

ਵੀ ਕਿਧਰੇ ਨਜ਼ਰ ਨਹੀਂ ਸੀ ਆਉਂਦਾ। ਉਂਜ ਉਹਨਾਂ ਨੂੰ ਸੀਟੀਆਂ ਸੁਣਦੀਆਂ ਸਨ ਤੇ ਲਕੜ ਦੇ ਹਲ ਦੀ ਚੀਂ ਚੀਂ ਤੇ ਫਾਲੇ ਦੀ ਰਗੜ ਦੀ ਆਵਾਜ਼ ਸੁਣਦੀ ਸੀ।
ਤੀਜਾ ਦਿਨ ਵੀ ਮੁਕ ਗਿਆ ਤੇ ਅਖੀਰ ਵੋਲਗਾ ਤੇ ਉਹਦੇ ਬੰਦਿਆਂ ਨੂੰ ਹਾਲੀ ਵਿਖਾਈ ਦਿੱਤਾ। ਉਹ ਖੇਤ ਵਾਹ ਰਿਹਾ ਸੀ ਤੇ ਆਪਣੀ ਘੋੜੀ ਨੂੰ ਪੁਚਕਾਰ ਰਿਹਾ ਸੀ। ਜਿਹੜੇ ਸਿਆੜ ਉਸ ਕਢੇ ਸਨ ਉਹ ਖਾਈਆਂ ਜਿੱਨੇ ਡੂੰਘੇ ਸਨ। ਉਸ ਨੇ ਹੱਥ ਦੇ ਇਕ ਮਰੋੜੇ ਨਾਲ ਵੱਡੇ ਵੱਡੇ ਸ਼ੀਸ਼ਮ ਜੜ੍ਹੇ ਪੁਟਕੇ ਰਖ ਦਿਤੇ ਤੇ ਚਟਾਨਾਂ ਤੇ ਵੱਡੇ ਵਡੇ ਪੱਥਰਾਂ ਨੂੰ ਚੁਕ ਕੇ ਪਾਸੇ ਰਖ ਦਿੱਤਾ ਜਿਵੇਂ ਢੀਮਾਂ ਰੇੜੇ ਹੋਣ। ਜਦੋ ਉਹ ਕੰਮ ਕਰਦਾ ਸੀ ਤਾਂ ਉਹਦੇ ਕੁੰਡਲਾਂ ਵਾਲੇ ਵਾਲ ਹਵਾ ਵਿਚ ਲਹਿਰਦੇ ਸਨ ਤੇ ਉਹਦੇ ਮੋਢਿਆਂ ਉਤੇ ਰੇਸ਼ਮ ਵਾਂਗ ਤਿਲਕ ਤਿਲਕ ਪੈਂਦੇ ਸਨ।
ਹਾਲੀ ਦੀ ਘੋੜੀ ਬਹੁਤ ਸਾਧਾਰਨ ਸੀ ਤੇ ਉਹਦਾ ਹੱਲ ਮੈਪਲ ਦਾ ਬਣਿਆ ਹੋਇਆ ਸੀ ਤੇ ਉਹਦੇ ਰੱਸੇ ਸਿਲਕੀ ਸਨ। ਵੇਲਗਾ ਉਹਨੂੰ ਵੇਖਕੇ ਦੰਗ ਰਹਿ ਗਿਆ ਤੇ ਉਹਨੇ ਝੁਕ ਕੇ ਉਹਨੂੰ ਸਲਾਮ ਕੀਤਾ ਤੇ ਆਖਿਆ:
"ਸਲਾਮ ਆਂ, ਸਾਊ ਤੇ ਦਿਆਨਤਦਾਰ ਹਾਲੀਆ ।"
"ਜੀ ਆਏ ਨੂੰ, ਵੋਲਗਾ ਵਸੇਸਲਾਵੀਏਵਿਚ। ਕਿਧਰ ਨੂੰ ਕਮਰ-ਕੱਸੇ ਕੀਤੇ ਨੇ ?"
