

ਫੌਜੀ ਨੇ ਆਪਣੇ ਪਿਠੂ ਵਿਚੋ ਗੋਗਲੂ ਕਢਿਆ।
"ਵੇਖੋ, ਮੇਰਾ ਪੱਥਰ ਤੁਹਾਡੇ ਪੱਥਰ ਨਾਲੋਂ ਵੱਡਾ ਜੇ।"
ਤੇ ਉਹਨੇ ਗੋਗਲੂ ਨੂੰ ਨਪਿਆ ਘੁੱਟਿਆ ਤੇ ਉਹਦੇ ਵਿਚੋਂ ਪਾਣੀ ਕੱਢ ਦਿੱਤਾ।
"ਵੇਖੋ ਐਧਰ !"
ਭੂਤ ਪ੍ਰੇਤ ਹੈਰਾਨ ਪ੍ਰੇਸ਼ਾਨ ਖੜੇ ਸਨ। ਜਦੋਂ ਉਹ ਬੋਲਣ ਜੋਗੇ ਹੋਏ ਤਾਂ ਉਹਨਾਂ ਪੁਛਿਆ:
"ਇਹ ਕੀ ਖਾਈ ਜਾ ਰਿਹੈ ਤੂੰ ?"
"ਬਦਾਮ !" ਫੌਜੀ ਨੇ ਆਖਿਆ। " ਪਰ ਤੁਹਾਡੇ ਵਿਚੋਂ ਕੋਈ ਵੀ ਮੇਰੇ ਬਦਾਮ ਨਹੀਂ ਤੋੜ ਸਕਦਾ।"
ਅਤੇ ਉਹਨੇ ਸਰਦਾਰ ਭੂਤ ਨੂੰ ਇਕ ਗੋਲੀ ਫੜਾ ਦਿੱਤੀ।
"ਲੈ, ਵੇਖ ਫੌਜੀ ਦਾ ਬਦਾਮ ਤੋੜ ਕੇ।"
ਭੂਤ ਨੇ ਗੋਲੀ ਮੂੰਹ ਵਿਚ ਸੁਟ ਲਈ। ਉਹਨੇ ਇਸ ਨੂੰ ਦੰਦਾਂ ਹੇਠ ਚਿਥਿਆ ਤੇ ਉਹ ਪੱਧਰੀ ਹੋ ਗਈ, ਪਰ ਉਹ ਇਸ ਨੂੰ ਤੋੜ ਨਾ ਸਕਿਆ। ਤੇ ਫੌਜੀ ਆਪਣੇ ਬਦਾਮ ਇਕ ਇਕ ਕਰਕੇ ਮੂੰਹ ਵਿਚ ਸੁੱਟੀ ਗਿਆ ਤੇ ਤੋੜ ਤੋੜ ਖਾਈ ਗਿਆ।
ਭੂਤ ਬੜੇ ਸ਼ਰਮਿੰਦੇ ਹੋਏ। ਉਹ ਬੇਚੈਨ ਜਿਹੇ ਡਾਵਾਂਡੋਲ ਖੜੇ ਫੌਜੀ ਵੱਲ ਵੇਖੀ ਗਏ।
"ਮੈ ਸੁਣਿਐ ਤੁਸੀਂ ਝਾਂਸੇ ਦੇਣ ਵਿਚ ਬੜੇ ਉਸਤਾਦ ਜੇ, " ਫੌਜੀ ਨੇ ਆਖਿਆ । " ਤੁਸੀਂ ਨਿੱਕੇ ਤੋਂ ਵੱਡੇ ਬਣ ਜਾਂਦੇ ਓ ਤੇ ਵੱਡੇ ਤੋਂ ਨਿੱਕੇ ਬਣ ਜਾਂਦੇ ਓ, ਤੇ ਮਹੀਨ ਜਿਹੀਆਂ ਦਰਾੜਾਂ ਝੀਥਾਂ ਵਿਚੋਂ ਲੰਘ ਜਾਂਦੇ ਓ।"
"ਹਾਂ, ਅਸੀਂ ਇਸ ਤਰ੍ਹਾਂ ਕਰ ਸਕਦੇ ਆਂ!" ਭੂਤਾਂ ਨੇ ਆਖਿਆ।
"ਵੇਖਾਂ ਤਾਂ ਸਹੀ ਭਲਾ ਤੁਸੀਂ ਮੇਰੇ ਪਿਠੂ ਵਿੱਚ ਘੁਸੜ ਸਕਦੇ ਓ, ਸਾਰੇ ਦੇ ਸਾਰੇ।" ਭੂਤ ਡਾਢੀ ਕਾਹਲੀ ਵਿਚ ਇਕ ਦੂਜੇ ਨਾਲ ਧੱਕਾ ਮੁੱਕੀ ਕਰਦੇ ਹੋਏ, ਪਿਠੂ ਵਿਚ ਵੜਨ ਦੀ ਖਿਚੋਤਾਣ ਕਰਨ ਲੱਗੇ। ਮਿੰਟ ਵੀ ਨਹੀਂ ਲੱਗਾ ਕਿ ਸਾਰਾ ਮਕਾਨ ਖਾਲੀ ਹੋ ਗਿਆ। ਸਾਰੇ ਭੂਤ ਪ੍ਰੇਤ ਪਿਠੂ ਵਿਚ ਸਮੇਟੇ ਗਏ ਸਨ।
ਫੌਜੀ ਨੇ ਪਿਠੂ ਬੰਦ ਕੀਤਾ, ਇਹਨੂੰ ਆਰ ਪਾਰ ਪੇਟੀਆਂ ਪਾਈਆਂ, ਉਹਨਾਂ ਨੂੰ ਘੁਟਿਆ ਕੋਸਿਆ ਤੇ ਬਕਸੂਏ ਬੰਦ ਕਰ ਦਿੱਤੇ।
“ਹੁਣ ਮੈਂ ਇਕ ਠੇਕਾ ਲਾ ਸਕਦਾ। " ਉਹਨੇ ਆਪਣੇ ਆਪ ਨੂੰ ਆਖਿਆ।
ਉਹ ਫੌਜੀਆਂ ਵਾਂਗ ਲੰਮਾ ਪੈ ਗਿਆ। ਉਹਦਾ ਵੱਡਾ ਕੋਟ ਹੀ ਉਹਦਾ ਹੇਠਲਾ ਉਤਲਾ ਬਿਸਤਰਾ ਸੀ ਤੇ ਕੁਝ ਚਿਰ ਮਗਰੋਂ ਉਹ ਸੁਤਾ ਪਿਆ ਸੀ।
ਅਗਲੀ ਸਵੇਰ ਵਪਾਰੀ ਨੇ ਆਪਣੇ ਕਰਿੰਦੇ ਭੇਜੇ।