

"ਵਿਚਾਰੇ ਲੂਲ੍ਹੇ ਲੱਗੜੇ ਗਰੀਬ ਨੂੰ ਕੁਝ ਖਾਣ ਨੂੰ ਦੋ, ਫੌਜੀਆ ?"
ਫੌਜੀ ਨੇ ਆਪਣਾ ਆਖਰੀ ਟੁਕੜਾ ਕਢਿਆ ਤੇ ਇਹ ਸੋਚਦਿਆਂ ਬੁਢੇ ਮੰਗਤੇ ਨੂੰ ਫੜਾ ਦਿੱਤਾ :
"ਮੈ ਕਰ ਲਉਂ ਗੁਜ਼ਾਰਾ ਕਿਸੇ ਤਰ੍ਹਾਂ। ਫੌਜੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਢਿਡ ਭਰ ਸਕਦੈ। ਪਰ ਇਹ ਕੀ ਕਰ ਸਕਦਾ ਏ- ਵਿਚਾਰਾ ਲਾਚਾਰ ਲੂਲ੍ਹਾ ਲੰਗੜਾ ?"
ਸੋ ਉਹਨੇ ਆਪਣੇ ਪਾਈਪ ਵਿਚ ਤਮਾਕੂ ਪਾਇਆ, ਇਸ ਨੂੰ ਅੱਗ ਦਿੱਤੀ ਤੇ ਅਗਾਂਹ ਤੁਰ ਪਿਆ। ਆਪਣੇ ਪਾਈਪ ਦੇ ਸੂਟੇ ਲਾਉਂਦਾ ਉਹ ਤੁਰਦਾ ਗਿਆ।
ਉਹ ਤੁਰਦਾ ਗਿਆ, ਤੁਰਦਾ ਗਿਆ ਤੇ ਅਖੀਰ ਉਹ ਸੜਕ ਦੇ ਇਕ ਪਾਸੇ ਇਕ ਝੀਲ ਤੇ ਆ ਗਿਆ। ਕੰਢੇ ਦੇ ਨੇੜੇ ਹੀ ਜੰਗਲੀ ਹੰਸ ਤਰ ਰਹੇ ਸਨ। ਫੌਜੀ ਹੌਲੀ ਹੌਲੀ ਘਿਸਰਦਾ ਕੰਢੇ ਦੇ ਲਾਗੇ ਪਹੁੰਚ ਗਿਆ ਸ਼ਹਿ ਲਾਕੇ ਬਹਿ ਗਿਆ, ਤੋ ਉਹਨੇ ਤਿੰਨ ਹੰਸ ਮਾਰ ਲਏ।
"ਹੁਣ ਮੇਰੇ ਕੋਲ ਖਾਣ ਨੂੰ ਬਥੇਰਾ ਕੁਝ ਏ!"
ਉਹ ਸੜਕੇ ਪੈ ਗਿਆ ਤੇ ਥੋੜੇ ਚਿਰ ਵਿਚ ਹੀ ਇਕ ਸ਼ਹਿਰ ਵਿਚ ਆਣ ਪਹੁੰਚਾ। ਉਹਨੇ ਇਕ ਸਰਾਂ ਲਭੀ, ਤਿੰਨ ਹੰਸ ਸਰਾਂ ਵਾਲੇ ਨੂੰ ਫੜਾਏ, ਤੇ ਆਖਿਆ:
"ਆਹ ਫੜ ਤਿੰਨ ਹੰਸ। ਇਕ ਮੇਰੇ ਵਾਸਤੇ ਭੁੰਨ ਦੇ ਦੂਜਾ ਆਪਣੇ ਵੇਲੇ ਕੁਵੇਲੇ ਲਈ ਰਖ ਲੈ. ਤੇ ਤੀਜੇ ਦੇ ਬਦਲੇ ਮੈਨੂੰ ਥੋੜੀ ਸ਼ਰਾਬ ਦੇ ਦੇ।
ਜਿੰਨੇ ਚਿਰ ਨੂੰ ਫੌਜੀ ਨੇ ਆਪਣਾ ਪਿਠੂ ਲਾਹ ਕੇ ਰਖਿਆ ਤੇ ਰਤਾ ਕੁ ਆਪਣੇ ਆਪ ਨੂੰ ਸਸਤਾਇਆ, ਓਨੇ ਚਿਰ ਵਿਚ ਖਾਣਾ ਤਿਆਰ ਹੋ ਗਿਆ।
ਭੁੰਨਿਆ ਹਇਆ ਇਕ ਹੰਸ ਪਰੋਸ ਦਿੱਤਾ ਗਿਆ ਤੇ ਨਾਲ ਹੀ ਸ਼ਰਾਬ ਦੀ ਇਕ ਬੋਤਲ ਰਖ ਦਿੱਤੀ ਗਈ। ਫੌਜੀ ਰੋਟੀ ਖਾਣ ਲਗਾ- ਪਹਿਲਾਂ ਇਕ ਘੁਟ ਸ਼ਰਾਬ ਤੇ ਫੇਰ ਇਕ ਬੁਰਕੀ ਭੁੰਨੇ ਹੋਏ ਹੰਸ ਦੀ। ਸਵਾਦ ਆ ਗਿਆ!
ਉਹਨੇ ਬੜੇ ਆਰਾਮ ਨਾਲ ਰੋਟੀ ਖਾਧੀ। ਔਹ ਸੜਕ ਦੇ ਪਾਰ ਨਵੀਂ ਹਵੇਲੀ ਕੀਹਦੀ ਏ ?" ਉਹਨੇ ਸਰਾਂ ਵਾਲੇ ਨੂੰ ਪੁਛਿਆ।
"ਸ਼ਹਿਰ ਦੇ ਸਭ ਤੋਂ ਅਮੀਰ ਵਪਾਰੀ ਨੇ ਆਪਣੇ ਵਾਸਤੇ ਬਣਵਾਈ ਸੀ, ਪਰ ਇਹਦੇ ਵਿਚ ਵਸ ਨਾ ਸਕਿਆ, ਜਿਵੇਂ ਉਹ ਚਾਹੁੰਦਾ ਸੀ, " ਸਰਾਂ ਵਾਲੇ ਨੇ ਜਵਾਬ ਦਿੱਤਾ।
"ਉਹ ਕਿਉਂ ?"
"ਇਸ ਥਾਂ ਬਦਰੂਹਾਂ ਰਹਿੰਦੀਆਂ ਨੇ। ਇਹ ਥਾਂ ਭੂਤਾਂ ਪ੍ਰੇਤਾਂ ਨਾਲ ਭਰੀ ਹੋਈ ਏ-ਰਾਤ ਵੇਲੇ ਉਹ ਚੀਕਾਂ ਮਾਰਦੇ ਤੇ ਨਚਦੇ ਨੇ ਤੇ ਭਿਆਨਕ ਰੌਲਾ ਪਾਉਂਦੇ ਨੇ। ਹਨੇਰਾ ਹੋਏ ਪਿਛੇ ਲੋਕ ਇਹਦੇ ਨੇੜੇ ਜਾਣ ਤੋਂ ਡਰਦੇ ਨੇ।"
ਫੌਜੀ ਨੇ ਸਰਾਂ ਵਾਲੇ ਨੂੰ ਪੁਛਿਆ ਕਿ ਵਪਾਰੀ ਉਹਨੂੰ ਕਿੱਥੇ ਮਿਲ ਸਕਦੈ।