ਛਾਲ ਮਾਰ ਕੇ ਡੇੜ ਵੇਰਸਟ ਪਾਰ ਕਰ ਗਿਆ। ਜਿਥੇ ਘੋੜੇ ਦੇ ਪੈੜ ਜ਼ਮੀਨ ਤੇ ਲੱਗੇ ਓਥੇ ਆਬੇਹਯਾਤ ਦਾ ਇਕ ਚਸ਼ਮਾ ਫੁਟ ਪਿਆ। ਇਲੀਆ ਨੇ ਇਕ ਹਰਾ ਭਰਾ ਸ਼ੀਸਮ ਡੋਗਿਆ ਤੇ ਚਸ਼ਮੇ ਦੁਆਲੇ ਗੋਲੀਆਂ ਦਾ ਇਕ ਚੌਖਟਾ ਖੜਾ ਕਰ ਦਿੱਤਾ, ਤੇ ਇਸ ਚੌਖਟੇ ਉਤੇ ਉਹਨੇ ਇਹ ਲਫਜ਼ ਉਕਰ ਦਿੱਤੇ : ਕਿਸਾਨ ਇਵਾਨ ਦਾ ਪੁਤਰ, ਰੂਸੀ ਸੂਰਬੀਰ ਇਲੀਆ ਏਥੋਂ ਦੀ ਲੰਘਿਆ ਹੈ।"
ਸ਼ੀਸ਼ਮ ਦੀਆਂ ਗੋਲੀਆਂ ਦੇ ਚੌਖਟੇ ਵਿਚ ਇਸ ਚਸ਼ਮੇ ਵਿਚੋ ਅੱਜ ਤੱਕ ਪਾਣੀ ਵਗਦਾ ਹੈ, ਤੇ ਜੰਗਲੀ ਰਿੱਛ ਰਾਤ ਵੇਲੇ ਓਥੋਂ ਠੰਡਾ ਪਾਣੀ ਪੀਣ ਜਾਂਦਾ ਹੈ ਜਿਹੜਾ ਉਸ ਨੂੰ ਦਿਓ ਵਾਂਗ ਤਕੜਾ ਬਣਾ ਦੇਂਦਾ ਹੈ।
ਅਤੇ ਇਲੀਆ ਕੀਵ ਸ਼ਹਿਰ ਵੱਲ ਅੱਗੇ ਤੁਰ ਪਿਆ।
ਉਸ ਨੇ ਸਿੱਧੀ ਸੜਕ ਫੜ ਲਈ ਜਿਹੜੀ ਚੇਰਨੀਗੋਵ ਸ਼ਹਿਰ ਦੇ ਅਗੋਂ ਦੀ ਲੰਘਦੀ ਸੀ। ਜਦੋ ਉਸ ਨੂੰ ਚੇਰਨੀਗੋਵ ਨਜ਼ਰ ਆਇਆ ਤਾਂ ਉਸ ਨੂੰ ਇਸ ਦੀਆਂ ਕੰਧਾਂ ਉਤੇ ਭਾਰੀ ਸ਼ੋਰ ਸ਼ਰਾਬਾ ਸੁਣਾਈ ਦਿੱਤਾ। ਹਜ਼ਾਰਾਂ ਦੀ ਗਿਣਤੀ ਵਿਚ ਤਾਤਾਰਾਂ ਨੇ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਸੀ। ਘੋੜਿਆਂ ਦੇ ਖੁਰਾਂ ਨਾਲ ਉਡਦੀ ਧੂੜ ਤੇ ਮੂੰਹਾਂ ਵਿਚੋਂ ਨਿਕਲਦੀ ਹਵਾੜ ਨੇ ਧਰਤੀ ਉਤੇ ਹਨੇਰੇ ਦਾ ਪਰਦਾ ਤਣਿਆ ਹੋਇਆ ਸੀ ਤੇ ਅਸਮਾਨ ਵਿਚ ਚਮਕਦੇ ਸੂਰਜ ਨੂੰ ਕੱਜਿਆ ਹੋਇਆ ਸੀ। ਤਾਤਾਰਾਂ ਦੀਆਂ ਸਫਾਂ ਏਨੀਆਂ ਸੰਘਣੀਆਂ ਸਨ ਕਿ ਨਾ ਸਲੇਟੀ ਖ਼ਰਗੇਸ਼ ਇਹਨਾਂ ਵਿਚੋਂ ਲੰਘ ਸਕਦਾ ਸੀ ਨਾ ਸੁਣੱਖਾ ਸ਼ਿਕਰਾ ਇਹਨਾਂ ਉੱਤੇ ਉੱਡ ਸਕਦਾ ਸੀ। ਅਤੇ ਸ਼ਹਿਰ ਦੇ ਅੰਦਰੋਂ ਰੋਣ ਕੁਰਲਾਉਣ ਤੇ ਵੈਣ ਪਾਉਣ ਦੀਆਂ ਆਵਾਜ਼ਾਂ ਅਤੇ ਨੜੋਏ ਦੀਆਂ ਘੰਟੀਆਂ ਦੀਆਂ ਟੁਣਕਾਰਾਂ ਸੁਣ ਰਹੀਆਂ ਸਨ। ਸ਼ਹਿਰ ਦੇ ਲੋਕ ਪੱਥਰ ਦੇ ਗਿਰਜੇ ਵਿਚ ਜਾ ਵੜੇ ਸਨ ਤੇ ਉਥੇ ਰੋ ਧੋ ਰਹੇ ਸਨ, ਅਰਜੋਈਆਂ ਕਰਦੇ ਸਨ ਤੇ ਆਪਣੀ ਮੌਤ ਨੂੰ ਉਡੀਕ ਰਹੇ ਸਨ ਕਿਉਂਕਿ ਤਿੰਨ ਤਾਤਾਰ ਰਜਵਾੜਿਆਂ ਨੇ ਚੇਰਨੀਗੋਵ ਨੂੰ ਘੇਰਿਆ ਹੋਇਆ ਸੀ ਤੇ ਹਰ ਇਕ ਨਾਲ ਚਾਲੀ ਹਜ਼ਾਰ ਦੀ ਗਿਣਤੀ ਵਿਚ ਫੌਜ ਸੀ।
ਇਲੀਆ ਦੇ ਅੰਦਰ ਅੱਗ ਬਲ ਉਠੀ। ਉਸ ਨੇ ਝੰਡਲ ਲਾਖੇ ਦੀਆਂ ਵਾਗਾਂ ਖਿੱਚੀਆਂ, ਇਕ ਹਰਿਆ ਭਰਿਆ ਸ਼ੀਸ਼ਮ ਜੜ੍ਹਾਂ ਤੋਂ ਹੀ ਪੁਟ ਲਿਆ ਤੇ ਤਾਤਾਰਾਂ ਉਤੇ ਟੁੱਟ ਪਿਆ। ਉਸ ਨੇ ਆਸੇ ਪਾਸੇ ਸ਼ੀਸ਼ਮ ਦੇ ਰੁਖ ਨੂੰ ਡੰਡੇ ਵਾਂਗ ਵਰ੍ਹਾਇਆ ਤੇ ਦੁਸ਼ਮਣ ਨੂੰ ਆਪਣੇ ਘੋੜੇ ਦੇ ਖੁਰਾਂ ਹੇਠ ਲਿਤਾੜ ਸੁੱਟਿਆ। ਇਕ ਪਾਸੇ ਉਹਨੇ ਰੁਖ ਲਹਿਰਾਇਆ ਤੇ ਕੀ ਵੇਖਦਾ ਹੈ ਕਿ ਰਾਹ ਸਾਫ ਹੋ ਗਿਆ ਹੈ।
* ਵੇਰਸਟ ਲਗਭਗ ਕਿਲੋਮੀਟਰ ਦੇ ਬਰਾਬਰ। ਅਨੁ :