ਉਹਦੇ ਖੱਬੇ ਕੰਨ ਵਿਚੋਂ ਨਿਕਲ ਗਿਆ। ਸਾਲਵੇਈ ਜਵੀ ਦੀ ਭਰੀ ਵਰਗ ਆਪਣੇ ਅੱਡੇ ਵਿਚੋਂ ਹੇਠਾਂ ਆ ਡਿੱਗਾ। ਇਲੀਆ ਨੇ ਉਸ ਨੂੰ ਕਾਬੂ ਕਰ ਲਿਆ, ਚੰਮ ਦੀਆਂ ਪੱਟੀਆਂ ਨਾਲ ਉਸ ਨੂੰ ਕੱਸ ਕੇ ਜੂੜਿਆ ਤੇ ਆਪਣੀ ਖੱਬੀ ਰਕਾਬ ਨਾਲ ਬੰਨ੍ਹ ਲਿਆ।
ਸਾਲੇਵੇਈ ਨੇ ਇਲੀਆ ਵੱਲ ਘੂਰ ਕੇ ਵੇਖਿਆ। ਡਰਦਿਆਂ ਮਾਰਿਆਂ ਉਹਦਾ ਸਾਹ ਨਹੀਂ ਸੀ ਨਿਕਲ ਰਿਹਾ। "
ਘੂਰਦਾ ਕੀ ਏ, ਡਾਕੂਆ? ਕੋਈ ਰੂਸੀ ਸੂਰਬੀਰ ਪਹਿਲਾਂ ਨਹੀਂ ਕਦੇ ਆਇਆ ਏਥੇ ? "
"ਮਰ ਗਏ !" ਸਾਲੋਵੇਈ ਕੁਕਿਆ। " ਮੈਂ ਤਕੜੇ ਹੱਥਾਂ ਵਿਚ ਆ ਗਿਆ, ਲਗਦੈ ਮੇਰੀ ਆਜ਼ਾਦੀ ਦੇ ਦਿਨ ਪੁਗ ਗਏ।"
ਇਲੀਆ ਨੇ ਸਿੱਧੀ ਸੜਕੇ ਘੋੜਾ ਉਡਾ ਲਿਆ ਅਤੇ ਸੀਟੀ ਵਜਾਉਣ ਵਾਲੇ ਡਾਕੂ ਦੇ ਘਰ ਆ ਗਿਆ। ਘਰ ਸੱਤਾਂ ਥੰਮੀਆਂ ਤੇ ਖੜਾ ਸੀ। ਤੇ ਇਸ ਦਾ ਵਿਹੜਾ ਸੱਤ ਵੇਰਸਤ ਲੰਮਾ ਸੀ. ਵਿਹੜੇ ਦੇ ਦੁਆਲੇ ਇਕ ਲੋਹੇ ਦਾ ਜੰਗਲਾ ਸੀ, ਜੰਗਲੇ ਦੀ ਹਰ ਸਲਾਖ਼ ਉਤੇ ਕਤਲ ਕੀਤੇ ਗਏ ਸੂਰਬੀਰ ਦਾ ਸਿਰ ਟੰਗਿਆ ਹੋਇਆ ਸੀ। ਤੇ ਇਸ ਵਿਹੜੇ ਵਿਚ ਚਿੱਟੇ ਪੱਥਰ ਦਾ ਇਕ ਸ਼ਾਨਦਾਰ ਮਹਿਲ ਸੀ ਜਿਸ ਦੀਆਂ ਝਾਲ ਫਿਰੀਆਂ ਪੋਰਚਾਂ ਝਮ ਝਮ ਕਰ ਰਹੀਆਂ ਸਨ।
ਸਾਲਵੇਈ ਦੀ ਧੀ ਨੇ ਸੂਰਬੀਰ ਦਾ ਘੋੜਾ ਵੇਖਿਆ ਤੇ ਉਹ ਆਪਣੀ ਪੂਰੀ ਆਵਾਜ਼ ਨਾਲ ਚਿਲਾਈ :
"ਸਾਡਾ ਬਾਪੂ, ਸਾਲੋਵੇਈ ਰਹਿਮਾਨੋਵਿਚ ਆ ਰਿਹੈ ਤੇ ਉਹਨੇ ਰਕਾਬ ਨਾਲ ਇਕ ਵਹਿਸੀ ਬੰਨ੍ਹਿਆ ਹੋਇਐ।"
ਡਾਕੂ ਦੀ ਪਤਨੀ ਨੇ ਬਾਰੀ ਵਿਚੋਂ ਦੀ ਨਜ਼ਰ ਮਾਰੀ ਤੇ ਉਹ ਬਾਹਵਾਂ ਉਪਰ ਨੂੰ ਉਲਾਰਦੀ ਬੋਲੀ
"ਕੀ ਗੱਲ ਕਰਦੀ ਏ, ਮੂਰਖੇ। ਏਹ ਤਾਂ ਵਹਿਸ਼ੀ ਆਉਂਦੈ ਪਿਐ ਤੇਰੇ ਬਾਪੂ ਨੂੰ ਆਪਣੀ ਰਕਾਬ ਨਾਲ ਬੰਨ੍ਹੀ।"
ਇਹ ਸੁਣਕੇ ਡਾਕੂ ਦੀ ਸਭ ਤੋਂ ਵੱਡੀ ਧੀ ਪੇਲਕਾ, ਭੱਜੀ ਭੱਜੀ ਵਿਹੜੇ ਵਿਚ ਆਈ, ਨੱਬੇ ਪੂਡ ਭਾਰਾ ਲੋਹੇ ਦਾ ਇਕ ਪਟੜਾ ਚੁਕਿਆ ਤੇ ਮੁਰੇਮ ਦੇ ਇਲੀਆ ਵੱਲ ਵਗਾਹ ਮਾਰਿਆ। ਪਰ ਇਲੀਆ ਆਪਣੇ ਬਾਰੇ ਚੌਕਸ ਸੀ। ਉਹਨੇ ਪਟੜੇ ਨੂੰ ਮਜ਼ਬੂਤ ਹੱਥਾਂ ਨਾਲ ਕਾਬੂ ਕਰ ਲਿਆ ਤੇ ਮੋੜਕੇ ਵਗਾਹਤਾ ਮਾਰਿਆ। ਪਟੜਾ ਪੋਲਕਾ ਦੇ ਵੱਜਾ ਤੇ ਉਹ ਡਿਗਦੀ ਹੀ ਦਮ ਤੋੜ ਗਈ।
ਸਾਲਵੇਈ ਦੀ ਵਹੁਟੀ ਨੇ ਇਲੀਆ ਦੇ ਪੈਰ ਫੜ ਲਏ।
"ਵੇ ਨੇਕ ਸੂਰਬੀਰਾ, " ਉਸ ਨੇ ਉਹਦਾ ਤਰਲਾ ਲਿਆ, " ਸਾਡਾ ਸੋਨਾ ਚਾਂਦੀ ਤੇ ਹੀਰੇ ਜਵਾਹਰ ਲੈ ਜਾ, ਜੋ ਕੁਝ ਤੇਰਾ ਘੋੜਾ ਚੁਕ ਸਕਦਾ ਈ ਲੈ ਜਾ, ਪਰ ਮੇਰੇ ਘਰ ਵਾਲੇ ਦੀ ਜਾਨ ਬਖਸ਼ ਦੇ।"