ਓਧਰ ਕੀ ਹੋਇਆ ਕਿ ਜ਼ਾਰ ਸ਼ਿਕਾਰ ਕਰਨ ਆ ਨਿਕਲਿਆ ਅਤੇ ਉਹਨੇ ਇਕ ਮਹੱਲ ਵੇਖਿਆ ਜਿਹੜਾ ਇਥੇ ਪਹਿਲਾਂ ਕਦੇ ਕਿਸੇ ਨਹੀਂ ਸੀ ਵੇਖਿਆ।
"ਕਿਹੜੇ ਬੁੱਧੂ ਨੇ ਮੇਰੀ ਜ਼ਮੀਨ ਉਤੇ ਮਹੱਲ ਖੜਾ ਕਰਨ ਦੀ ਹਿੰਮਤ ਕੀਤੀ ਏ ?" ਉਹ ਬੋਲਿਆ ਅਤੇ ਉਸ ਨੇ ਅਪਰਾਧੀ ਦਾ ਪਤਾ ਲਾਉਣ ਲਈ ਆਪਣੇ ਹਰਕਾਰੇ ਭੇਜੇ।
ਜ਼ਾਰ ਦੇ ਹਰਕਾਰੇ ਮਹੱਲ ਵੱਲ ਦੌੜੇ ਆਏ, ਬਾਰੀ ਹੇਠਾਂ ਖੜੇ ਹੋ ਗਏ ਅਤੇ ਉਹਨਾਂ ਨੇ ਐਮੇਲੀਆ ਨੂੰ ਪੁਛਿਆ ਕਿ ਉਹ ਕੌਣ ਹੈ।
"ਜਾਰ ਨੂੰ ਆਖੋ ਕਿ ਮੇਰੇ ਘਰ ਆਵੇ, ਅਤੇ ਉਹ ਮੇਰੇ ਮੂੰਹੋ ਸੁਣ ਲਏਗਾ ਕਿ ਮੈਂ ਕੌਣ ਆਂ," ਐਮੇਲੀਆ ਨੇ ਜਵਾਬ ਦਿੱਤਾ।
ਜਾਰ ਆ ਗਿਆ, ਅਤੇ ਐਮੇਲੀਆ ਨੇ ਮਹੱਲ ਦੇ ਦਰਵਾਜ਼ੇ ਤੇ ਉਸ ਦਾ ਸਵਾਗਤ ਕੀਤਾ ਉਹਨੂੰ ਮਹੱਲ ਦੇ ਅੰਦਰ ਲਿਆਂਦਾ। ਉਸ ਨੂੰ ਬਿਠਾਇਆ ਅਤੇ ਸ਼ਾਹੀ ਭੋਜਨ ਛਕਾਇਆ। ਜ਼ਾਰ ਨੇ ਖਾਧਾ ਪੀਤਾ ਅਤੇ ਦੰਗ ਰਹਿ ਗਿਆ।
"ਤੂੰ ਕੌਣ ਏ, ਮੇਰੇ ਚੰਗੇ ਮਿਤਰ, " ਉਸ ਨੇ ਅਖੀਰ ਪੁਛਿਆ।
"ਬੁੱਧੂ ਐਮੇਲੀਆ ਦਾ ਚੇਤਾ ਜੇ ਜਿਹੜਾ ਆਪਣੇ ਸਟੋਵ ਤੇ ਬੈਠਾ ਤੁਹਾਨੂੰ ਮਿਲਣ ਆਇਆ ਸੀ ? " ਐਮੇਲੀਆ ਨੇ ਕਿਹਾ। ਯਾਦ ਏ ਕਿਵੇਂ ਤੁਸੀ ਉਹਨੂੰ ਅਤੇ ਆਪਣੀ ਧੀ ਰਾਜਕੁਮਾਰੀ ਮਾਰੀਆ ਨੂੰ ਇਕ ਲੁਕ ਕੀਤੇ ਡਰੱਮ ਵਿੱਚ ਬੰਦ ਕਰਕੇ ਸਮੁੰਦਰ ਵਿੱਚ ਸੁਟਵਾ ਦਿੱਤਾ ਸੀ ? ਤੇ. ਮੈਂ ਉਹੋ ਐਮੇਲੀਆ ਜੇ। ਜੇ ਮੈਂ ਚਾਹਾਂ ਤਾਂ ਤੁਹਾਡੀ ਸਾਰੀ ਜਾਰਸ਼ਾਹੀ ਨੂੰ ਅੱਗ ਲਾ ਦੇਵਾਂ ਅਤੇ ਮਿੱਟੀ ਵਿੱਚ ਮਿਲਾ ਦੇਵਾਂ।"
ਜ਼ਾਰ ਬੜਾ ਡਰਿਆ ਅਤੇ ਉਸ ਨੇ ਐਮੇਲੀਆ ਦੇ ਤਰਲੇ ਕਰ ਕੇ ਮਾਫੀ ਮੰਗੀ।
"ਤੂੰ ਮੇਰੀ ਧੀ ਵਿਆਹ ਸਕਦਾ ਏ ਅਤੇ ਤੂੰ ਮੇਰੀ ਜਾਰਸ਼ਾਹੀ ਵੀ ਸੰਭਾਲ ਸਕਦਾ ਏ, ਸਿਰਫ ਮੇਰੀ ਜਾਨ ਬਖਸ਼ੀ ਕਰ ਦੇ, ਐਮੇਲੀਆ," ਜ਼ਾਰ ਨੇ ਆਖਿਆ।
ਫੇਰ ਏਡੀ ਸ਼ਾਨਦਾਰ ਦਾਅਵਤ ਹੋਈ ਜੇਡੀ ਕਿਸੇ ਸੰਸਾਰ ਵਿੱਚ ਵੇਖੀ ਨਾ ਹੋਵੇ। ਐਮੇਲੀਆ ਦਾ ਰਾਜਕੁਮਾਰੀ ਮਾਰੀਆ ਨਾਲ ਵਿਆਹ ਹੋ ਗਿਆ ਅਤੇ ਉਹ ਰਾਜ ਕਰਨ ਲਗਾ ਅਤੇ ਬਾਕੀ ਦਿਨ ਉਹਨਾਂ ਖੁਸ਼ੀ ਖੁਸ਼ੀ ਬਿਤਾਏ।
ਤੇ ਉਹਦੇ ਨਾਲ ਹੀ ਮੇਰੀ ਇਹ ਸੱਚੀ ਕਹਾਣੀ ਖਤਮ, ਤੇ ਜਿਸ ਕਿਸੇ ਸੁਣੀ ਉਹ ਮੇਰਾ ਦੋਸਤ।