''ਮੈਂ ਗੁਰਚੇਵੇਤਸ ਤੇ ਓਰੇਖੋਵੇਤਸ ਸ਼ਹਿਰਾਂ ਨੂੰ ਚਲਿਆਂ ਵਪਾਰੀ ਲੋਕਾਂ ਕੋਲੋਂ ਟੈਕਸ ਉਗਰਾਹੁਣ ।"
"ਵਾਹ, ਵੇਲਗਾ ਵਸੇਸਲਾਵੀਏਵਿਚ, ਏਹਨਾਂ ਸ਼ਹਿਰਾਂ ਦੇ ਵਪਾਰੀ ਤਾਂ ਸਭ ਲੁਟੇਰੇ ਨੇ। ਏਹ ਗਰੀਬ ਹਾਲੀ ਦੀ ਖੱਲ ਲਾਹੁੰਦੇ ਈ ਤੇ ਸੜਕ ਉਤੇ ਤੁਰਨ ਦਾ ਬੇਰਹਿਮੀ ਨਾਲ ਟੈਕਸ ਲੈਂਦੇ ਈ। ਇਕ ਵਾਰ ਮੈਂ ਗਿਆ ਸਾਂ ਓਧਰ ਲੂਣ ਲੈਣ ਤੇ ਮੈਂ ਤਿੰਨ ਬੋਰੀਆਂ ਖਰੀਦ ਲਈਆਂ, ਸੋ ਸੇ ਪੂਛ ਭਾਰੀਆਂ, ਤੇ ਉਹਨਾਂ ਨੂੰ ਮੈਂ ਆਪਣੀ ਸਲੇਟੀ ਘੋੜੀ ਤੇ ਲੱਦ ਲਿਆ ਤੇ ਘਰ ਨੂੰ ਤੁਰ ਪਿਆ। ਪਰ ਵਪਾਰੀਆਂ ਨੇ ਮੈਨੂੰ ਘੇਰਾ ਪਾ ਲਿਆ ਤੇ ਆਪਣੀ ਚੁੰਗੀ ਮੰਗਣ ਲਗੇ । ਜਿੰਨਾ ਪੈਸਾ ਮੈਂ ਉਹਨਾਂ ਨੂੰ ਦੋਵਾਂ, ਓਹ ਓਨਾ ਹੀ ਹੋਰ ਮੰਗੀ ਜਾਣ। ਮੈਂ ਬੜਾ ਤੰਗ ਆ ਗਿਆ ਤੇ ਮੈਨੂੰ ਬੜਾ ਰੋਹ ਚੜਿਆ ਤੇ ਮੈਂ ਆਪਣੀ ਰੇਸ਼ਮੀ ਚਾਬਕ ਨਾਲ ਉਹਨਾਂ ਦੀਆਂ ਝੋਲੀਆਂ ਭਰੀਆਂ। ਬਸ ਜਿਹੜਾ ਉਹਨਾਂ ਵਿਚ ਖਲੋਤਾ ਸੀ ਉਹ ਬਹਿ ਗਿਆ। ਤੇ ਜਿਹੜਾ ਬੈਠਾ ਹੋਇਆ ਸੀ ਉਹ ਲੰਮਾ ਪੈ ਗਿਆ ।
ਵੋਲਗਾ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਤੇ ਉਹਨੇ ਹਾਲੀ ਨੂੰ ਝੁਕ ਕੇ ਸਲਾਮ ਕੀਤਾ ਤੇ ਆਖਿਆ :
"ਮੇਰਾ ਤਰਲਾ ਈ, ਬੀਬਿਆ ਹਾਲੀਆ, ਤੂੰ ਅਸਲੀ ਸੂਰਬੀਰ ਏ, ਆ ਮੇਰੇ ਨਾਲ ਤੇ ਮੇਰਾ ਸਾਥੀ ਬਣ।"
"ਮੈਂ ਚਲਦਾਂ, ਵੋਲਗਾ ਵਸੇਸਲਾਵੀਏਵਿਚ ਵਪਾਰੀਆਂ ਨੂੰ ਸਬਕ ਮਿਲਣਾ ਚਾਹੀਦੇ ਕਿ ਉਹ ਕਿਸਾਨਾਂ ਨਾਲ ਮਾੜਾ ਨਾ ਵਰਤਣ।"