਤੂੰ ਕਿੱਦਾਂ ਦਾ ਝਗੜਾਲੂ ਏ, ਪਿਆਰੇ। ਹਰ ਵੇਲੇ ਦਲੀਲਬਾਜ਼ੀ। ਜੇ ਤੂੰ ਆਪ ਏਹਨਾਂ ਵਿਚ ਚੁੱਭੀ ਨਾ ਮਾਰੀ ਤਾਂ ਮੈਂ ਤੈਨੂੰ ਚੁਕ ਕੇ ਵਿਚ ਸੁਟ ਦਿਆਂਗਾ। ਜਾਪਦਾ ਏ ਤੂੰ ਆਪਣੀ ਤਬਾਹੀ ਦਾ ਸਵਾਦ ਵੇਖਣਾ ਚਾਹੁਨੈ ਗਭਰੂਆ !"
ਪਰ ਏਨੇ ਨੂੰ ਰੂਪਵੰਤੀ ਰਾਜਕੁਮਾਰੀ ਅਲੀਓਨਾ ਆਪਣੇ ਕਮਰੇ ਵਿਚੋਂ ਭੱਜੀ ਭੱਜੀ ਆ ਗਈ ਤੇ ਉਹਨੇ ਮੌਕਾ ਤਾੜ ਕੇ ਉਹਦੇ ਕੰਨਾਂ ਵਿਚ ਘੁਸਰ ਮੁਸਰ ਕੀਤੀ ਜਿਸ ਦਾ ਕਿਸੇ ਨੂੰ ਪਤਾ ਨਾ ਲਗਾ :
" ਚੁਭੀ ਮਾਰਨ ਤੋਂ ਪਹਿਲਾਂ ਆਪਣੀ ਸੁਨਹਿਰੀ ਅਯਾਲ ਵਾਲੀ ਘੋੜੀ ਤੇ ਸਮੁੰਦਰੀ ਘੋੜਿਆਂ ਨੂੰ ਖਬਰ ਕਰ ਦੇ। ਫੇਰ ਤੂੰ ਨਿਡਰ ਹੋਕੇ ਨਹਾ ਸਕਦੈਂ।"
ਤੇ ਜਾਰ ਨੂੰ ਉਸ ਨੇ ਆਖਿਆ!
"ਮੈਂ ਵੇਖਣ ਆਈ ਸਾਂ ਕਿ ਜਿਵੇਂ ਮੈਂ ਤੈਨੂੰ ਆਖਿਆ ਸੀ, ਸਭ ਕੁਝ ਉਵੇਂ ਤਿਆਰ ਹੋ ਗਿਐ।" ਤੇ ਉਹ ਦੇਗਾਂ ਦੇ ਕੋਲ ਗਈ ਤੇ ਇਹਨਾਂ ਵਿਚ ਝਾਤੀ ਮਾਰੀ।
"ਸਭ ਕੁਝ ਠੀਕ ਠਾਕ ਏ" ਉਸ ਨੇ ਆਖਿਆ।" ਹੁਣ ਤੂੰ ਨਹਾ ਲੈ ਤੇ ਮੈਂ ਵਿਆਹ ਦੀਆਂ ਤਿਆਰੀਆਂ ਕਰਦੀ ਆ।"
ਤੇ ਫੇਰ ਉਹ ਆਪਣੇ ਕਮਰੇ ਵਿਚ ਚਲੀ ਗਈ।
ਛੋਟੇ ਇਵਾਨ ਨੇ ਜਾਰ ਨੂੰ ਇਕ ਨਜ਼ਰ ਵੇਖਿਆ ਤੇ ਆਖਿਆ :
"ਠੀਕ ਏ, ਮੈਂ ਇਕ ਵਾਰ ਹੋਰ ਤੁਹਾਨੂੰ ਖੁਸ਼ ਕਰ ਦਿਆਂਗਾ, ਆਖਰੀ ਵਾਰ। ਦੋ ਵਾਰੀ ਤਾਂ ਮਰਨਾ ਨਹੀਂ, ਤੇ ਮੌਤ ਨੂੰ ਕੋਈ ਝਾਂਸਾ ਦੇ ਨਹੀਂ ਸਕਦਾ। ਸਿਰਫ ਮੈਨੂੰ ਜਾਕੇ ਆਪਣੀ ਸੁਨਹਿਰੀ ਅਯਾਲ ਵਾਲੀ ਘੋੜੀ ਨੂੰ ਆਖਰੀ ਵਾਰ ਵੇਖ ਆਉਣ ਦਿਓ। ਖਬਰੇ ਮੈਂ ਉਹਨੂੰ ਅੰਤਮ ਵਾਰ ਹੀ ਵੇਖ ਰਿਹਾ ਹੋਵਾਂ ਤੇ ਅਸੀਂ ਇਕੱਠਿਆਂ ਕਿੱਨਾ ਪੈਡਾ ਮਾਰਿਐ।"
"ਜਾ, ਪਰ ਬਹੁਤਾ ਚਿਰ ਨਾ ਲਾਈ।"
ਸੋ ਛੋਟਾ ਇਵਾਨ ਅਸਤਬਲ ਵਿਚ ਗਿਆ ਤੇ ਸਾਰੀ ਗੱਲ ਆਪਣੀ ਘੋੜੀ ਤੇ ਸਮੁੰਦਰੀ ਘੋੜਿਆਂ ਨੂੰ ਜਾ ਦੱਸੀ।