"ਮੈਨੂੰ ਕੋਈ ਦੁਖ ਨਹੀਂ ਮਾਂ, ਦੋਬਰੀਨੀਯਾ ਨੇ ਜਵਾਬ ਦਿੱਤਾ। ' ਤੇ ਨਾ ਮੈਂ ਉਦਾਸ ਆਂ। ਪਰ ਮੇਰਾ ਘਰ ਬੈਠੇ ਦਾ ਜੀਅ ਨਹੀਂ ਲਗਦਾ। ਮੈਂ ਸੋਚਦਾਂ ਕਿ ਮੈਂ ਕੀਵ ਵਿਚ ਰਾਜੇ ਵਲਾਦੀਮੀਰ ਦੇ ਘਰ ਹੀ ਚਲਾ ਜਾਵਾਂ। ਉਹਦੇ ਅਜ ਰਾਤ ਦਾਅਵਤ ਹੋਣ ਵਾਲੀ ਏ।
"ਕੀਵ ਨਾ ਜਾਈਂ ਪੁਤਰਾ ਦੇਬਰੀਨੀਯਾ, " ਉਹਦੀ ਮਾਂ ਨੇ ਕਿਹਾ। " ਰਾਜੇ ਦੇ ਘਰ ਨਾ ਜਾਈਂ। ਮੇਰਾ ਦਿਲ ਕਹਿੰਦੈ ਪਈ ਤੇਰਾ ਜਾਣਾ ਸੁੱਖੀ ਸਾਂਦੀ ਨਹੀਂ ਹੋਣਾ। ਜੇ ਤੇਰਾ ਏਡਾ ਈ ਜੀਅ ਕਰਦੈ ਤਾਂ ਅਸੀਂ ਆਪਣੇ ਘਰ ਦਾਅਵਤ ਕਰ ਲੈਂਦੇ ਆਂ।"
ਪਰ ਦੇਬਰੀਨੀਯਾ ਆਪਣੀ ਮਾਂ ਦੇ ਆਖੇ ਨਾ ਲੱਗਾ ਤੇ ਉਹ ਕੀਵ ਨੂੰ ਤੁਰ ਪਿਆ। ਰਾਜੇ ਵਲਾਦੀਮੀਰ ਦੇ ਘਰ ਨੂੰ।
ਉਹ ਕੀਵ ਪਹੁੰਚਾ ਤੇ ਸਿੱਧਾ ਰਾਜੇ ਦੇ ਮਹਿਲੀ ਚਲਾ ਗਿਆ। ਮੇਜ਼ਾਂ ਉਤੇ ਛੱਤੀ ਪ੍ਰਕਾਰ ਦੇ ਪਦਾਰਥ ਲੱਗੇ ਹੋਏ ਸਨ, ਵੰਨ ਸੁਵੰਨੀਆਂ ਸ਼ਰਾਬਾਂ ਰੱਖੀਆਂ ਹੋਈਆਂ ਸਨ, ਪਰ ਮਹਿਮਾਨ ਸਿਰ ਸੁੱਟੀ ਬੈਠੇ ਸਨ। ਨਾ ਕੋਈ ਕੁਝ ਖਾਂਦਾ ਸੀ ਤੇ ਨਾ ਕੋਈ ਕੁਝ ਪੀਂਦਾ ਸੀ।
ਰਾਜਾ ਕਮਰੇ ਵਿਚ ਸੱਜੇ ਖੱਬੇ ਫਿਰ ਰਿਹਾ ਸੀ ਤੇ ਆਪਣੇ ਮਹਿਮਾਨਾਂ ਨੂੰ ਖਾਣਾ ਖਾਣ ਲਈ ਨਹੀਂ ਸੀ ਆਖਦਾ। ਉਹਦੀ ਵਹੁਟੀ, ਮਲਕਾ, ਮੂੰਹ ਤੇ ਪੱਲਾ ਲਈ ਬੈਠੀ ਸੀ ਤੇ ਉਹ ਬੈਠੇ ਲੋਕਾਂ ਵੱਲ ਵੇਖਦੀ ਤੱਕ ਨਹੀਂ ਸੀ।
ਕੁਝ ਚਿਰ ਮਗਰੋਂ ਰਾਜਾ ਵਲਾਦੀਮੀਰ ਬੋਲਿਆ ਤੇ ਉਸ ਆਖਿਆ:
