

ਉਹ ਜਾਰ ਕੋਲ ਗਿਆ ਤੇ ਉਹਨੂੰ ਆਪਣੀ ਧੀ ਦੀ ਇੱਛਾ ਦਸੀ। ਫੇਰ ਜਾਰ ਨੇ ਉਸ ਨੂੰ ਡੇੜ ਸੌ ਆਂਡੇ ਦਿੱਤੇ ਤੇ ਆਖਿਆ:
"ਇਹ ਆਂਡੇ ਆਪਣੀ ਧੀ ਨੂੰ ਦੇ ਤੇ ਉਹਨੂੰ ਆਖ ਭਲਕ ਸਵੇਰ ਤੱਕ ਇਹਨਾਂ ਵਿਚੋਂ ਮੈਨੂੰ ਡੰੜ ਸੌ ਚੂਚੇ ਕਢਵਾ ਦੇਵੇ।"
ਉਹ ਵਿਚਾਰਾ ਹੋਰ ਵੀ ਉਦਾਸ ਤੇ ਹੋਰ ਵੀ ਨਿਰਾਸ਼ ਹੋਇਆ ਘਰ ਨੂੰ ਮੁੜਿਆ।
ਓਹ ਮੇਰੀਏ ਧੀਏ, ਇਕ ਬਿਪਤਾ ਮੁਕਦੀ ਏ ਦੂਜੀ ਉਠ ਖੜੀ ਹੁੰਦੀ ਏ।" ਤੇ ਉਹਨੇ ਸਾਰੀ ਗੱਲ ਧੀ ਨੂੰ ਦਸੀ।
"ਤੂੰ ਰਤੀ ਫਿਕਰ ਨਾ ਕਰ, ਬਾਪੂ, " ਸਤ-ਵਰ੍ਹਿਆਂ-ਦੀ ਨੇ ਆਖਿਆ।
ਉਹਨੇ ਸਾਰੇ ਆਂਡੇ ਪਕਾ ਲਏ ਅਤੇ ਆਪਣੇ ਖਾਣ ਵਾਸਤੇ ਸਾਂਭ ਲਏ। ਇਸ ਪਿਛੋਂ ਉਹਨੇ ਆਪਣੇ ਪਿਓ ਨੂੰ ਫੇਰ ਜ਼ਾਰ ਕੋਲ ਭੇਜਿਆ।
ਉਹਨੂੰ ਆਖ ਕਿ ਚੂਚਿਆਂ ਨੂੰ ਖਾਣ ਵਾਸਤੇ ਇਕ ਦਿਨ ਦਾ ਬਾਜਰਾ ਚਾਹੀਦੈ। ਇਕੋ ਦਿਨ ਵਿੱਚ ਹੀ ਖੇਤ ਵਿੱਚ ਹਲ ਵਾਹਿਆ ਜਾਏ, ਬਾਜਰਾ ਬੀਜਿਆ ਜਾਏ. ਵਢਿਆ ਤੇ ਗਾਹਿਆ ਜਾਏ। ਨਹੀਂ ਤਾਂ ਚੂਚੇ ਇਸ ਨੂੰ ਚੁੰਝ ਵੀ ਨਹੀਂ ਮਾਰਨਗੇ।"
ਜ਼ਾਰ ਨੇ ਉਸ ਦੀ ਗੱਲ ਸੁਣੀ ਤੇ ਉਹਨੂੰ ਆਖਿਆ:
"ਜੇ ਤੇਰੀ ਧੀ ਏਡੀ ਸਿਆਣੀ ਏ, ਤਾਂ ਉਹਨੂੰ ਆਖ ਭਲਕੇ ਸਵੇਰੇ ਆਪ ਏਥੇ ਪਹੁੰਚੇ - ਨਾ ਨੰਗੀ, ਨਾ ਕੱਜੀ ਹੋਈ, ਨਾ ਪੈਦਲ, ਨਾ ਘੋੜੇ ਤੇ, ਨਾ ਸੁਗਾਤ ਲੈਕੇ, ਨਾ ਤੁਹਫੇ ਤੋਂ ਬਿਨਾਂ।"
"ਹੱਛਾ, " ਗਰੀਬ ਆਦਮੀ ਨੇ ਸੋਚਿਆ, "ਮੇਰੀ ਧੀ ਏਡੀ ਚਲਾਕ ਨਹੀਂ ਕਿ ਇਹ ਕੰਮ ਕਰ ਸਕੇ। ਸਭ ਕੀਤਾ ਕਰਾਇਆ ਖੂਹ ਵਿਚ ਪੈ ਗਿਆ। "
ਪਰ ਸਤ-ਵਰ੍ਹਿਆਂ-ਦੀ ਨੇ ਆਖਿਆ:
"ਗ਼ਮ ਨਾ ਲਾ, ਬਾਪੂ। ਸ਼ਿਕਾਰੀਆਂ ਕੋਲ ਜਾ ਤੇ ਮੈਨੂੰ ਇਕ ਜਿਊਂਦਾ ਖਰਗੋਸ਼ ਤੇ ਇਕ ਜਿਉਂਦਾ ਬਟੇਰਾ ਲਿਆ ਦੇ ਖਰੀਦ ਕੇ।"
ਉਹ ਗਿਆ ਤੇ ਇਕ ਖਰਗੋਸ਼ ਤੇ ਬਟੇਰਾ ਖਰੀਦ ਲਿਆਇਆ।
ਅਗਲੀ ਸਵੇਰ ਤੜਕੇ ਹੀ ਸਤ-ਵਰ੍ਹਿਆਂ-ਦੀ ਨੇ ਆਪਣੇ ਸਾਰੇ ਕਪੜੇ ਲਾਹ ਦਿੱਤੇ. ਮੱਛੀਆਂ ਫੜਨ ਵਾਲਾ ਜਾਲ ਉਤੇ ਕਰ ਲਿਆ, ਹੱਥਾਂ ਵਿਚ ਬਟੇਰਾ ਫੜ ਲਿਆ। ਖਰਗੋਸ਼ ਉਤੇ ਬੈਠੀ, ਤੇ ਮਹਿਲ ਨੂੰ ਤੁਰ ਪਈ।
ਜਾਰ ਉਸ ਨੂੰ ਮਹਿਲ ਦੇ ਫਾਟਕ ਤੇ ਮਿਲਿਆ ਅਤੇ ਉਹਨੇ ਝੁਕ ਕੇ ਸਲਾਮ ਕੀਤਾ ਤੇ ਆਖਿਆ:
ਆਹ ਤੇਰੇ ਲਈ ਸੁਗਾਤ ਏ, ਮਹਾਰਾਜ, ਅਤੇ ਉਹਨੇ ਬਟੇਰਾ ਉਹਦੇ ਵੱਲ ਵਧਾਇਆ। ਤੇ ਜਾਰ ਅਜੇ ਉਹਨੂੰ ਫੜਨ ਹੀ ਲਗਾ ਸੀ ਕਿ—ਫੁਰ—ਉਹ ਉਡ ਗਿਆ।