"ਮੇਰੇ ਪਿਆਰੇ ਮਹਿਮਾਨੇ, ਅਸੀਂ ਦਾਅਵਤਾਂ ਨਹੀਂ ਉਡਾ ਸਕਦੇ, ਏਸ ਗੱਲ ਦਾ ਮੈਨੂੰ ਪਤਾ ਏ। ਮੇਰੀ ਵਹੁਟੀ, ਮਲਕਾ ਦਾ ਦਿਲ ਬਹੁਤ ਪ੍ਰੇਸ਼ਾਨ ਏ ਤੇ ਮੇਰਾ ਵੀ ਘਟ ਦੁਖੀ ਨਹੀਂ । ਚਮੇਈ ਗੋਰੀਨਿਚ, ਉਹਨੂੰ ਰੱਬ ਦੀ ਮਾਰ ਪਵੇ, ਸਾਡੀ ਪਿਆਰੀ ਭਣੇਵੀ ਪੂਤੀਆਤਾ ਦੀ ਧੀ, ਮੁਟਿਆਰ ਜਾਬਾਵਾ ਨੂੰ ਚੁੱਕ ਕੇ ਲੈ ਗਿਐ। ਤੁਹਾਡੇ ਵਿਚੋ ਕੋਈ ਹੈ ਜਿਹੜਾ ਸੋਰੋਚਿਨਸਕ ਪਹਾੜਾਂ ਨੂੰ ਜਾਵੇ, ਸ਼ਹਿਜ਼ਾਦੀ ਨੂੰ ਲਭੇ ਤੇ ਉਹਨੂੰ ਆਜ਼ਾਦ ਕਰਵਾਏ ?"
ਪਰ ਕੋਈ ਨਹੀਂ ਬੋਲਿਆ ! ਮਹਿਮਾਨ ਇਕ ਦੂਜੇ ਦੇ ਪਿਛੇ ਮੂੰਹ ਲੁਕਾਉਣ ਲੱਗੇ। ਲੰਮਿਆਂ ਨੇ ਮੱਝਲਿਆਂ ਪਿਛੇ ਤੇ ਮੱਝਲਿਆਂ ਨੇ ਨਢਿਆਂ ਪਿਛੇ ਹੋਕੇ ਮੂੰਹ ਬੰਦ ਕਰ ਰੱਖੇ ਤੇ ਪੱਥਰ ਬਣੇ ਬੈਠੇ ਰਹੇ।
ਅਚਨਚੇਤ ਨੌਜਵਾਨ ਸੂਰਬੀਰ, ਅਲੀਓਸ਼ਾ ਪਾਪੋਵਿਚ, ਖੜਾ ਹੋਇਆ ਤੇ ਬੋਲਿਆ :
"ਮੇਰੀ ਗੱਲ ਸੁਣੇ, ਮਹਾਰਾਜ ਉਜਲੇ ਸੂਰਜ। ਕੱਲ ਮੈਂ ਬਾਹਰ ਗਿਆ ਸਾਂ ਤੇ ਮੈਂ ਕੋਮਲ ਚਿੱਤ ਦੋਬਰੀਨੀਯਾ ਨੂੰ ਪਚਾਈ ਦਰਿਆ ਤੇ ਵੇਖਿਆ ਸੀ । ਉਹ ਤੇ ਜਮੇਈ ਗੋਰੀਨਿਚ ਘਿਓ ਖਿਚੜੀ ਹੋਏ ਹੋਏ ਸਨ ਤੇ ਉਹ ਉਸ ਨੂੰ ਆਪਣਾ ਪਿਆਰਾ ਭਰਾ ਕਹਿੰਦਾ ਸੀ। ਦੇਬਰੀਨੀਯਾ ਨੂੰ ਅਜਗਰ ਦੀ ਗੁਫਾ ਵਿਚ ਭੇਜੋ ਤੇ ਉਹ ਤੁਹਾਡੀ ਪਿਆਰੀ ਭਣੇਵੀਂ ਨੂੰ ਛੁਡਾ ਲਿਆਵੇਗਾ। ਕੋਈ ਸ਼ਕ ਨਹੀਂ ਕਿ ਜਮੇਈ ਗੋਰੀਨਿਚ ਆਪਣੇ ਭਰਾ ਨਾਲ ਲੜਾਈ ਕੀਤੇ ਬਿਨਾਂ ਹੀ ਉਸ ਨੂੰ ਛੱਡ ਦੇਵੇਗਾ।"